ਗਊਸ਼ਾਲਾ ਦੇ ਬਾਹਰੋਂ ਕੂੜੇ ਦੇ ਡੰਪ ਨੂੰ ਹਟਾਉਣ ਲਈ ਕੀਤਾ ਪ੍ਰਦਰਸ਼ਨ
ਅਨੂ ਸ਼ਰਮਾ ਨੇ ਸਥਾਨਕ ਵਸਨੀਕਾਂ ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਪ੍ਰਗਟ ਕੀਤੇ।
Publish Date: Mon, 22 Jun 2026 06:58 PM (IST)
Updated Date: Mon, 22 Jun 2026 07:00 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਮਾਜਿਕ ਸੰਗਠਨ ਲਾਈਟ ਫਾਰ ਲਾਈਵਜ਼ ਦੀ ਪ੍ਰਧਾਨ ਤੇ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਰਾਸ਼ਟਰੀ ਉਪ ਪ੍ਰਧਾਨ ਅਨੂ ਸ਼ਰਮਾ, ਜੋ ਕਿ 2018 ਤੋਂ ਫਗਵਾੜਾ ਦੇ ਮੇਹਲੀ ਗੇਟ ਖੇਤਰ ਵਿਚ ਅਰੋੜਿਆਂ ਤਲਾਬ, ਵਰਿੰਦਰ ਪਾਰਕ ਦੇ ਨੇੜੇ ਸਥਿਤ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਬਾਹਰ ਕੂੜੇ ਦੇ ਡੰਪ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਨੂੰ ਜਦੋਂ ਪਤਾ ਲੱਗਾ ਕਿ ਸਥਾਨਕ ਵਸਨੀਕ ਅੱਜ ਵਿਰੋਧ ਪ੍ਰਦਰਸ਼ਨ ਕਰਨਗੇ ਤਾਂ ਉਹ ਵੀ ਮੌਕੇ ਤੇ ਪਹੁੰਚੀ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਅੱਠ ਸਾਲਾਂ ਤੋਂ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਲਗਾਤਾਰ ਪ੍ਰਸ਼ਾਸਨ ਅੱਗੇ ਆਪਣੀ ਆਵਾਜ਼ ਉਠਾਉਂਦੀ ਰਹੀ ਹੈ, ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਸਥਾਈ ਹੱਲ ਨਹੀਂ ਨਿਕਲਿਆ ਹੈ। ਉਨ੍ਹਾਂ ਨੇ ਕੂੜੇ ਦੇ ਡੰਪ ਨੂੰ ਤੁਰੰਤ ਹਟਾਉਣ ਦੀ ਮੰਗ ਕਰਦੇ ਹੋਏ ਨਗਰਪਾਲਿਕਾ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਤੇ ਜ਼ੁਬਾਨੀ ਸ਼ਿਕਾਇਤਾਂ ਦਿੱਤੀਆਂ ਹਨ, ਪਰ ਨਗਰਪਾਲਿਕਾ ਪ੍ਰਸ਼ਾਸਨ ਕੋਈ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿਚ ਅਸਫਲ ਰਿਹਾ ਹੈ। ਇਸ ਨਾਲ ਸਥਾਨਕ ਨਿਵਾਸੀਆਂ ਤੇ ਗਊ ਭਗਤਾਂ ਵਿਚ ਗੁੱਸਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਨੇੜੇ ਹੀ ਇਕ ਮੰਦਿਰ, ਸ਼ਿਵ ਜੀ ਦੀ ਵੱਡੀ ਮੂਰਤੀ, ਇਕ ਪਾਰਕ, ਇਕ ਗਊਸ਼ਾਲਾ ਤੇ ਗੁਰਦੁਆਰਾ ਸਾਹਿਬ ਜੀ ਵੀ ਹਨ। ਇਸ ਲਈ ਉਹ ਅੱਜ ਇਸ ਮੁੱਦੇ ਨੂੰ ਹੱਲ ਕਰਨ ਲਈ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਫਾਲੋ ਨਹੀਂ ਕਰਦੀ, ਭਾਵੇਂ ਉਹ ਉਨ੍ਹਾਂ ਦੇ ਨਾਲ ਹੋਵੇ ਜਾਂ ਨਾ ਤੇ ਹਰ ਧਿਰ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਨੇ ਬਸ ਇਹ ਕਿਹਾ ਕਿ ਇਸ ਪੂਰੇ ਡੰਪ ਨੂੰ ਕਿਸੇ ਵੀ ਕੀਮਤ ਤੇ ਹਟਾ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਗਊਸ਼ਾਲਾ ਵਿਚ ਗਊਆਂ ਦੀ ਸੇਵਾ ਕਰਨ ਜਾਂ ਗੁਰੂ ਘਰ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਨੂੰ ਇਸ ਡੰਪ ਕਾਰਨ ਕਾਫ਼ੀ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਡੰਪ ਨੂੰ ਇੱਥੋਂ ਹਟਾ ਦੇਵੇ ਤੇ ਇਸਨੂੰ ਸ਼ਹਿਰ ਤੋਂ ਬਾਹਰ ਕਿਸੇ ਹੋਰ ਥਾਂ ਤੇ ਤਬਦੀਲ ਕਰੇ, ਤਾਂ ਜੋ ਗਊਸ਼ਾਲਾ, ਗੁਰੂ ਘਰ ਜਾਂ ਹੋਰ ਕਿਤੇ ਜਾਣ ਵਾਲੇ, ਰਾਹਗੀਰਾਂ ਤੇ ਆਂਢ-ਗੁਆਂਢ ਦੇ ਵਸਨੀਕਾਂ ਨੂੰ ਇਸ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਕੂੜੇ ਦੇ ਡੰਪ ਲਈ ਸਿਰਫ਼ ਪ੍ਰਸ਼ਾਸਨ ਹੀ ਨਹੀਂ ਸਗੋਂ ਸਾਡਾ ਅਖੌਤੀ ਸੱਭਿਅਕ ਸਮਾਜ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਕੁਝ ਖਾਸ ਦਿਨ, ਵਾਰ ਤੇ ਤਿਉਹਾਰਾਂ ਤੇ ਗਾਵਾਂ ਨੂੰ ਪੂਰੀਆਂ, ਹਲਵਾ ਤੇ ਹੋਰ ਸੁਆਦੀ ਪਕਵਾਨ ਖੁਆਉਣ ਵਾਲੇ ਬਹੁਤ ਸਾਰੇ ਲੋਕ ਕਥਿਤ ਤੌਰ ਤੇ ਅਗਲੇ ਦਿਨ ਉਸੇ ਕੂੜੇ ਦੇ ਡੰਪ ਤੇ ਕੂੜਾ ਸੁੱਟ ਦਿੰਦੇ ਹਨ, ਜਿਸ ਨਾਲ ਗਾਵਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਹੈ। ਅਨੂ ਸ਼ਰਮਾ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਗਊਸ਼ਾਲਾ ਦੇ ਬਾਹਰੋਂ ਕੂੜੇ ਦੇ ਡੰਪ ਨੂੰ ਹਟਾ ਦੇਵੇ ਤੇ ਭਵਿੱਖ ਵਿਚ ਉਥੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗਾਵਾਂ ਦੀ ਸੁਰੱਖਿਆ ਤੇ ਸਾਫ਼ ਵਾਤਾਵਰਣ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਤੇ ਇਸ ਮਾਮਲੇ ਵਿਚ ਹੋਰ ਦੇਰੀ ਨਹੀਂ ਹੋਣੀ ਚਾਹੀਦੀ।