- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਖਲਵਾੜਾ ਵਿਖੇ ਘਰ ਤੇ ਫਿਰ ਹਮਲਾ, ਪਿੰਡ ਵਿੱਚ ਫੈਲੀ ਦਹਿਸ਼ਤ

ਇਕ ਘਰ ’ਤੇ ਲਗਾਤਾਰ ਦੂਜੇ ਦਿਨ ਵੀ ਕੀਤਾ ਗਿਆ ਹਮਲਾ
ਪੂਰੇ ਪਿੰਡ ’ਚ ਬਣਿਆ ਡਰ ਦਾ ਮਾਹੌਲ
ਹਰੀਸ਼ ਭੰਡਾਰੀ ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ਲਾਗਲੇ ਪਿੰਡ ਖਲਵਾੜਾ ਵਿਖੇ ਜਿਥੇ ਬੀਤੇ ਦੋ ਦਿਨ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਨੌਜਵਾਨਾਂ ਵੱਲੋਂ ਇਕ ਘਰ ’ਤੇ ਕੀਤੇ ਹਮਲਾ ਕਰਕੇ ਡਰ ਦਾ ਮਾਹੌਲ ਬਣਿਆ ਹੋਇਆ ਸੀ, ਉਥੇ ਬੀਤੇ ਦਿਨ ਦੇਰ ਸ਼ਾਮ ਉਨਾਂ ਹਮਲਾਵਰਾਂ ਵੱਲੋਂ ਦੁਬਾਰਾ ਉਸ ਘਰ ’ਤੇ ਧਾਵਾ ਬੋਲ ਦਿੱਤਾ ਗਿਆ। ਇਸ ਵਾਰ ਹਮਲਾਵਰਾਂ ਨੇ ਨਾਲ ਦੇ ਕੁਝ ਘਰਾਂ ਅੰਦਰ ਵੀ ਤੋੜਭੰਨ ਕੀਤੀ, ਜਿਸ ਨਾਲ ਪਿੰਡ ਖਲਵਾੜਾ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਹਮਲਾਵਰਾਂ ਵੱਲੋਂ ਦੂਜੇ ਦਿਨ ਕੀਤੇ ਹਮਲੇ ਦੀ ਘਟਨਾ ਵੀ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਈ ਹੈ ਤੇ ਹਮਲਾਵਰ ਜਾਂਦੇ-ਜਾਂਦੇ ਕੁਝ ਕੈਮਰੇ ਵੀ ਭੰਨ ਗਏ ਹਨ। ਜ਼ਿਕਰਯੋਗ ਹੈ ਫਗਵਾੜਾ ਲਾਗਲੇ ਪਿੰਡ ਖਲਵਾੜਾ ਵਿਖੇ ਬੀਤੇ ਦੋ ਦਿਨ ਪਹਿਲਾਂ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਸੀ, ਜਦੋਂ ਦੇਰ ਰਾਤ ਪਿੰਡ ਦੇ ਹੀ ਇਕ ਨੌਜਵਾਨ ਵੱਲੋਂ ਆਪਣੇ ਸਾਥੀਆਂ ਸਮੇਤ ਨਾਲ ਦੇ ਘਰ ’ਤੇ ਹਮਲਾ ਕਰ ਦਿੱਤਾ ਤੇ ਤੇਜ਼ਧਾਰ ਹਥਿਆਰਾਂ ਨਾਲ ਘਰ ਦੇ ਲੋਹੇ ਦੇ ਗੇਟ ’ਤੇ ਟੱਕ ਮਾਰੇ ਗਏ ਸਨ।
ਖਲਵਾੜਾ ਪਿੰਡ ਦੇ ਰਹਿਣ ਵਾਲੇ ਪੀੜਤ ਗੁਰਨਾਮ ਸਿੰਘ ਤੇ ਉਸਦੇ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਗੁਆਂਢ ’ਚ ਰਹਿਣ ਵਾਲੇ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਚਾਨਕ ਹੀ ਦੇਰ ਰਾਤ ਸਾਡੇ ਘਰ ’ਤੇ ਹਮਲਾ ਕਰ ਦਿੱਤਾ ਤੇ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਦੇ ਚਲਦਿਆਂ ਗੁਰਨਾਮ ਸਿੰਘ ਦੇ ਦੋ ਲੜਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ, ਜਿਨਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਸੀ। ਗੁਰਨਾਮ ਸਿੰਘ ਨੇ ਦੱਸਿਆ ਸੀ ਕਿ ਮੁੱਖ ਹਮਲਾਵਰ ਮੇਰੇ ਭਰਾ ਦਾ ਪੋਤਾ ਹੈ। ਪੀੜਤ ਵੱਲੋਂ ਲੜਾਈ ਦਾ ਕਾਰਨ ਉਨ੍ਹਾਂ ਦੀਆਂ ਲੜਕੀਆਂ ਨਾਲ ਉਕਤ ਨੌਜਵਾਨਾਂ ਵੱਲੋਂ ਛੇੜਖਾਨੀ ਕਰਨਾ ਦੱਸਿਆ ਗਿਆ ਸੀ। ਉਕਤ ਨੌਜਵਾਨਾਂ ਨੂੰ ਰੋਕਣ ਦਾ ਮਾਮਲਾ ਲੜਾਈ ਦਾ ਰੂਪ ਧਾਰ ਗਿਆ। ਪੀੜਤ ਪਰਿਵਾਰ ਵੱਲੋਂ ਸਾਰਾ ਮਾਮਲਾ ਫਗਵਾੜਾ ਦੇ ਥਾਣਾ ਸਦਰ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਜਿਸਦੀ ਅਜੇ ਗੰਭੀਰਤਾ ਨਾਲ ਪੁਲਿਸ ਜਾਂਚ ਚੱਲ ਰਹੀ ਸੀ ਪਰ ਹੈਰਾਨਗੀ ਉਦੋਂ ਹੋਈ ਜਦੋਂ ਹਮਲਾਵਰਾਂ ਨੇ ਬੀਤੀ ਸ਼ਾਮ ਮੁੜ ਗੁਰਨਾਮ ਸਿੰਘ ਦੇ ਘਰ ’ਤੇ ਹਮਲਾ ਕਰ ਦਿੱਤਾ, ਇੰਨਾ ਹੀ ਨਹੀਂ ਬਲਕਿ ਨਾਲ ਲਗਦੇ ਤਿੰਨ-ਚਾਰ ਹੋਰ ਘਰਾਂ ’ਤੇ ਹਮਲਾ ਕਰਕੇ ਬੁਰੀ ਤਰ੍ਹਾਂ ਤੋੜਭੰਨ ਕਰ ਦਿੱਤੀ। ਸਾਰੀ ਘਟਨਾ ਦੀ ਸੂਚਨਾ ਪੀੜਤ ਪਰਿਵਾਰਾਂ ਵੱਲੋਂ ਫਗਵਾੜਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਹਮਲਾਵਰਾਂ ਦੀ ਭਾਲ ਕੀਤੀ ਪਰ ਉਹ ਫਰਾਰ ਹੋ ਗਏ। ਖਬਰ ਲਿਖੇ ਜਾਣ ਤੱਕ ਪੂਰੇ ਮਾਮਲੇ ਦੀ ਪੁਲਿਸ ਜਾਂਚ ਗਹਿਰਾਈ ਨਾਲ ਜਾਰੀ ਸੀ।