ਰੋਜ਼ਮੱਰਾ ਦੇ ਕੰਮ-ਕਾਜ ਦੇ ਨਾਲ ਨਾਲ ਸਾਹਿਤ ਤੇ ਸੰਗੀਤ ਵੱਲ ਵੀ ਝੁਕਾਅ ਜ਼ਰੂਰੀ : ਜਗਦੀਸ਼ ਰਾਣਾ
ਰੋਜ਼ਮੱਰਾ ਦੇ ਕੰਮ-ਕਾਜ ਦੇ ਨਾਲ ਨਾਲ"ਸਾਹਿਤ" ਅਤੇ "ਸੰਗੀਤ" ਵੱਲ ਵੀ ਝੁਕਾਅ ਜ਼ਰੂਰੀ: ਜਗਦੀਸ਼ ਰਾਣਾ
Publish Date: Tue, 16 Jun 2026 09:40 PM (IST)
Updated Date: Tue, 16 Jun 2026 09:42 PM (IST)

ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਰੋਜ਼ਮੱਰਾ ਦੇ ਕੰਮ ਕਾਜ ਦੇ ਨਾਲ-ਨਾਲ ਚੰਗੇ ਸਾਹਿਤ ਤੇ ਸੰਗੀਤ ਵੱਲ ਝੁਕਾਅ ਵੀ ਜ਼ਰੂਰੀ ਹੈ, ਕਿਉਂਕਿ ਚੰਗਾ ਸਾਹਿਤ ਜਿਥੇ ਸਾਡੀ ਸੋਚ ਨੂੰ ਅਗਾਂਹਵਧੂ ਬਣਾਉਂਦਾ ਹੈ ਤੇ ਸਾਨੂੰ ਜਿਊਣ ਦਾ ਢੰਗ ਸਿਖਾਉਂਦਾ ਹੈ, ਉਥੇ ਸੰਗੀਤ ਵੀ ਸਾਡੇ ਰੋਜ਼ਮੱਰਾ ਦੇ ਕੰਮਕਾਜ ਦੀ ਥਕਾਨ ਦੂਰ ਕਰਦਿਆਂ ਸਕੂਨ ਪ੍ਰਧਾਨ ਕਰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਲਾਕੇ ਦੇ ਉੱਘੇ ਸ਼ਾਇਰ ਜਗਦੀਸ਼ ਰਾਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਆਧੁਨਿਕ ਤੇ ਵਿਅਸਤ ਜੀਵਨ ਸ਼ੈਲੀ ਵਿਚ ਲੋਕ ਆਪਣੇ ਰੋਜ਼ਾਨਾ ਦੇ ਕੰਮ-ਕਾਜ ਵਿਚ ਇੰਨੇ ਰੁੱਝ ਗਏ ਹਨ ਕਿ ਸਾਹਿਤ ਤੇ ਸੰਗੀਤ ਵਰਗੀਆਂ ਰਚਨਾਤਮਕ ਗਤੀਵਿਧੀਆਂ ਲਈ ਸਮਾਂ ਕੱਢਣਾ ਮੁਸ਼ਕਲ ਹੋ ਗਿਆ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਮਨੁੱਖ ਦੇ ਸਰਵਪੱਖੀ ਵਿਕਾਸ ਲਈ ਕੰਮ ਦੇ ਨਾਲ-ਨਾਲ ਸਾਹਿਤ ਤੇ ਸੰਗੀਤ ਨਾਲ ਜੁੜਾਅ ਵੀ ਬਹੁਤ ਜ਼ਰੂਰੀ ਹੈ। ਸਾਹਿਤ ਮਨੁੱਖ ਨੂੰ ਵਿਚਾਰਾਂ ਦੀ ਗਹਿਰਾਈ, ਸੰਵੇਦਨਸ਼ੀਲਤਾ ਤੇ ਸਮਾਜਿਕ ਚੇਤਨਾ ਪ੍ਰਦਾਨ ਕਰਦਾ ਹੈ, ਜਦਕਿ ਸੰਗੀਤ ਮਨ ਨੂੰ ਸ਼ਾਂਤੀ ਤੇ ਤਣਾਅ ਤੋਂ ਰਾਹਤ ਦਿੰਦਾ ਹੈ। ਮਾਹਿਰਾਂ ਅਨੁਸਾਰ ਨਿਯਮਿਤ ਤੌਰ ਤੇ ਕਿਤਾਬਾਂ ਪੜ੍ਹਨ ਤੇ ਸੰਗੀਤ ਸੁਣਨ ਦੀ ਆਦਤ ਵਿਅਕਤੀ ਦੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਂਦੀ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਕੁਝ ਸਮਾਂ ਸਾਹਿਤਕ ਤੇ ਸੰਗੀਤਕ ਗਤੀਵਿਧੀਆਂ ਲਈ ਜ਼ਰੂਰ ਕੱਢਣ, ਤਾਂ ਜੋ ਜੀਵਨ ਵਿਚ ਸੰਤੁਲਨ ਤੇ ਸਕਾਰਾਤਮਕਤਾ ਬਣੀ ਰਹੇ। ਇਥੇ ਜ਼ਿਕਰਯੋਗ ਹੈ ਕਿ ਸ਼ਾਇਰ ਜਗਦੀਸ਼ ਰਾਣਾ ਦੀਆਂ ਜਿਥੇ ਕਾਫੀ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਉਥੇ ਬਹੁਤ ਸਾਰੇ ਸੱਭਿਅਕ ਗੀਤ ਵੀ ਰਿਕਾਰਡ ਹੋਏ ਹਨ, ਸਾਹਿਤ ਤੇ ਸੰਗੀਤ ਨਾਲ ਗਹਿਰੀ ਸਾਂਝ ਰੱਖਣ ਵਾਲੇ ਜਗਦੀਸ਼ ਰਾਣਾ ਨੇ ਅੱਜ ਇਕ ਵਾਰਤਾਲਾਪ ਦੌਰਾਨ ਪੰਜਾਬੀ ਜਾਗਰਣ ਦੇ ਪ੍ਰਤਿਨਿਧੀ ਨਾਲ ਸੰਗੀਤ ਤੇ ਸਾਹਿਤ ਵੱਲ ਝੁਕਾਅ ਬਾਬਤ ਵਿਸ਼ੇਸ਼ ਗੱਲਬਾਤ ਕੀਤੀ।