ਸਮੂਹ ਪੰਜਾਬੀ ਬਸਪਾ ਦੇ ਝੰਡੇ ਹੇਠ ਇਕੱਠੇ ਹੋਣ : ਜਗਦੀਸ਼ ਰਾਣਾ
'ਪੰਜਾਬ ਸੰਭਾਲੋ ਮੁਹਿੰਮ' ਤਹਿਤ ਸਮੂਹ ਪੰਜਾਬੀ ਬਸਪਾ ਦੇ ਝੰਡੇ ਹੇਠ ਇਕੱਠੇ ਹੋਣ : ਜਗਦੀਸ਼ ਰਾਣਾ
Publish Date: Sun, 21 Jun 2026 09:27 PM (IST)
Updated Date: Sun, 21 Jun 2026 09:30 PM (IST)

ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਤੇ ਪ੍ਰਸਿੱਧ ਲੋਕ ਸ਼ਾਇਰ ਜਗਦੀਸ਼ ਰਾਣਾ ਨੇ ਕਿਹਾ ਕਿ ਮੌਜੂਦਾ ਸਮੇਂ ਬਸਪਾ ਪੰਜਾਬ ਦੇ ਪ੍ਰਧਾਨ ਡਾ.ਅਵਤਾਰ ਸਿੰਘ ਕਰੀਮਪੁਰੀ ਵੱਲੋਂ ਵਿੱਢੀ ਗਈ ਪੰਜਾਬ ਸੰਭਾਲੋ ਮੁਹਿੰਮ ਨੂੰ ਪੰਜਾਬ ਵਿਚ ਭਰਵਾਂ ਲੋਕ ਹੁੰਗਾਰਾ ਮਿਲ਼ ਰਿਹਾ ਹੈ। ਬਸਪਾ ਪੰਜਾਬ ਦੇ ਇੰਚਾਰਜ ਇੰਜੀਨਅਰ ਰਾਮ ਜੀ ਗੌਤਮ, ਬਿਪੁਲ ਕੁਮਾਰ ਤੇ ਡਾ. ਅਵਤਾਰ ਸਿੰਘ ਕਰੀਮਪੁਰੀ ਜੀ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਪਹੁੰਚ ਕਰਕੇ ਸੰਗਠਨ ਦੀ ਸੰਜ਼ੀਦਗੀ, ਗੰਭੀਰਤਾ ਤੇ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਤੌਰ ’ਤੇ ਸਮੀਖਿਆ ਕਰ ਰਹੇ ਹਨ ਤੇ ਸੰਗਠਨ ਦਾ ਲੇਖਾ-ਜੋਖਾ ਕਰਨ ਲਈ ਇਕ ਉੱਚ-ਪੱਧਰੀ ਅਤੇ ਅਹਿਮ ਟੀਮ ਦੀ ਜ਼ਿੰਮੇਵਾਰੀ ਲਗਾ ਰਹੇ ਹਨ। ਇਨ੍ਹਾਂ ਮੀਟਗਾਂ ਵਿਚ ਬੂਥ ਪੱਧਰ ਤੱਕ ਸੰਗਠਨ ਦਾ ਪੁਨਰਗਠਨ ਕਰਨ, ਪਾਰਟੀ ਦੇ ਆਧਾਰ ਨੂੰ ਫੌਲਾਦੀ ਬਣਾਉਣ ਤੇ ਪੰਜਾਬ ਵਿਚ ਬਸਪਾ ਦੀ ਅਗਲੀ ਸਰਕਾਰ ਬਣਾਉਣ ਲਈ ਸਮੁੱਚੀ ਲੀਡਰਸ਼ਿਪ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਬਸਪਾ ਪੰਜਾਬ ਨੂੰ ਉਜਾੜੇ ’ਚੋਂ ਕੱਢ ਕੇ ਉਜਾਲੇ ਵੱਲ ਲੈ ਕੇ ਜਾਣਾ ਚਾਹੁੰਦੀ ਹੈ ਤੇ ਪੰਜਾਬ ਵਿਚੋਂ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ’ਤੇ ਪਾਉਣਾ ਚਾਹੁੰਦੀ ਹੈ ਕਿਉਂਕਿ ਪੰਜਾਬ ਮੌਜੂਦਾ ਸਮੇਂ ਬੇਹੱਦ ਗੰਭੀਰ ਦੌਰ ਤੇ ਮੰਦਹਾਲੀ ਵਿਚੋਂ ਲੰਘ ਰਿਹਾ ਹੈ। ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਤੇ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦਾ ਜੋ ਉਜਾੜਾ ਹੋਇਆ ਹੈ, ਉਸ ਵਿਚੋਂ ਪੰਜਾਬ ਨੂੰ ਕੱਢ ਕੇ ਖੁਸ਼ਹਾਲੀ ਤੇ ਉਜਾਲੇ ਵੱਲ ਸਿਰਫ਼ ਬਹੁਜਨ ਸਮਾਜ ਪਾਰਟੀ ਹੀ ਲੈ ਕੇ ਜਾ ਸਕਦੀ ਹੈ। ਜਗਦੀਸ਼ ਰਾਣਾ ਨੇ ਕਿਹਾ ਕਿ ਬਸਪਾ ਪੰਜਾਬ ਵਿਚ ਅਗਲੀ ਸਰਕਾਰ ਬਣਾਉਣ ਲਈ ਪੂਰੀ ਸੰਜ਼ੀਦਗੀ ਤੇ ਗੰਭੀਰਤਾ ਨਾਲ ਮੈਦਾਨ ਵਿਚ ਨਿੱਤਰ ਚੁੱਕੀ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਜ਼ੋਰਦਾਰ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਉਹ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੁਹਿੰਮ ਦੇ ਦੂਰ-ਦ੍ਰਿਸ਼ਟੀ ਤੇ ਲੋਕ-ਪੱਖੀ ਸੰਕਲਪ ਨਾਲ ਵੱਧ ਤੋਂ ਵੱਧ ਜੁੜਨ। ਪੰਜਾਬ ਸੰਭਾਲੋ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਉਣ ਤੇ ਬੂਥ ਪੱਧਰ ਤੱਕ ਪਾਰਟੀ ਦਾ ਪਰਚਮ ਬੁਲੰਦ ਕਰਕੇ ਪੰਜਾਬ ਵਿਚ ਬਸਪਾ ਦੀ ਸਰਕਾਰ ਬਣਾਉਣ ਲਈ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਿਨ-ਰਾਤ ਇੱਕ ਕਰ ਰਹੀ ਹੈ।