- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਭੁਲੇਖਿਆਂ ਵਿੱਚ ਰਹਿਣਾ ਛੱਡਣ;ਹੁਣ ਜੇਲ੍ਹ ਜਾਣ ਦੀ ਵਾਰੀ ਆ ਗਈ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਾਪਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਹਿਸਾਬ ਦੇਣਾ ਪਵੇਗਾ
ਅਕਾਲੀ ਦਲ ਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਾਸੇ
ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਰਾਜ ਕਰਨ ਲਈ ਸਿਆਸੀ ਪਾਰਟੀਆਂ ਦੇ ਵਾਰੀ-ਵਾਰੀ ਆਉਣ ਦਾ ਦੌਰ ਹੁਣ ਖ਼ਤਮ ਹੋ ਚੁੱਕਾ ਹੈ ਤੇ ਜਿਨ੍ਹਾਂ ਨੇ ਲੋਕਾਂ ਦੇ ਭਰੋਸੇ ਨਾਲ ਧੋਖਾ ਕੀਤਾ ਹੈ, ਉਨ੍ਹਾਂ ਨੂੰ ਆਪਣੇ ਕਰਤੂਤਾਂ ਦਾ ਹਿਸਾਬ ਦੇਣਾ ਪਵੇਗਾ। ਫਗਵਾੜਾ ਵਿਚ ਇਕ ਵਿਸ਼ਾਲ ਲੋਕ ਮਿਲਣੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਝਾੜੂ ਪੰਜਾਬ ਦੇ ਸਿਆਸੀ ਤੰਤਰ ਦੀ ਸਫ਼ਾਈ ਕਰ ਰਿਹਾ ਹੈ, ਜਦਕਿ ਅਕਾਲੀ ਦਲ ਤੇ ਕਾਂਗਰਸ, ਜੋ ਇਕੋ ਸਿੱਕੇ ਦੇ ਦੋ ਪਾਸੇ ਹਨ, ਦਹਾਕਿਆਂ ਤੱਕ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦੇਣ ਕਾਰਨ ਹੁਣ ਸਿਆਸੀ ਤੌਰ 'ਤੇ ਬਚਣ ਲਈ ਸੰਘਰਸ਼ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਗੂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਉਨ੍ਹਾਂ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੂਠ ਬੋਲ ਸਕਦੇ ਹਨ, ਉਹ ਕਿਸੇ ਦੇ ਵੀ ਵਫ਼ਾਦਾਰ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰੂਨੀ ਖਿੱਚੋਤਾਣ ਕਾਰਨ ਆਖ਼ਰੀ ਸਾਹਾਂ 'ਤੇ ਹੈ, ਜਦਕਿ ਆਮ ਆਦਮੀ ਪਾਰਟੀ ਦੀ ਲੋਕ-ਪੱਖੀ ਸਰਕਾਰ ਹੇਠ ਪੰਜਾਬ ਸਿੱਖਿਆ, ਸਿਹਤ, ਬਿਜਲੀ ਤੇ ਲੋਕ ਭਲਾਈ ਦੇ ਖੇਤਰਾਂ ਵਿਚ ਬੇਮਿਸਾਲ ਤਰੱਕੀ ਕਰ ਰਿਹਾ ਹੈ।
ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਉਹ ਦਿਨ ਲੰਘ ਗਏ ਜਦੋਂ ਇਹ ਪਾਰਟੀਆਂ ਕੁਰਸੀ ਦੀ ਖੇਡ ਖੇਡਦੀਆਂ ਸਨ ਤੇ ਆਪਣੀ ਵਾਰੀ ਦੀ ਉਡੀਕ ਕਰਦੀਆਂ ਸਨ। ਅਸਲ ਵਿਚ ਇਹ ਪਾਰਟੀਆਂ ਆਪਣੇ-ਆਪਣੇ ਰਾਜ ਦੌਰਾਨ ਇਕ-ਦੂਜੇ ਦੇ ਹਿੱਤਾਂ ਦੀ ਰੱਖਿਆ ਕਰਦੀਆਂ ਰਹੀਆਂ, ਜਿਸ ਕਾਰਨ ਉਨ੍ਹਾਂ ਦੇ ਗਲਤ ਕੰਮ ਕਦੇ ਸਾਹਮਣੇ ਨਹੀਂ ਆਏ। ਪਰ ਹੁਣ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਹੈ ਤੇ ਇਸ ਪਾਰਟੀ ਦਾ ਝਾੜੂ ਸੂਬੇ ਦੇ ਸਿਆਸੀ ਤੰਤਰ ਦੀ ਸਫ਼ਾਈ ਕਰ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਅਕਾਲੀ ਆਪਣੇ ਪਾਪਾਂ ਲਈ ਜੇਲ੍ਹ ਦੇ ਪਿੱਛੇ ਹੋਣਗੇ।”
ਮੁੱਖ ਮੰਤਰੀ ਨੇ ਕਿਹਾ, “ਅਕਾਲੀ ਦਲ ਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਾਸੇ ਹਨ। ਉਨ੍ਹਾਂ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ, ਸਗੋਂ ਆਪਣੇ ਨਿੱਜੀ ਹਿੱਤਾਂ ਦੀ ਚਿੰਤਾ ਹੈ। ਉਨ੍ਹਾਂ ਨੇ ਹੀ ਬੇਅਦਬੀ ਦੀਆਂ ਘਟਨਾਵਾਂ ਕਰਵਾਈਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੂਠ ਬੋਲਿਆ, ਜਿਸ ਨੂੰ ਬਾਅਦ ਵਿਚ ਮੰਨ ਵੀ ਲਿਆ। ਉਨ੍ਹਾਂ ਨੇ ਅੱਤਵਾਦ ਦੇ ਦੌਰਾਨ ਪੁਲਿਸ ਅਧਿਕਾਰੀਆਂ ਦੀਆਂ ਜਾਨਾਂ ਗਵਾਈਆਂ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਵੀ ਦਿੱਤੀਆਂ। ਉਨ੍ਹਾਂ ਨੇ ਆਪਣੇ ਆਪ ਨੂੰ ਫ਼ਖ਼ਰ-ਏ-ਕੌਮ ਦਾ ਖ਼ਿਤਾਬ ਵੀ ਦਿੱਤਾ, ਜਦਕਿ 1978 ਦੀ ਘਟਨਾ ਦੇ ਦੋਸ਼ੀਆਂ ਨੂੰ ਸੁਰੱਖਿਅਤ ਨਿਕਾਸੀ ਦਿਵਾਉਣ ਵਿਚ ਭੂਮਿਕਾ ਨਿਭਾਈ।”
ਅਕਾਲੀ ਆਗੂਆਂ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ, “ਸੁਖਬੀਰ ਬਾਦਲ ਨੂੰ ਜ਼ਮੀਨੀ ਹਕੀਕਤਾਂ ਦਾ ਕੋਈ ਗਿਆਨ ਨਹੀਂ ਕਿਉਂਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸੁਰੱਖਿਆ, ਐਸ਼ੋ-ਆਰਾਮ ਤੇ ਸ਼ਾਨੋ-ਸ਼ੌਕਤ ਵਿਚ ਬਿਤਾਈ ਹੈ। ਉਹ ਕਨਵੈਂਟ-ਪੜ੍ਹਿਆ ਸਿਆਸੀ ਆਗੂ ਹੈ ਜਿਸ ਨੂੰ ਪੰਜਾਬ ਦੀ ਭੂਗੋਲਿਕ ਬਣਤਰ ਬਾਰੇ ਵੀ ਬੁਨਿਆਦੀ ਜਾਣਕਾਰੀ ਨਹੀਂ, ਪਰ ਉਹ ਪੰਜਾਬ ਦੀ ਸੱਤਾ ਹਾਸਲ ਕਰਨਾ ਚਾਹੁੰਦਾ ਹੈ। ਇਥੋਂ ਤੱਕ ਕਿ ਉਹ ਸੂਬੇ ਦੀਆਂ ਮੁੱਖ ਫਸਲਾਂ ਵਿਚ ਵੀ ਫ਼ਰਕ ਨਹੀਂ ਕਰ ਸਕਦਾ।”
ਬੇਅਦਬੀ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਮਾਹਿਰਾਂ ਨਾਲ ਵਿਸਥਾਰਪੂਰਵਕ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਹ ਬਿੱਲ ਲਿਆਂਦਾ ਗਿਆ ਹੈ ਅਤੇ ਇਸ ਨੂੰ ਬਹੁਤ ਧਿਆਨ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਭਵਿੱਖ ਵਿੱਚ ਕੋਈ ਕਮੀ ਜਾਂ ਸੋਧ ਇਸ ਨੂੰ ਕਮਜ਼ੋਰ ਨਾ ਕਰ ਸਕੇ।
ਕਾਂਗਰਸ 'ਤੇ ਤੰਜ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ, “ਕਾਂਗਰਸ ਪਾਰਟੀ ਆਖ਼ਰੀ ਸਾਹਾਂ 'ਤੇ ਹੈ ਅਤੇ ਬਹੁਤ ਜਲਦੀ ਖ਼ਤਮ ਹੋ ਜਾਵੇਗੀ ਕਿਉਂਕਿ ਇਸ ਕੋਲ ਲੋਕਾਂ ਤੇ ਸੂਬੇ ਲਈ ਕੋਈ ਵਿਜ਼ਨ ਨਹੀਂ ਹੈ। ਉਨ੍ਹਾਂ ਦਾ ਇਕੋ-ਇੱਕ ਮਕਸਦ ਸੱਤਾ ਹਾਸਲ ਕਰਕੇ ਪੰਜਾਬ ਦੀ ਦੌਲਤ ਨੂੰ ਲੁੱਟਣਾ ਹੈ, ਪਰ ਉਨ੍ਹਾਂ ਦੇ ਇਹ ਸੁਪਨੇ ਕਦੇ ਪੂਰੇ ਨਹੀਂ ਹੋਣਗੇ।” ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਸਰਕਾਰ ਦਾ ਕੰਮ ਬੱਚਿਆਂ ਨੂੰ ਉੱਡਣ ਲਈ ਖੰਭ ਦੇਣਾ ਹੁੰਦਾ ਹੈ ਤਾਂ ਜੋ ਉਹ ਜ਼ਿੰਦਗੀ ਵਿਚ ਨਵੀਆਂ ਕਾਮਯਾਬੀਆਂ ਹਾਸਲ ਕਰ ਸਕਣ।
ਲੋਕ ਮਿਲਣੀ ਪ੍ਰੋਗਰਾਮ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਇਸ ਦਾ ਮਕਸਦ ਸਰਕਾਰ ਤੇ ਲੋਕਾਂ ਵਿਚਕਾਰ ਇਕ ਮਜ਼ਬੂਤ ਪੁਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਹੀ ਹੈ ਤੇ ਸੂਬੇ ਵਿਚ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਤੇ ਹੋਰ ਕਈ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।
ਫਗਵਾੜਾ ਨੂੰ ਦਿੱਤੀ 18 ਕਰੋੜ ਦੀ ਗ੍ਰਾਂਟ
ਇਸ ਮੌਕੇ ਮੁੱਖ ਮੰਤਰੀ ਨੇ ਫਗਵਾੜਾ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ₹18 ਕਰੋੜ ਤੋਂ ਵੱਧ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਏਡੀਸੀ ਫਗਵਾੜਾ ਨੂੰ ਹੋਰ ਅਧਿਕਾਰ ਦਿੱਤੇ ਜਾਣ ਤਾਂ ਜੋ ਲੋਕਾਂ ਨੂੰ ਛੋਟੇ-ਮੋਟੇ ਕੰਮਾਂ ਲਈ ਕਪੂਰਥਲਾ ਨਾ ਜਾਣਾ ਪਵੇ।
ਕੈਪਸ਼ਨ
ਫਗਵਾੜਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ ਮਿਲਣੀ ਦੌਰਾਨ ਵੱਖ-ਵੱਖ ਤਸਵੀਰਾਂ।