ਫਗਵਾੜਾ ਨੂੰ 30 ਲੱਖ ਦੀ ਗਰਾਂਟ ‘ਤੇ ਅਕਾਲੀ ਦਲ ਦਾ ਤਿੱਖਾ ਹਮਲਾ
ਫਗਵਾੜਾ ਨੂੰ 30 ਲੱਖ ਦੀ ਗਰਾਂਟ ‘ਤੇ ਅਕਾਲੀ ਦਲ ਦਾ ਤਿੱਖਾ ਹਮਲਾ
Publish Date: Mon, 22 Jun 2026 08:30 PM (IST)
Updated Date: Mon, 22 Jun 2026 08:31 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਗਵਾੜਾ ਫੇਰੀ ਤੇ ਸ਼ਹਿਰ ਦੇ ਵਿਕਾਸ ਲਈ ਐਲਾਨੀ ਗਈ 30 ਲੱਖ ਰੁਪਏ ਦੀ ਗਰਾਂਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਐੱਸਓਆਈ ਦੇ ਜ਼ਿਲ੍ਹਾ ਪ੍ਰਧਾਨ ਗੁਰਸਿਮਰ ਸਿੰਘ ਤੇ ਦਿਹਾਤੀ ਯੂਥ ਪ੍ਰਧਾਨ ਰਣਜੀਤ ਸਿੰਘ ਜੀਤੀ ਖੇੜਾ ਨੇ ਤਿੱਖਾ ਤੰਜ਼ ਕੱਸਦਿਆਂ ਕਿਹਾ ਹੈ ਕਿ ਇਹ ਰਕਮ ਫਗਵਾੜਾ ਤੇ ਇਸ ਨਾਲ ਜੁੜੇ ਲਗਭਗ 90-92 ਪਿੰਡਾਂ ਦੀਆਂ ਲੋੜਾਂ ਦੇ ਮੁਕਾਬਲੇ ਬਹੁਤ ਘੱਟ ਹੈ। ਜ਼ਰਾ ਸੋਚਕੇ ਦੇਖੋ ਫਗਵਾੜਾ ਦੇ 50 ਵਾਰਡ ਤੇ ਲਗਭਗ 90 ਪਿੰਡਾਂ ਨੂੰ 30 ਲੱਖ ਵਿਚੋਂ ਕਿੰਨੇ-ਕਿੰਨੇ ਰੁਪਏ ਵਿਕਾਸ ਕਾਰਜਾਂ ਲਈ ਮਿਲਣਗੇ। ਕੀ ਇਹ ਫਗਵਾੜਾ ਵਾਸੀਆਂ ਨਾਲ ਕੋਝਾ ਮਜ਼ਾਕ ਨਹੀ ਹੈ? ਅਕਾਲੀ ਆਗੂਆਂ ਨੇ ਕਿਹਾ ਕਿ ਫਗਵਾੜਾ ਸ਼ਹਿਰ ਵਿਚ ਕਈ ਵਾਰਡ ਹਨ ਤੇ ਇਸ ਦੇ ਨਾਲ ਵੱਡੀ ਗਿਣਤੀ ਵਿਚ ਪਿੰਡ ਵੀ ਆਉਂਦੇ ਹਨ। ਅਜਿਹੇ ਵਿਚ ਸਿਰਫ਼ 30 ਲੱਖ ਰੁਪਏ ਦੀ ਗਰਾਂਟ ਨਾਲ ਨਾ ਕਿਸੇ ਇਕ ਵਾਰਡ ਦਾ ਢੰਗ ਨਾਲ ਵਿਕਾਸ ਹੋ ਸਕਦਾ ਹੈ ਤੇ ਨਾ ਹੀ ਪਿੰਡਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇਸ ਰਕਮ ਨੂੰ ਸਾਰੇ ਵਾਰਡਾਂ ਤੇ ਪਿੰਡਾਂ ਵਿਚ ਵੰਡਿਆ ਜਾਵੇ ਤਾਂ ਹਰ ਖੇਤਰ ਦੇ ਹਿੱਸੇ ਵਿਚ ਨਾ-ਮਾਤਰ ਰਕਮ ਹੀ ਆਵੇਗੀ। ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਫਗਵਾੜਾ ਲਈ ਕਰੋੜਾਂ ਰੁਪਏ ਦੀਆਂ ਵਿਕਾਸ ਗਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਨਾਲ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ ਤੇ ਹੋਰ ਬੁਨਿਆਦੀ ਢਾਂਚੇ ਦੇ ਵੱਡੇ ਪ੍ਰੋਜੈਕਟ ਪੂਰੇ ਕੀਤੇ ਗਏ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਐਲਾਨੀ ਗਈ 30 ਲੱਖ ਰੁਪਏ ਦੀ ਰਕਮ ਸੁਣ ਕੇ ਹੀ ਹਾਸੋਹੀਣੀ ਸਥਿਤੀ ਪੈਦਾ ਹੋ ਜਾਂਦੀ ਹੈ ਕਿਉਂਕਿ ਇੰਨੀ ਘੱਟ ਰਕਮ ਨਾਲ ਕਿਸੇ ਵੱਡੇ ਵਿਕਾਸ ਕਾਰਜ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਗਵਾੜਾ ਦੀਆਂ ਫੇਰੀਆਂ ਕਰਕੇ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਸਰਕਾਰ ਦੇ ਦਾਅਵਿਆਂ ਤੇ ਜ਼ਮੀਨੀ ਹਕੀਕਤ ਵਿਚਲਾ ਫਰਕ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਫਗਵਾੜਾ ਵਾਸੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਤੇ ਪੰਜਾਬ ਦੇ ਵਿਕਾਸ ਲਈ ਵੋਟ ਪਾਉਣਗੇ। ਆਗੂਆਂ ਨੇ ਵਿਸ਼ਵਾਸ ਜਤਾਇਆ ਕਿ ਲੋਕ ਵਿਕਾਸ ਦੇ ਮੁੱਦੇ ‘ਤੇ ਫੈਸਲਾ ਲੈਣਗੇ ਤੇ ਰਾਜ ਦੀ ਸਿਆਸਤ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।