ਅਕਾਲੀ ਸਰਕਾਰ ਬਣਨ ’ਤੇ ਸੂਬੇ ਨੂੰ ਮੁੜ ਵਿਕਾਸ ਦੇ ਰਾਹ ’ਤੇ ਲਿਆਂਦਾ ਜਾਵੇਗਾ : ਜੋਸਨ
ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਸੂਬੇ ਨੂੰ ਮੁੜ ਸ਼ਾਂਤੀ ਤੇ ਵਿਕਾਸ ਦੇ ਰਾਹ ਤੇ ਲਿਆਂਦਾ ਜਾਵੇਗਾ- ਇੰਦਰਜੀਤ ਜੋਸਨ
Publish Date: Sun, 14 Jun 2026 08:21 PM (IST)
Updated Date: Sun, 14 Jun 2026 08:24 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮੌਜੂਦਾ ਸਮੇਂ ਪੰਜਾਬ ਅਸੁਰੱਖਿਆਤ ਤੇ ਨਸ਼ਿਆਂ ਦੀ ਦਲਦਲ ਵਿਚ ਘਿਰਿਆ ਹੋਇਆ ਹੈ, ਜਿਸ ਕਾਰਨ ਨੌਜਵਾਨ ਪੀੜੀ ਬਰਬਾਦ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਸੂਬੇ ਵਿਚ ਇਕੋ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ 2027 ਦੀਆਂ ਚੋਣਾਂ ਵਿਚ ਸੱਤਾ ਵਿਚ ਆਉਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਦੇ ਨੌਜਵਾਨ ਆਗੂ ਇੰਦਰਜੀਤ ਸਿੰਘ ਜੋਸਨ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਗੈਂਗਸਟਰਾਂ ਦਾ ਬੋਲਬਾਲਾ ਹੈ ਤੇ ਲੋਕ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ। ਦਿਨ-ਦਿਹਾੜੇ ਅਪਰਾਧੀ ਘਟਨਾ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਹਨ। ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਸੂਬੇ ਵਿਚ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ ਜਾਪਦੀ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੰਜਾਬ ਨੂੰ ਮੁੜ ਸ਼ਾਂਤੀ, ਸੁਰੱਖਿਆ ਤੇ ਵਿਕਾਸ ਦੇ ਰਾਹ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਲੋਕ ਅਪਰਾਧ, ਨਸ਼ਾ, ਸਮਗਲਿੰਗ ਲੁੱਟ-ਖੋਹ, ਫਿਰੌਤੀ ਤੇ ਗੁੰਡਾਗਰਦੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਤੇ ਪੰਜਾਬ ਦੀ ਹਰ ਗਲੀ, ਹਰ ਪਿੰਡ ਤੇ ਹਰ ਸ਼ਹਿਰ ਨੂੰ ਸੁਰੱਖਿਅਤ ਬਣਾਇਆ ਜਾਵੇਗਾ। ਇੰਦਰਜੀਤ ਜੋਸਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਨੂੰ ਸ਼ਾਂਤੀ ਤੇ ਵਿਕਾਸ ਦਾ ਸੂਬਾ ਬਣਾ ਕੇ ਦਿਖਾਇਆ ਸੀ ਤੇ ਹੁਣ ਵੀ ਉਸੇ ਉਸਾਰੂ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਜੋ ਪੰਜਾਬ ਨੂੰ ਮੁੜ ਰੰਗਲਾ ਪੰਜਾਬ, ਤੰਦਰੁਸਤ ਪੰਜਾਬ ਅਤੇ ਵਿਕਾਸ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਤੇ ਖੇਤੀਬਾੜੀ, ਉਦਯੋਗ ਤੇ ਸਿੱਖਿਆ ਦੇ ਖੇਤਰ ਵਿਚ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਸੂਬੇ ਵਿਚ ਨਗਰ ਕੌਂਸਲ ਚੋਣਾਂ ਵਿਚ ਸੱਤਾ ਧਿਰ ਵੱਲੋਂ ਕੀਤੀ ਕਥਿਤ ਧੱਕੇਸ਼ਾਹੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦਾ ਵਧੀਆ ਪ੍ਰਦਰਸ਼ਨ ਇਹ ਸਾਫ ਤੇ ਸਪੱਸ਼ਟ ਕਰਦਾ ਹੈ ਕਿ ਪੰਜਾਬ ਵਿਚ ਹਰੇਕ ਵਰਗ ਹੁਣ ਮੁੜ ਪੰਜਾਬ ਨੂੰ ਖੁਸ਼ਹਾਲ ਤੇ ਸ਼ਾਂਤਮਈ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਪੰਜਾਬ ਦੀ ਮੁੜ ਸੱਤਾ ਸੌਂਪਣ ਦਾ ਮਨ ਬਣਾ ਬਣਾਈ ਬੈਠਾ ਹੈ ਜਿਸ ਨੂੰ ਪੂਰਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਇੰਦਰਜੀਤ ਜੋਸਨ, ਬਲਜੀਤ ਸਿੰਘ ਬੱਲੀ, ਸਰਪੰਚ ਮਨਜੀਤ ਸਿੰਘ ਡੌਲਾ, ਬਿਕਰਮਜੀਤ ਜੋਸਨ, ਬੱਗਾ ਢਿੱਲੋ ਆਦਿ ਵੀ ਹਾਜ਼ਰ ਸਨ।