17 ਦਿਨਾਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ ਹੀਰਾ
17 ਦਿਨ ਜ਼ਿੰਦਗੀ ਲਈ ਜੰਗ ਲੜਨ ਮਗਰੋਂ ਹਾਰ ਗਿਆ ਹੀਰਾ
Publish Date: Wed, 24 Jun 2026 08:20 PM (IST)
Updated Date: Wed, 24 Jun 2026 08:22 PM (IST)

8 ਜੂਨ ਨੂੰ ਕੀਤੇ ਗਏ ਜਾਨਲੇਵਾ ਹਮਲੇ ’ਚ ਜ਼ਖ਼ਮੀ ਨੌਜਵਾਨ ਦੀ ਹੋਈ ਮੌਤ ਪਰਿਵਾਰਕ ਮੈਂਬਰਾਂ ਨੇ ਕਿਹਾ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣ ਤੱਕ ਨਹੀਂ ਕੀਤਾ ਜਾਵੇਗਾ ਅੰਤਿਮ ਸੰਸਕਾਰ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਰੂਰਲ ਬਸਤੀ ’ਚ 8 ਜੂਨ ਨੂੰ ਹੋਏ ਖੂਨੀ ਹਮਲੇ ਦਾ ਸ਼ਿਕਾਰ ਬਣੇ 26 ਸਾਲਾ ਨੌਜਵਾਨ ਹੀਰਾ ਪੁੱਤਰ ਸਵਿੰਦਰ ਪਾਲ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਕਰੀਬ 17 ਦਿਨਾਂ ਤੱਕ ਜ਼ਿੰਦਗੀ ਤੇ ਮੌਤ ਦੀ ਜੰਗ ਲੜਨ ਮਗਰੋਂ ਹੀਰਾ ਦੀ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਘਰ ’ਚ ਮਾਤਮ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਰੋਸ ਪ੍ਰਗਟ ਕੀਤਾ ਗਿਆ। ਜਾਣਕਾਰੀ ਅਨੁਸਾਰ, 8 ਜੂਨ ਦੀ ਰਾਤ ਕਰੀਬ 8:30 ਵਜੇ ਹੀਰਾ ਉੱਤੇ ਕੁਝ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ। ਹਮਲੇ ਦੌਰਾਨ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ। ਗੰਭੀਰ ਹਾਲਤ ਵਿੱਚ ਪਹਿਲਾਂ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਜਿੱਥੇ ਬੁੱਧਵਾਰ ਨੂੰ ਉਸ ਨੇ ਆਖ਼ਰੀ ਸਾਹ ਲਿਆ। ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ, ਜਦਕਿ ਪਰਿਵਾਰ ਦਾ ਗੁੱਸਾ ਵੀ ਪੁਲਿਸ ਪ੍ਰਸ਼ਾਸਨ ਵਿਰੁੱਧ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਨੂੰ 17 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਇੱਕ ਵੀ ਨਾਮਜ਼ਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਮ੍ਰਿਤਕ ਦੀ ਮਾਤਾ ਨੀਲਮ ਨੇ ਵਿਲਕਦੇ ਹੋਏ ਕਿਹਾ, ‘ਮੇਰਾ ਪੁੱਤ 17 ਦਿਨ ਮੌਤ ਨਾਲ ਲੜਦਾ ਰਿਹਾ ਅਤੇ ਅੱਜ ਸਾਨੂੰ ਛੱਡ ਕੇ ਚਲਾ ਗਿਆ। ਸਾਡਾ ਘਰ ਉੱਜੜ ਗਿਆ ਹੈ, ਪਰ ਇਸ ਤੋਂ ਵੀ ਵੱਡਾ ਦੁੱਖ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਮੇਰੇ ਪੁੱਤ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ, ਉਹ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਪੁਲਿਸ ਅੱਜ ਤੱਕ ਇੱਕ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਅਸੀਂ ਸਪੱਸ਼ਟ ਕਰਦੇ ਹਾਂ ਕਿ ਜਦੋਂ ਤੱਕ ਸਾਰੇ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਅਸੀਂ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ। ਸਾਨੂੰ ਆਪਣੇ ਪੁੱਤ ਦੀ ਮੌਤ ਦਾ ਇਨਸਾਫ਼ ਚਾਹੀਦਾ ਹੈ, ਸਿਰਫ਼ ਭਰੋਸਾ ਨਹੀਂ।’ ਮ੍ਰਿਤਕ ਦੇ ਪਿਤਾ ਸਵਿੰਦਰ ਪਾਲ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਤੋਂ ਅਸੀਂ ਬਹੁਤ ਨਿਰਾਸ਼ ਹਾਂ। ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਇੱਕ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣਾ ਪੁਲਿਸ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਅਸੀਂ ਪ੍ਰਸ਼ਾਸਨ ਨੂੰ ਸਾਫ਼ ਸ਼ਬਦਾਂ ਵਿੱਚ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਅਸੀਂ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਔਰਤ ਸਮੇਤ 8 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪਰ ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਲੋਕਾਂ ਵਿੱਚ ਵੀ ਰੋਸ ਵਧਦਾ ਜਾ ਰਿਹਾ ਹੈ। ਉੱਧਰ, ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਟੀਮਾਂ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰ ਰਹੀਆਂ ਹਨ ਅਤੇ ਜਲਦ ਹੀ ਸਾਰੇ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।