ਲੰਮੀ ਉਡੀਕ ਮਗਰੋਂ ਖੁੱਲ੍ਹੇ ਟੁੱਟੀ-ਫੁੱਟੀ ਬੰਗਾ ਰੋਡ ਦੇ ਭਾਗ
ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਅਖੀਰ ਖੁੱਲ ਹੀ ਗਏ ਟੁੱਟੀ-ਫੁੱਟੀ ਬੰਗਾ ਰੋਡ ਦੇ ਭਾਗ
Publish Date: Wed, 24 Jun 2026 08:03 PM (IST)
Updated Date: Wed, 24 Jun 2026 08:04 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਫਗਵਾੜਾ ਦੇ ਜੀਟੀ ਰੋਡ ਤੋਂ ਮੇਹਲੀ ਬਾਈਪਾਸ ਰੋਡ ਨੂੰ ਜੋੜਦੀ ਪੁਰਾਣੀ ਬੰਗਾ ਰੋਡ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਤਰਸਯੋਗ ਬਣੀ ਹੋਈ ਸੀ ਜਿਸ ਨੂੰ ਲੈ ਕੇ ਫਗਵਾੜਾ ਦੇ ਲੋਕਾਂ ਵਿੱਚ ਭਾਰੀ ਰੋਹ ਬਣਿਆ ਹੋਇਆ ਸੀ। ਇਸ ਸੜਕ ਦੀ ਮੁੜ ਉਸਾਰੀ ਦਾ ਮੁੱਦਾ ਹਰੇਕ ਚੋਣ ਸਮੇਂ ਪ੍ਰਮੁੱਖਤਾ ਨਾਲ ਉਠਾਇਆ ਜਾਂਦਾ ਸੀ। ਅਨੇਕਾਂ ਵਾਰ ਧਰਨੇ ਵੀ ਲਗਾਏ ਗਏ ਪਰ ਸੜਕ ਦੀ ਉਸਾਰੀ ਵੱਲ ਸਮੇਂ ਦੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ। ਹੁਣ ਬੇਸ਼ੱਕ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਹੀ ਸਮਾਂ ਪਹਿਲਾਂ ਸੜਕ ਦੀ ਮੁੜ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਪਰ ਲੋਕ ਦੇਰ ਨਾਲ ਹੀ ਸਹੀ, ਸੜਕ ਦੇ ਭਾਗ ਖੁੱਲ੍ਹਣ ’ਤੇ ਖੁਸ਼ੀ ਮਹਿਸੂਸ ਕਰ ਰਹੇ ਹਨ। ਲੋਕ ਬੰਗਾ ਰੋਡ ਦੀ ਮੁੜ ਉਸਾਰੀ ਦਾ ਸਿਹਰਾ ਪਿਛਲੇ ਦਿਨੀਂ ਫਗਵਾੜਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਬਣੇ ਡਾ. ਰਾਜਕੁਮਾਰ ਚੱਬੇਵਾਲ ਮੈਂਬਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸਿਰ ਸਜਾ ਰਹੇ ਹਨ। ਆਮ ਲੋਕਾਂ ਅਤੇ ਵਾਹਨ ਚਾਲਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੰਗਾ ਰੋਡ ਦੀ ਖਸਤਾ ਹਾਲਤ ਕਾਰਨ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੜਕ ਵਿੱਚ ਪਏ ਡੂੰਘੇ ਟੋਏ ਅਤੇ ਟੁੱਟੇ ਹੋਏ ਹਿੱਸਿਆਂ ਕਾਰਨ ਨਾ ਸਿਰਫ਼ ਵਾਹਨਾਂ ਨੂੰ ਨੁਕਸਾਨ ਪਹੁੰਚਦਾ ਸੀ, ਸਗੋਂ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਸੀ। ਬਰਸਾਤ ਦੇ ਦਿਨਾਂ ਵਿੱਚ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਸੀ। ਹੁਣ ਸੜਕ ਦੀ ਉਸਾਰੀ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਇਲਾਕੇ ਦੇ ਵਪਾਰੀਆਂ, ਰਾਹਗੀਰਾਂ ਅਤੇ ਵਾਹਨ ਚਾਲਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬੰਗਾ ਰੋਡ ਦੀ ਮੁੜ ਉਸਾਰੀ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਸ਼ਹਿਰ ਅਤੇ ਹਲਕੇ ਦੇ ਵਿਕਾਸ ਲਈ ਹੋਰ ਵੀ ਕਈ ਪ੍ਰੋਜੈਕਟ ਯੋਜਨਾਬੱਧ ਢੰਗ ਨਾਲ ਅੱਗੇ ਵਧਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਵਿਕਾਸ ਕਾਰਜਾਂ ਦੇ ਹੋਰ ਵੀ ਵਧੀਆ ਨਤੀਜੇ ਦੇਖਣ ਨੂੰ ਮਿਲਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਜਨਤਾ ਨਾਲ ਜੁੜੇ ਹਰ ਮੁੱਦੇ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਫਗਵਾੜਾ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।