ਧੱਕੇ ਨਾਲ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਪਰੇਸ਼ਾਨ ਨਾ ਕਰੇ ਪ੍ਰਸ਼ਾਸਨ : ਟੂਰਾ
ਧੱਕੇ ਨਾਲ ਡਰੱਗ ਸਰਵੇ ਸਮਾਜਿਕ ਅਤੇ ਆਰਥਿਕ ਸਰਵੇ ਦੀਆਂ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਪਰੇਸ਼ਾਨ ਨਾ ਕਰੇ ਪ੍ਰਸ਼ਾਸਨ ਟੂਰਾ
Publish Date: Thu, 18 Jun 2026 11:09 PM (IST)
Updated Date: Thu, 18 Jun 2026 11:12 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਐੱਸਸੀ/ਬੀਸੀ ਸਮਾਜ ਤੇ ਮੁਲਾਜ਼ਮ ਵਰਗ ਦੀ ਆਵਾਜ਼ ਬੁਲੰਦ ਕਰਨ ਵਾਲੀ ਗਜ਼ਟਿਡ ਤੇ ਨਾਨ-ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਇਕਾਈ ਕਪੂਰਥਲਾ ਦੇ ਪ੍ਰਧਾਨ ਸਤਵੰਤ ਟੂਰਾ, ਸੰਤੋਖ ਮੱਲੀ, ਮਨਜੀਤ ਗਾਟ, ਲਖਵੀਰ ਚੰਦ, ਬਲਵਿੰਦਰ ਮਸੀਹ, ਮਨਜੀਤ ਦਾਸ ਤੇ ਬਲਵਿੰਦਰ ਨਿਧੱੜਕ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਵਿਚ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਸੀ ਕਿ ਪੰਜਾਬ ਦੇ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਕੰਮਾਂ ਵਿਚ ਡਿਊਟੀਆਂ ਨਹੀਂ ਲਗਾਈਆਂ ਜਾਣਗੀਆਂ ਪਰ ਸਭ ਕੁੱਝ ਇਸ ਦੇ ਉਲਟ ਹੀ ਹੋ ਰਿਹਾ ਹੈ, ਇਸ ਤਰਾਂ ਲੱਗਦਾ ਹੈ ਕਿ ਸਰਕਾਰ ਜਾਣ ਬੁੱਝ ਕੇ ਪ੍ਰਸ਼ਾਸਨ ਦੇ ਜ਼ਰੀਏ ਸੱਭ ਤੋਂ ਵੱਧ ਕੰਮ ਜੋ ਗੈਰ ਵਿੱਦਿਅਕ ਹਨ ਅਧਿਆਪਕਾਂ ਨੂੰ ਹੀ ਦੇ ਰਹੀ ਹੈ ਤਾਂ ਕਿ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਗਰੀਬ ਵਰਗ ਦੇ ਬੱਚਿਆਂ ਦਾ ਪੜ੍ਹਾਈ ਵਿਚ ਰੱਜ ਕੇ ਨੁਕਸਾਨ ਹੋਵੇ ਤੇ ਉਨ੍ਹਾਂ ਨੂੰ ਵੋਟ ਬੈਂਕ ਤੱਕ ਹੀ ਸੀਮਤ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਵੱਲੋਂ ਬਹੁਤ ਸਾਰੀਆਂ ਆਪਣੀਆਂ ਸਮੱਸਿਆਵਾਂ ਨੂੰ ਅਖਬਾਰਾਂ ਰਾਹੀਂ ਬਿਆਨ ਕੀਤਾ ਪਰ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਇਨ੍ਹਾਂ ਉੱਪਰ ਧਿਆਨ ਨਹੀਂ ਦਿੱਤਾ, ਜਿਵੇਂ ਹਾਲ ਹੀ ਵਿਚ ਸਭ ਤੋਂ ਵੱਧ ਜਨਗਣਨਾ ਦੇ ਵਿਚ ਡਿਊਟੀਆਂ ਅਧਿਆਪਕ ਵਰਗ ਦੀਆਂ ਹੀ ਲਗਾਈਆਂ, ਸਰਕਾਰ ਦੇ ਹੈਲਥ ਕਾਰਡ ਬਣਾਉਣ ਦੇ ਵਿਚ ਸੁਪਰਵਾਈਜ਼ਰ, ਬੀਐੱਲਓ ਅਧਿਆਪਕ ਵਰਗ ਵਿਚੋਂ ਸਭ ਤੋਂ ਵੱਧ ਮਾਸਟਰ ਟ੍ਰੇਨਰ ਸਭ ਤੋਂ ਵੱਧ ਅਧਿਆਪਕ ਵਰਗ ਵਿਚੋਂ ਇਥੋਂ ਤੱਕ ਕਿ ਬਹੁਤ ਸਾਰੇ ਦਫ਼ਤਰਾਂ ਵਿਚ ਵੀ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਹੀ ਕੰਮ ਚਲਾਉਣ ਲਈ ਗੈਰ ਵਿੱਦਿਅਕ ਕੰਮਾਂ ਵਿੱਚ ਲਗਾਇਆ ਹੋਇਆ ਹੈ। ਟੂਰਾ ਨੇ ਪ੍ਰੈੱਸ ਨੂੰ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਲੋਕਲ ਪ੍ਰਸ਼ਾਸਨ ਵੱਲੋਂ ਇਸ ਡਰੱਗ ਸਰਵੇ, ਸਮਾਜਿਕ ਸਰਵੇ ਤੇ ਆਰਥਿਕ ਸਰਵੇ ਦੀਆਂ ਡਿਊਟੀਆਂ ਲਗਾ ਕੇ ਆਰਡਰ ਭੇਜੇ ਗਏ ਹਨ ਉਸ ਦੇ ਨਾਲ ਹੀ ਇਕ ਲਿੰਕ ਵੀ ਦਿੱਤਾ ਗਿਆ ਹੈ ਕਿ ਜਿਹੜੇ ਵੀ ਕਰਮਚਾਰੀ ਇਸ ਸਰਵੇ ਕਰਨ ਦੇ ਲਈ ਸਹਿਮਤ ਹਨ ਉਹ ਇਸ ਲਿੰਕ ਉੱਪਰ ਰਜਿਸਟਰੇਸ਼ਨ ਕਰਨਗੇ ਲਿੰਕ ਖੁੱਲ੍ਹਦੇ ਸਾਰ ਹੀ ਪਹਿਲਾਂ ਸਹਿਮਤੀ ਲਈ ਜਾਂਦੀ ਹੈ ਪਰ ਸਾਡੇ ਅਧਿਕਾਰੀ ਤੇ ਦਫਤਰਾਂ ਵਿਚ ਕੰਮ ਕਰ ਰਹੇ ਸਟਾਫ ਵੱਲੋਂ ਧੱਕੇਸ਼ਾਹੀ ਨਾਲ ਫੋਨ ਕੀਤੇ ਜਾ ਰਹੇ ਹਨ ਕਿ ਉਹ ਇਸ ਡਿਊਟੀ ’ਤੇ ਤੁਰੰਤ ਹਾਜ਼ਰ ਹੋਣ। ਇਸ ਤੋਂ ਵੀ ਵੱਡੀ ਗੱਲ ਸ਼ਾਇਦ ਦਫ਼ਤਰੀ ਸਟਾਫ ਵੱਲੋਂ ਅਧਿਆਪਕ ਵਰਗ ਦੇ ਸਟੇਟਸ ਬਾਰੇ ਵੀ ਖਿਆਲ ਨਹੀਂ ਰੱਖਿਆ ਜਾਂਦਾ, ਕਿਸੇ ਵੀ ਡਿਊਟੀ ਲਈ ਕਿਸੇ ਵੀ ਅਧਿਆਪਕ ਵਰਗ ਦੇ ਸਟੇਟਸ ਨੂੰ ਧਿਆਨ ਵਿਚ ਰੱਖਣ ਤੋਂ ਬਿਨਾਂ ਹੀ ਬਹੁਤ ਸਾਰੀਆਂ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਹਨ ਜੋ ਬਿਲਕੁਲ ਗਲਤ ਹੈ। ਡਿਊਟੀਆਂ ਲਗਾਉਣ ਸਮੇਂ ਅਧਿਆਪਕ ਵਰਗ ਦੇ ਸਟੇਟਸ ਨੂੰ ਜਰੂਰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਡਿਊਟੀਆਂ ਸਾਰੇ ਵਿਭਾਗਾਂ ਦੇ ਵਿਚੋਂ ਸਹਿਮਤੀ ਨਾਲ ਲੱਗਣੀਆਂ ਚਾਹੀਦੀਆਂ ਹਨ ਪਰ ਦਫ਼ਤਰੀ ਕਰਮਚਾਰੀਆਂ ਨੂੰ ਪਤਾ ਨਹੀਂ ਕਿਉਂ ਸਿੱਖਿਆ ਵਿਭਾਗ ਦੇ ਵਿਚ ਅਧਿਆਪਕ ਵਰਗ ਨੂੰ ਹੀ ਵਾਰ-ਵਾਰ ਡਿਊਟੀਆਂ ਲਗਾ ਕੇ ਕਿਉਂ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਨਗਨਣਾ ਵਿਚ ਬਹੁਤ ਸਾਰੇ ਕਰਮਚਾਰੀਆਂ ਵੱਲੋਂ ਰਾਜਨੀਤਿਕ ਪਹੁੰਚ ਕਾਰਨ ਇਹ ਡਿਊਟੀਆਂ ਕਟਵਾ ਲਈਆਂ ਸਨ, ਪਰ ਇਸ ਵਾਰ ਇਹ ਧਿਆਨ ਜਥੇਬੰਦੀਆਂ ਦੇ ਵੱਲੋਂ ਜ਼ਰੂਰ ਰੱਖਿਆ ਜਾਵੇਗਾ। ਫੈੱਡਰੇਸ਼ਨ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਲੋਕਲ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਡਰੱਗ ਸਰਵੇ ਸਮਾਜਿਕ ਤੇ ਆਰਥਿਕ ਸਰਵੇਖਣ ਦੇ ਵਿਚ ਕਰਮਚਾਰੀਆਂ ਦੀਆਂ ਡਿਊਟੀਆਂ ਉਨ੍ਹਾਂ ਦੀ ਸਹਿਮਤੀ ਲੈ ਕੇ ਹੀ ਲਗਾਈਆਂ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਾ ਕੀਤੀ ਜਾਵੇ ਨਹੀਂ ਤਾਂ ਬਹੁਤ ਜਲਦ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਲਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ। ਫੈੱਡਰੇਸ਼ਨ ਵੱਲੋਂ ਇਸ ਗੱਲ ਦਾ ਵੀ ਰੋਸ ਪਾਇਆ ਜਾ ਰਿਹਾ ਹੈ ਕਿ ਇਹ ਸਰਵੇ ਵਿਚ ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਆਪਣਾ ਜ਼ਿਆਦਾਤਰ ਪ੍ਰਚਾਰ ਕਰ ਰਹੀ ਹੈ। ਅਗਰ ਸਰਕਾਰ ਨੂੰ ਆਪਣੇ ਪ੍ਰਚਾਰ ਦਾ ਜ਼ਿਆਦਾ ਫਿਕਰ ਹੈ ਤਾਂ ਉਹ ਘੱਟੋ-ਘੱਟ ਸਰਕਾਰ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਮੁਲਾਜ਼ਮ ਵਰਗ ਦੀਆਂ ਗੱਲਾਂ ਨੂੰ ਵੀ ਧਿਆਨ ਨਾਲ ਸੁਣ ਸਕਦੀ ਹੈ ਕਿਉਂਕਿ ਪਿਛਲੇ ਚਾਰ ਸਾਲ ਤੋਂ ਵੱਧ ਸਮੇਂ ਵਿਚ ਮੁਲਾਜ਼ਮ ਵਰਗ ਦੀ ਕੋਈ ਵੀ ਮੰਗ ਸਰਕਾਰ ਦੇ ਵੱਲੋਂ ਨਹੀਂ ਮੰਨੀ ਗਈ ਸਗੋਂ ਡੰਗ ਟਪਾਈ ਹੀ ਕੀਤੀ ਗਈ ਹੈ। ਇਸ ਮੌਕੇ ਵਿਨੋਦ ਕੁਮਾਰ, ਅਸ਼ੋਕ ਮੂਲ ਨਿਵਾਸੀ, ਰਾਮਪਾਲ, ਦਿਨੇਸ਼ ਕੁਮਾਰ, ਸੋਹਣ ਲਾਲ, ਦੀਪਕ ਸਹਿਗਲ, ਜਸਵੀਰ ਖਲਵਾੜਾ, ਗੁਰਸੇਵਕ, ਪਵਨ ਕੁਮਾਰ ਆਦਿ ਹਾਜ਼ਰ ਸਨ।