ਐੱਸਆਈਆਰ ’ਚ ਕੰਮ ਕਰ ਰਹੇ ਅਧਿਆਪਕਾਂ ’ਤੇ ਬੇਲੋੜਾ ਦਬਾਅ ਪਾਉਣਾ ਬੰਦ ਕਰੇ ਪ੍ਰਸ਼ਾਸਨ : ਸਾਂਝਾ ਅਧਿਆਪਕ ਮੋਰਚਾ ਐਸ.ਆਈ.ਆਰ. ਵਿੱਚ ਕੰਮ ਕਰ ਰਹੇ ਅਧਿਆਪਕਾ ਤੇ ਬੇਲੋੜਾ ਦਬਾਅ ਬਣਾਉਣ ਬੰਦ ਕਰੇ ਪ੍ਰਸ਼ਾਸਨ- ਸਾਂਝਾ ਅਧਿਆਪਕ ਮੋਰਚਾ
Publish Date: Tue, 07 Jul 2026 07:13 PM (IST)
Updated Date: Tue, 07 Jul 2026 07:15 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਸਾਂਝਾ ਅਧਿਆਪਕ ਮੋਰਚਾ ਤਹਿਸੀਲ ਫਗਵਾੜਾ ਦੇ ਆਗੂਆਂ ਦੀ ਅਹਿਮ ਮੀਟਿੰਗ ਚੱਕ ਹਕੀਮ ’ਚ ਹੋਈ। ਸਾਂਝਾ ਅਧਿਆਪਕ ਮੋਰਚਾ ਦੇ ਆਗੂ ਗਣੇਸ਼ ਭਗਤ, ਜਸਬੀਰ ਭੰਗੂ, ਜਸਵੀਰ ਸਿੰਘ, ਸਤਨਾਮ ਸਿੰਘ ਪਰਮਾਰ, ਪਰਮਜੀਤ ਚੌਹਾਨ, ਸਤਨਾਮ ਸਿੰਘ ਗਿੱਲ, ਸੁਰਿੰਦਰ ਰਾਮ ਤੇ ਪੰਕਜ ਸ਼ਰਮਾ ਨੇ ਦੱਸਿਆ ਕਿ ਐੱਸਆਈਆਰ ਦੇ ਕੰਮ ਵਿੱਚ ਲੱਗੇ ਅਧਿਆਪਕ ਅਤੇ ਮੁਲਾਜ਼ਮਾਂ ਨੂੰ ਤਹਿਸੀਲਦਾਰ, ਐੱਸਡੀਐੱਮ ਅਤੇ ਜਿਲ੍ਹਾ ਅਧਿਕਾਰੀਆਂ ਵੱਲੋਂ ਵੱਡੇ ਪੱਧਰ ’ਤੇ ਤੰਗ ਪਰੇਸ਼ਾਨ ਕਰ ਕੇ ਕੰਮ ਜਲਦੀ ਮੁਕੰਮਲ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਪੰਜਾਬ ਭਰ ਸਾਰੇ ਜ਼ਿਲ੍ਹਿਆਂ ਵਿੱਚ ਐੱਸਆਈਆਰ ਦਾ ਕੰਮ 25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਜਾ ਕੇ ਕਰਮਚਾਰੀਆਂ ਨੇ ਕਰਨਾ ਹੈ। ਇਸ ਕਾਰਜ ਵਿੱਚ ਲੱਗੇ ਕਰਮਚਾਰੀ ਐੱਸਆਈਆਰ ਦਾ ਕੰਮ ਤਨਦੇਹੀ ਨਾਲ ਕਰ ਰਹੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਰੋਜ਼ਾਨਾ ਫੋਨ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਲਗਾਤਾਰ ਉਨ੍ਹਾਂ ਦੀਆਂ ਆਨਲਾਈਨ ਮੀਟਿੰਗਾਂ ਲਗਾਈਆਂ ਜਾ ਰਹੀਆਂ ਹਨ ਅਤੇ ਕੰਮ ਨੂੰ ਦਿੱਤੇ ਸਮੇਂ ਤੋਂ ਪਹਿਲਾਂ ਕਰਨ ਲਈ ਉਹਨਾਂ ਤੇ ਮਾਨਸਿਕ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਮੁਲਾਜ਼ਮ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਹਨ। ਅਧਿਆਪਕ ਆਗੂਆਂ ਦੱਸਿਆ ਕਿ ਫੀਲਡ ਵਿੱਚ ਕਰਮਚਾਰੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਨੂੰ ਵੋਟਰਾਂ ਦੇ ਘਰ ਵਾਰ-ਵਾਰ ਜਾਣਾ ਪੈ ਰਿਹਾ ਹੈ। ਅਨਪੜ੍ਹ ਤਾਂ ਛੱਡੋ, ਪੜੇ-ਲਿਖੇ ਵੀ ਵੋਟਰ ਮੁਲਾਜ਼ਮਾਂ ਨੂੰ ਅੱਤ ਦੀ ਗਰਮੀ ਵਿੱਚ ਗੇੜੇ ਮਰਵਾ ਰਹੇ ਹਨ। ਇਸ ਸਮੇਂ ਪੰਜਾਬ ਵਿੱਚ ਝੋਨੇ ਦੀ ਬਜਾਈ ਦਾ ਕੰਮ ਚੱਲ ਰਿਹਾ ਹੈ ਇਸ ਕਾਰਨ ਖੇਤ ਮਜ਼ਦੂਰ ਅਤੇ ਕਿਸਾਨ ਬਜਾਈ ਵਿੱਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਜਦਕਿ ਉੱਚ ਅਧਿਕਾਰੀ ਏ.ਸੀ ਕਮਰਿਆਂ ’ਚ ਬੈਠ ਕੇ ਹੁਕਮ ਚਲਾ ਰਹੇ ਹਨ। ਦੂਸਰੇ ਪਾਸੇ ਜ਼ਮੀਨੀ ਹਕੀਕਤ ਨੂੰ ਉਹ ਸਮਝ ਨਹੀਂ ਪਾ ਰਹੇ। ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਪੰਜਾਬ ਨੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਤਹਿਸੀਲ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਐੱਸਆਈਆਰ ਦੇ ਕੰਮ ਵਿੱਚ ਲੱਗੇ ਹੋਏ ਕਰਮਚਾਰੀਆਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਜੇਕਰ ਅਧਿਕਾਰੀਆਂ ਦਾ ਇਸੇ ਤਰ੍ਹਾਂ ਬੇਲੋੜਾ ਮਾਨਸਿਕ ਦਬਾਅ ਬਣਾਉਣਾ ਜਾਰੀ ਰਿਹਾ ਤਾਂ ਭਵਿੱਖ ਵਿੱਚ ਕੋਈ ਵੀ ਅਣਹੋਣੀ ਘਟਨਾ ਵਾਪਰ ਸਕਦੀ ਹੈ ਜਿਸ ਦੀ ਨਿਰੋਲ ਜਿੰਮੇਵਾਰੀ ਉਨ੍ਹਾਂ ਅਧਿਕਾਰੀਆਂ ਦੀ ਹੋਵੇਗੀ ਜਿਹੜੇ ਅਧਿਆਪਕ ਵਰਗ ਨੂੰ ਪ੍ਰੇਸ਼ਾਨ ਕਰ ਰਹੇ ਹਨ। ਅਧਿਆਪਕਾਂ ਨੂੰ ਇਸ ਕਾਰਜ ਨੂੰ ਬੜੀ ਸ਼ਿੱਦਤ ਅਤੇ ਇਮਾਨਦਾਰੀ ਨਾਲ ਕਰ ਰਹੇ ਹਨ। ਇਸ ਲਈ ਅਧਿਕਾਰੀਆ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰਨ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।