ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ
Publish Date: Mon, 13 Jul 2026 08:25 PM (IST)
Updated Date: Tue, 14 Jul 2026 04:09 AM (IST)
ਐੱਸਡੀਐੱਮ ਜਸਜੀਤ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਮੰਡ ਖੇਤਰਾਂ ਦਾ ਅਗੇਤਾ ਦੌਰਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਆਗਾਮੀ ਬਰਸਾਤੀ ਮੌਸਮ ਅਤੇ ਹੜ੍ਹਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਹੜ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਸ: ਜਸਜੀਤ ਸਿੰਘ, ਪੀ.ਸੀ.ਐਸ, ਉਪ ਮੰਡਲ ਮੈਜਿਸਟਰੇਟ, ਸੁਲਤਾਨਪੁਰ ਲੋਧੀ ਵੱਲੋਂ ਐਸ.ਡੀ.ਐਮ. ਦਫ਼ਤਰ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਅਤੇ ਹਲਕਾ ਪਟਵਾਰੀ ਲਵਪ੍ਰੀਤ ਸਿੰਘ ਦੇ ਨਾਲ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ ਅਤੇ ਹਰ ਸਾਲ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਬੰਨ੍ਹਾਂ ਦਾ ਨਿਰੀਖਣ ਤੇ ਹੜ੍ਹ ਰੋਕੂ ਪ੍ਰਬੰਧ ਦੌਰੇ ਦੌਰਾਨ ਐਸ.ਡੀ.ਐਮ. ਵੱਲੋਂ ਮੰਡ ਖੇਤਰ ਵਿੱਚ ਨਹਿਰੀ ਵਿਭਾਗ ਵੱਲੋਂ ਬਣਾਏ ਗਏ ਧੁੱਸੀ ਬੰਨ੍ਹ ਅਤੇ ਮੰਡ ਖੇਤਰ ਦੇ ਵਸਨੀਕਾਂ ਵੱਲੋਂ ਆਪਣੇ ਪੱਧਰ ਤੇ ਸੁਰੱਖਿਆ ਲਈ ਬਣਾਏ ਹੋਏ ਅਸਥਾਈ/ਲੋਕਲ ਬੰਨ੍ਹ ਦਾ ਜਾਇਜ਼ਾ ਲਿਆ ਗਿਆ। ਜ਼ਿਕਰਯੋਗ ਹੈ ਕਿ ਬਾਊਪੁਰ ਦਾ ਇਹ ਲੋਕਲ ਬੰਨ੍ਹ ਲੱਗਭਗ 17 ਕਿਲੋਮੀਟਰ ਲੰਬਾ ਹੈ ਜੋ ਕਿ ਮੰਡ ਏਰੀਆ ਵਿੱਚ ਸਥਿਤ ਹੈ। ਇਸ ਟਾਪੂ ਨੁਮਾ ਬਾਊਪੁਰ ਵਿੱਚ ਲੱਗਭਗ 10-12 ਪਿੰਡ ਪੈਂਦੇ ਹਨ ਜਿੰਨਾਂ ਵਿੱਚ ਲਗਭੱਗ 60-70 ਡੇਰੇ ਆਦਿ ਹਨ ਅਤੇ ਲਗਭਗ 350 ਵਸਨੀਕ ਰਿਹਾਇਸ਼ ਰੱਖਦੇ ਹਨ। ਰਾਹਤ ਕੈਂਪ ਤੇ ਅਗੇਤੀ ਤਿਆਰੀ ਬਾਰਿਸ਼ ਦੇ ਮੌਸਮ ਤੋਂ ਪਹਿਲਾਂ ਹੀ ਅਗੇਤੇ ਰੂਪ ਵਿੱਚ ਕਦਮ ਚੁੱਕਦਿਆਂ, ਉਪ ਮੰਡਲ ਮਜਿਸਟਰੇਟ ਜਸਜੀਤ ਸਿੰਘ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਲੱਖਵਰਿਆਂ ਦਾ ਮੁਆਇਨਾ ਵੀ ਕੀਤਾ ਗਿਆ, ਜਿੱਥੇ ਪ੍ਰਸ਼ਾਸਨ ਵੱਲੋਂ ਹਰ ਸਾਲ ਆਫਤ ਦੌਰਾਨ ਪ੍ਰਭਾਵਿਤ ਲੋਕਾਂ ਲਈ ਰਾਹਤ ਕੈਂਪ ਸਥਾਪਿਤ ਕੀਤਾ ਜਾਂਦਾ ਹੈ। ਪਵਿੱਤਰ ਵੇਈਂ ਦੀ ਸਫ਼ਾਈ ਤੇ ਪੁਲ ਦੀ ਮੁਰੰਮਤ ਇਸ ਦੌਰੇ ਦੌਰਾਨ ਉਹਨਾਂ ਨੇ ਪਵਿੱਤਰ ਕਾਲੀ ਵੇਈਂ ਦੇ ਖੇਤਰ ਦਾ ਦੌਰਾ ਕਰਦੇ ਹੋਏ ਨਹਿਰੀ ਵਿਭਾਗ ਨੂੰ ਵੇਈਂ ਵਿੱਚ ਉੱਗੀ ਬੂਟੀ ਦੀ ਸਾਫ-ਸਫਾਈ ਤੁਰੰਤ ਯਕੀਨੀ ਬਣਾਉਣ ਦੇ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ, ਤਾਂ ਜੋ ਸੰਗਤਾਂ ਵੱਲੋਂ ਮਿਤੀ 16 ਜੁਲਾਈ 2026 ਨੂੰ ਮਨਾਈ ਜਾ ਰਹੀ ਪਵਿੱਤਰ ਵੇਈਂ ਦੀ ਸਾਫ-ਸਫਾਈ ਦੀ 26ਵੀਂ ਵਰ੍ਹੇਗੰਢ ਮੌਕੇ ਕੋਈ ਮੁਸ਼ਕਿਲ ਨਾ ਆਵੇ। ਇਸ ਦੇ ਨਾਲ ਹੀ ਗੁਰਦੁਆਰਾ ਬੇਰ ਸਾਹਿਬ ਦੇ ਨਜ਼ਦੀਕ ਸਥਿਤ ਪਲਟੂਨ ਪੁਲ ਦਾ ਨਿਰੀਖਣ ਵੀ ਕੀਤਾ ਗਿਆ। ਪੁੱਲ ਦੀ ਰਿਪੇਅਰ ਦੀ ਲੋੜ ਨੂੰ ਮੁੱਖ ਰੱਖਦੇ ਹੋਏ, ਐਸ.ਡੀ.ਐਮ. ਵੱਲੋਂ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਐਸ.ਡੀ.ਓ. ਵਿਵੇਕ ਵਿਸ਼ਿਸ਼ਟ ਨੂੰ ਲੋੜੀਂਦੀ ਰਿਪੇਅਰ ਤੁਰੰਤ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਅੰਤ ਵਿੱਚ ਐੱਸ.ਡੀ.ਐੱਮ. ਜਸਜੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਮਰੱਥ ਹੈ। ਉਹਨਾਂ ਸਮੂਹ ਸਬੰਧਤ ਵਿਭਾਗਾਂ ਨੂੰ ਮੌਕੇ ਤੇ ਹਦਾਇਤਾਂ ਜਾਰੀ ਕੀਤੀਆਂ ਕਿ ਹੜ੍ਹਾਂ ਤੋਂ ਪਹਿਲਾਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ।