ਮਹਿਲਾ ਕਰਮਚਾਰੀਆਂ ਨੂੰ ਨੇੜੇ ਐਡਜਸਟ ਕਰਨਾ ਚੰਗਾ ਕਦਮ : ਟੂਰਾ
ਇਸਤਰੀ ਕਰਮਚਾਰੀਆਂ ਨੂੰ ਨੇੜੇ ਐਡਜਸਟ ਕਰਨਾ ਸਰਕਾਰ ਦਾ ਵਧੀਆ ਕਦਮ
Publish Date: Mon, 22 Jun 2026 08:42 PM (IST)
Updated Date: Mon, 22 Jun 2026 08:42 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਐੱਸਸੀ/ਬੀਸੀ ਸਮਾਜ ਤੇ ਮੁਲਾਜ਼ਮ ਵਰਗ ਦੀ ਆਵਾਜ਼ ਬੁਲੰਦ ਕਰਨ ਵਾਲੀ ਗਜ਼ਟਿਡ ਤੇ ਨਾਨ ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਇਕਾਈ ਕਪੂਰਥਲਾ ਦੇ ਪ੍ਰਧਾਨ ਸਤਵੰਤ ਟੂਰਾ, ਮਨਜੀਤ ਗਾਟ, ਲਖਵੀਰ ਚੰਦ, ਬਲਵਿੰਦਰ ਨਿਧੜਕ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਦਾ ਸਵਾਗਤ ਕੀਤਾ ਹੈ, ਜਿਸ ਵਿਚ ਉਨ੍ਹਾਂ ਮਹਿਲਾ ਕਰਮਚਾਰੀਆਂ ਜੋ ਘਰਾਂ ਤੋਂ 40 ਕਿਲੋਮੀਟਰ ਤੋਂ ਵੱਧ ਦੂਰੀ ’ਤੇ ਵੱਖ-ਵੱਖ ਵਿਭਾਗਾਂ ਵਿਚ ਨੌਕਰੀਆਂ ਕਰ ਰਹੀਆਂ ਹਨ, ਨੂੰ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਦੇ ਬਲਾਕਾਂ ਵਿਚ ਐਡਜਸਟ ਕਰਨ ਦੀ ਪਹਿਲਕਦਮੀ ਕੀਤੀ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਹਜ਼ਾਰਾਂ ਹੀ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਦੂਰ-ਦੁਰਾਡੇ ਦੇ ਬਲਾਕਾਂ ਵਿਚ ਮਜਬੂਰੀ ਅਧੀਨ ਸੇਵਾਵਾਂ ਨਿਭਾ ਰਹੇ ਹਨ ਭਾਵੇਂ ਉਹ ਮਹਿਲਾ ਕਰਮਚਾਰੀ ਹਨ ਜਾਂ ਪੁਰਸ਼ ਕਰਮਚਾਰੀ ਹਨ। ਫੈੱਡਰੇਸ਼ਨ ਦੇ ਵਫ਼ਦ ਨੇ ਗੱਲਬਾਤ ਕਰਦਿਆਂ ਕਿਹਾ ਹਰ ਸਾਲ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਦੀਆਂ ਆਮ ਬਦਲੀਆਂ ਕੀਤੀਆਂ ਜਾਂਦੀਆਂ ਹਨ ਪਰ ਆਪਣੀ ਪਹੁੰਚ ਰੱਖਣ ਵਾਲੇ ਕਰਮਚਾਰੀ ਤਾਂ ਘਰਾਂ ਦੇ ਨਜ਼ਦੀਕ ਬਦਲੀਆਂ ਕਰਵਾਉਣ ਵਿਚ ਕਾਮਯਾਬ ਹੋ ਜਾਂਦੇ ਹਨ ਤੇ ਜੋ ਸਰਕਾਰ ਦੇ ਵੱਲੋਂ ਨਵੀਆਂ ਨਿਯੁਕਤੀਆਂ ਜਾਂ ਬਦਲੀ ਉੱਤੇ ਤਿੰਨ ਸਾਲ ਦੀ ਸ਼ਰਤ ਲਗਾਈ ਜਾਂਦੀ ਹੈ, ਉਨ੍ਹਾਂ ਸਾਰਿਆਂ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਬਹੁਤ ਸਾਰੇ ਕਰਮਚਾਰੀ ਵੱਖ-ਵੱਖ ਵਿਭਾਗਾਂ ਵਿਚ ਆਪਣਾ ਆਰਜ਼ੀ ਡੈਪੂਟੇਸ਼ਨ ਆਪਣੀ ਘਰਾਂ ਦੇ ਨਜ਼ਦੀਕ ਸਟੇਸ਼ਨਾਂ ਉੱਪਰ ਲਗਵਾ ਲੈਂਦੇ ਹਨ ਪਰ ਆਮ ਕਰਮਚਾਰੀ ਖੱਜਲ-ਖੁਆਰ ਹੁੰਦੇ ਹਨ। ਹੁਣ ਜੋ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ, ਇਹ ਇਕ ਵਧੀਆ ਕਦਮ ਹੈ ਪਰ ਜੇ ਲੋਕਲ ਬਲਾਕਾਂ ਵਿਚ ਪੋਸਟਾਂ ਖਾਲੀ ਹਨ ਤਾਂ ਸਰਕਾਰ ਨੂੰ ਪੁਰਸ਼ ਕਰਮਚਾਰੀਆਂ ਨੂੰ ਵੀ ਆਮ ਬਦਲੀਆਂ ਦੇ ਅਧੀਨ ਇਮਾਨਦਾਰੀ ਨਾਲ ਖਾਲੀ ਸਟੇਸ਼ਨਾਂ ਉੱਤੇ ਐਡਜਸਟ ਕਰਨਾ ਚਾਹੀਦਾ ਹੈ, ਉਨ੍ਹਾਂ ਦੇ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ। ਟੂਰਾ ਨੇ ਅਪੀਲ ਕਰਦਿਆਂ ਕਿਹਾ ਕਿ ਅਗਰ ਸਰਕਾਰ ਸਾਰੇ ਵਿਭਾਗਾਂ ਵਿਚੋਂ ਇਮਾਨਦਾਰੀ ਨਾਲ ਆਮ ਬਦਲੀਆਂ ਵਾਲੀ ਨੀਤੀ ਨੂੰ ਲਾਗੂ ਕਰੇ ਕਿ ਜਿੰਨੀਆਂ ਵੀ ਪੋਸਟਾਂ ਖਾਲੀ ਹਨ, ਜਿਸ ਵੀ ਵਿਭਾਗ ਵਿਚ ਖਾਲੀ ਪਈਆਂ ਹਨ ਉਨ੍ਹਾਂ ਨੂੰ ਪਹਿਲ ਦੇ ਅਨੁਸਾਰ ਭਰਨ ਦੇ ਤੁਰੰਤ ਹੁਕਮ ਦੇਵੇ ਤਾਂ ਕਿ ਜੋ ਕਰਮਚਾਰੀ ਦੂਰ-ਦੁਰਾਡੇ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ ਛੱਡ ਕੇ ਦੂਸਰੇ ਸਥਾਨਾਂ ’ਤੇ ਸੇਵਾਵਾਂ ਨਿਭਾ ਰਹੇ ਹਨ ਨੂੰ ਆਪਣੇ ਲੋਕਲ ਪਏ ਖਾਲੀ ਸਟੇਸ਼ਨਾਂ ਉੱਤੇ ਆ ਸਕਦੇ ਹਨ, ਜਿਥੇ ਉਹ ਆਪਣੀ ਡਿਊਟੀ ਵੀ ਵਧੀਆ ਢੰਗ ਨਾਲ ਨਿਭਾ ਸਕਦੇ ਹਨ, ਉਥੇ ਨਾਲ ਹੀ ਉਹ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਵੀ ਨਿਭਾ ਸਕਦੇ ਹਨ। ਫੈੱਡਰੇਸ਼ਨ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੀ ਹੈ ਕਿ ਸਾਰੇ ਵਿਭਾਗਾਂ ਵਿਚ ਜੋ ਪੁਰਸ਼ ਕਰਮਚਾਰੀ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਆਮ ਬਦਲੀਆਂ ਤੋਂ ਇਲਾਵਾ ਵੀ ਮੈਰਿਟ ਦੇ ਅਧਾਰ ’ਤੇ ਰਿਹਾਇਸ਼ੀ ਖੇਤਰ ਦੇ ਨਜ਼ਦੀਕ ਐਡਜਸਟ ਕਰਨ ਵਾਲੇ ਫੈਸਲੇ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਇਸ ਮੌਕੇ ਅਸ਼ੋਕ ਮੂਲ ਨਿਵਾਸੀ, ਵਿਨੋਦ ਕੁਮਾਰ, ਸੁਖਦੇਵ ਬੋਹਾਨੀ, ਸਤਨਾਮ ਗਿੱਲ, ਗੁਰਸੇਵਕ, ਜਸਵੀਰ ਖਲਵਾੜਾ, ਵਿਜੇ, ਸਤੀਸ਼ ਕੁਮਾਰ, ਦੀਪਕ ਸਹਿਗਲ, ਪਰਵੀਨ ਭੁੱਟਾ, ਮਨਜੀਤ ਦਾਸ, ਬਨਵਾਰੀ, ਸੋਹਣ ਲਾਲ, ਬਲਵਿੰਦਰ ਮਸੀਹ ਆਦਿ ਹਾਜ਼ਰ ਸਨ।