ਸਿਆਸੀ ਪਾਰਟੀਆਂ ਦੇ ਆਪਸੀ ਕਾਟੋ ਕਲੇਸ਼ ਦਾ ਸਿੱਧਾ ਲਾਭ ਆਪ ਨੂੰ ਸਿਆਸੀ ਪਾਰਟੀਆਂ ਦੇ ਆਪਸੀ ਕਾਂਟੋ ਕਲੇਸ਼ ਦਾ ਸਿਧਾ ਲਾਭ ਆਪ ਨੂੰ
Publish Date: Wed, 08 Jul 2026 07:55 PM (IST)
Updated Date: Wed, 08 Jul 2026 07:57 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ ਕਾਂਗਰਸ ਪਾਰਟੀ ’ਚ ਚੱਲ ਰਹੇ ਅੰਦਰੂਨੀ ਮਤਭੇਦ ਤੇ ਧੜੇਬੰਦੀ ਦਾ ਸਿੱਧਾ ਲਾਭ ਆਮ ਆਦਮੀ ਪਾਰਟੀ ਨੂੰ ਮਿਲੇਗਾ। ਕਾਂਗਰਸ ਆਪਣੇ ਅੰਦਰੂਨੀ ਵਿਵਾਦਾਂ ਵਿੱਚ ਹੀ ਉਲਝੀ ਹੋਈ ਹੈ, ਜਿਸ ਕਾਰਨ ਉਹ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣ ਵਿੱਚ ਨਾਕਾਮ ਰਹੀ ਹੈ। ਪੰਜਾਬ ਦੀ ਜਨਤਾ ਵਿਕਾਸ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ ਭਲਾਈ ਦੀ ਰਾਜਨੀਤੀ ਨੂੰ ਤਰਜੀਹ ਦੇ ਰਹੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕ ਹਿੱਤ ਫ਼ੈਸਲਿਆਂ ਕਾਰਨ ਲੋਕਾਂ ਦਾ ਭਰੋਸਾ ਆਮ ਆਦਮੀ ਪਾਰਟੀ ’ਤੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਜਿੱਥੇ ਵਿਰੋਧੀ ਪਾਰਟੀਆਂ ਆਪਸੀ ਖਿੱਚੋਤਾਣ ਵਿੱਚ ਰੁੱਝੀਆਂ ਹੋਈਆਂ ਹਨ, ਉੱਥੇ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਲਈ ਕੰਮ ਕਰ ਰਹੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਵਿਕਾਸ ਅਤੇ ਕੰਮ ਦੀ ਰਾਜਨੀਤੀ ਨੂੰ ਹੀ ਸਮਰਥਨ ਦੇਣਗੇ ਅਤੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ। ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਅਤੇ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੀ ਸਿਆਸੀ ਉਥਲ-ਪੁਥਲ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਾਰਟੀ ਦੇ ਅੰਦਰ ਕਈ ਸੀਨੀਅਰ ਆਗੂਆਂ ਵਿਚਾਲੇ ਸਿਆਸੀ ਮੁਕਾਬਲਾ ਅਤੇ ਆਪਸੀ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਕਾਂਗਰਸ ਦੀ ਏਕਤਾ ’ਤੇ ਸਵਾਲ ਉੱਠ ਰਹੇ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪੰਜਾਬ ਕਾਂਗਰਸ ਵਿੱਚ ਦਰਜਨ ਦੇ ਕਰੀਬ ਆਗੂ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ’ਚ ਲੱਗੇ ਹੋਏ ਹਨ। ਇਸ ਕਾਰਨ ਪਾਰਟੀ ਦੇ ਅੰਦਰ ਆਪਸੀ ਤਾਲਮੇਲ ਦੀ ਥਾਂ ਸਿਆਸੀ ਮੁਕਾਬਲਾ ਵਧਦਾ ਨਜ਼ਰ ਆ ਰਿਹਾ ਹੈ ਜਿਸ ਦਾ ਅਸਰ ਸੰਗਠਨ ਦੀ ਕਾਰਗੁਜ਼ਾਰੀ ’ਤੇ ਵੀ ਪੈ ਸਕਦਾ ਹੈ। ਵਿਸ਼ਲੇਸ਼ਕਾਂ ਅਨੁਸਾਰ ਜੇਕਰ ਇਹ ਅੰਦਰੂਨੀ ਖਿੱਚੋਤਾਣ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਇਸ ਦਾ ਸਿਆਸੀ ਲਾਭ ਵਿਰੋਧੀ ਪਾਰਟੀਆਂ, ਖ਼ਾਸ ਕਰ ਕੇ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ। ਹਾਲਾਂਕਿ ਕਾਂਗਰਸ ਦੇ ਆਗੂ ਸਮੇਂ-ਸਮੇਂ ’ਤੇ ਇਹ ਦਾਅਵਾ ਕਰਦੇ ਰਹੇ ਹਨ ਕਿ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਸਾਰੇ ਫ਼ੈਸਲੇ ਹਾਈ ਕਮਾਨ ਦੀ ਅਗਵਾਈ ਹੇਠ ਕੀਤੇ ਜਾਣਗੇ, ਪਰ ਲਗਾਤਾਰ ਸਾਹਮਣੇ ਆ ਰਹੇ ਮਤਭੇਦਾਂ ਨੇ ਸਿਆਸੀ ਚਰਚਾਵਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਾਂਗਰਸ ਆਪਣੀਆਂ ਅੰਦਰੂਨੀ ਚੁਣੌਤੀਆਂ ਨੂੰ ਕਿਸ ਹੱਦ ਤੱਕ ਸੁਲਝਾ ਕੇ ਇਕਜੁੱਟ ਹੋ ਕੇ ਮੈਦਾਨ ਵਿੱਚ ਉਤਰਦੀ ਹੈ ਜਾਂ ਫਿਰ ਅੰਦਰੂਨੀ ਕਾਟੋ-ਕਲੇਸ਼ ਵਿਰੋਧੀ ਧਿਰਾਂ ਲਈ ਸਿਆਸੀ ਮੌਕੇ ਪੈਦਾ ਕਰਦਾ ਹੈ। ਪੰਥਕ ਰਲੇਵੇਂ ਦਾ ਨਾ ਹੋਣਾ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਖ਼ਤਰੇ ਦੀ ਘੰਟੀ ਪੰਜਾਬ ਦੀ ਸਿਆਸਤ ’ਚ ਪਿੰਡਾਂ ਦੇ ਖੇਤਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰਵਾਇਤੀ ਪਕੜ ਲੰਬੇ ਸਮੇਂ ਤੋਂ ਮਜ਼ਬੂਤ ਮੰਨੀ ਜਾਂਦੀ ਰਹੀ ਹੈ। ਖੇਤੀਬਾੜੀ, ਪੰਥਕ ਮੁੱਦਿਆਂ ਅਤੇ ਪੇਂਡੂ ਵਰਗ ਨਾਲ ਜੁੜਾਅ ਕਾਰਨ ਪਾਰਟੀ ਨੂੰ ਪਿੰਡਾਂ ਵਿੱਚ ਹਮੇਸ਼ਾ ਹੀ ਵਧੀਆ ਸਮਰਥਨ ਮਿਲਦਾ ਰਿਹਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ਵਿੱਚ ਪੰਥਕ ਰਾਜਨੀਤੀ ਨਾਲ ਜੁੜੀਆਂ ਵੱਖ-ਵੱਖ ਧਿਰਾਂ ਦੀ ਸਰਗਰਮੀ ਕਾਰਨ ਅਕਾਲੀ ਸਮਰਥਕ ਵੋਟਾਂ ਵਿੱਚ ਵੰਡ ਦੀ ਸੰਭਾਵਨਾ ਬਣ ਸਕਦੀ ਹੈ। ਜੇਕਰ ਪੰਥਕ ਵਿਚਾਰਧਾਰਾ ਨਾਲ ਜੁੜੇ ਵੋਟਰ ਵੱਖ-ਵੱਖ ਪਾਰਟੀਆਂ ਵੱਲ ਰੁਖ ਕਰਦੇ ਹਨ ਤਾਂ ਇਸ ਦਾ ਪ੍ਰਭਾਵ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰਵਾਇਤੀ ਵੋਟ ਬੈਂਕ ’ਤੇ ਵੀ ਪੈ ਸਕਦਾ ਹੈ। ਚਰਚਾ ਇਹ ਵੀ ਹੈ ਕਿ ਪੰਥਕ ਵੋਟਾਂ ਦਾ ਰੁਝਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਵਾਰਿਸ ਪੰਜਾਬ ਦੇ ਵਰਗੀਆਂ ਧਿਰਾਂ ਵੱਲ ਵੰਡਿਆ ਜਾ ਸਕਦਾ ਹੈ। ਹਾਲਾਂਕਿ, ਇਹ ਸਥਿਤੀ ਆਉਣ ਵਾਲੀਆਂ ਚੋਣਾਂ ਦੌਰਾਨ ਉਮੀਦਵਾਰਾਂ, ਸਥਾਨਕ ਸਮੀਕਰਨਾਂ ਅਤੇ ਚੋਣੀ ਮੁਹਿੰਮ ’ਤੇ ਵੀ ਨਿਰਭਰ ਕਰੇਗੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਪੰਥਕ ਵੋਟਾਂ ਵਿੱਚ ਵੰਡ ਹੁੰਦੀ ਹੈ ਤਾਂ ਇਸ ਦਾ ਲਾਭ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਆਪਣਾ ਰਵਾਇਤੀ ਵੋਟ ਬੈਂਕ ਪਹਿਲਾਂ ਵਾਂਗ ਇਕਜੁੱਟ ਰੱਖਣਾ ਇੱਕ ਵੱਡੀ ਚੁਣੌਤੀ ਹੋਵੇਗੀ। ਪੰਥਕ ਪਾਰਟੀਆਂ ਨੂੰ ਹਲਕੇ ਵਿਚ ਲੈਣ ਦੀ ਗਲਤੀ ਕੋਈ ਸਿਆਸੀ ਲੀਡਰ ਨਹੀ ਕਰੇਗਾ ਪੰਜਾਬ ਦੀ ਸਿਆਸਤ ਵਿੱਚ ਪੰਥਕ ਵੋਟਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ ਕੋਈ ਵੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਵਾਰਿਸ ਪੰਜਾਬ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦਾ ਜੋਖ਼ਮ ਨਹੀਂ ਲੈਣਾ ਚਾਹੇਗੀ। ਭਾਵੇਂ ਇਹ ਜਥੇਬੰਦੀਆਂ ਹਰ ਹਲਕੇ ਵਿੱਚ ਜਿੱਤ ਦਰਜ ਨਾ ਕਰ ਸਕਣ, ਪਰ ਕਈ ਵਿਧਾਨ ਸਭਾ ਸੀਟਾਂ ’ਤੇ ਇਨ੍ਹਾਂ ਦਾ ਵੋਟਾਂ ਉੱਤੇ ਪ੍ਰਭਾਵ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਬੀਤੀਆਂ ਚੋਣਾਂ ਦੌਰਾਨ ਵੀ ਕਈ ਹਲਕਿਆਂ ਵਿੱਚ ਪੰਥਕ ਵੋਟਾਂ ਦੀ ਵੰਡ ਕਾਰਨ ਰਵਾਇਤੀ ਸਿਆਸੀ ਸਮੀਕਰਨ ਬਦਲੇ ਸਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਿੱਥੇ ਮੁਕਾਬਲਾ ਕਰੀਬੀ ਹੋਵੇ, ਉੱਥੇ ਪੰਥਕ ਧਿਰਾਂ ਵੱਲੋਂ ਹਾਸਲ ਕੀਤੀਆਂ ਵੋਟਾਂ ਨਤੀਜੇ ਦਾ ਰੁਖ ਮੋੜ ਸਕਦੀਆਂ ਹਨ। ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਪੰਥਕ ਵੋਟ ਬੈਂਕ ਦੀ ਰਣਨੀਤੀ ’ਤੇ ਖ਼ਾਸ ਨਜ਼ਰ ਰੱਖ ਰਹੀਆਂ ਹਨ। ਇਸ ਕਾਰਨ ਪੰਥਕ ਧਿਰਾਂ ਦੀ ਭੂਮਿਕਾ ਇੱਕ ਵਾਰ ਫਿਰ ਸਿਆਸੀ ਚਰਚਾ ਦਾ ਕੇਂਦਰ ਬਣਦੀ ਨਜ਼ਰ ਆ ਰਹੀ ਹੈ। ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਦਿਨੋ-ਦਿਨ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਹਿਲਾਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਭਾਜਪਾ ਦੇ ਉਮੀਦਵਾਰ ਉਤਾਰਨ ਦੀ ਗੱਲ ਕਹੇ ਜਾਣ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਨਵੀਆਂ ਚਰਚਾਵਾਂ ਨੇ ਜਨਮ ਲੈ ਲਿਆ ਹੈ। ਸਿਆਸੀ ਹਲਕਿਆਂ ਵਿੱਚ ਇਹ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਜੇਕਰ ਚੋਣ ਹਾਲਾਤ ਇਸ ਵੱਲ ਇਸ਼ਾਰਾ ਕਰਦੇ ਹਨ ਤਾਂ ਭਾਜਪਾ ਕੁਝ ਪੰਥਕ ਧਿਰਾਂ ਜਾਂ ਖੇਤਰੀ ਪਾਰਟੀਆਂ ਨਾਲ ਗੱਠਜੋੜ ਦੀ ਸੰਭਾਵਨਾ ’ਤੇ ਵੀ ਵਿਚਾਰ ਕਰ ਸਕਦੀ ਹੈ। ਹਾਲਾਂਕਿ ਇਸ ਬਾਰੇ ਨਾ ਤਾਂ ਭਾਜਪਾ ਵੱਲੋਂ ਕੋਈ ਅਧਿਕਾਰਤ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਪੰਥਕ ਧਿਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਭਾਵੇਂ ਸ਼ਹਿਰਾਂ ਅੰਦਰ ਭਾਜਪਾ ਦੀ ਸਥਿਤੀ ਹਮੇਸ਼ਾ ਮਜ਼ਬੂਤ ਰਹੀ ਹੈ ਪਰ ਪਿੰਡਾਂ ਦੇ ਖੇਤਰਾਂ ਵਿਚ ਉਸ ਨੂੰ ਹਮੇਸ਼ਾ ਸਹਾਰੇ ਦੀ ਜ਼ਰੂਰਤ ਪਈ ਹੈ। ਹਲੇ ਤੱਕ ਦੇ ਰੁਝਾਨਾਂ ’ਚ ‘ਆਪ’ ਦਾ ਪੱਖ ਮਜ਼ਬੂਤ ਉੱਧਰ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਆਪਣੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਦੇ ਆਧਾਰ ’ਤੇ ਦੁਬਾਰਾ ਜਨਤਾ ਦਾ ਸਮਰਥਨ ਹਾਸਲ ਕਰਨ ਲਈ ਸਰਗਰਮ ਹੈ। ਇਸ ਕਾਰਨ ਪੰਜਾਬ ਦੀ ਚੋਣ ਸਿਆਸਤ ਹੋਰ ਦਿਲਚਸਪ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਅੰਦਰ 2027 ਵਿਧਾਨ ਸਭਾ ਚੋਣਾਂ ਨੂੰ ਕੁਝ ਕੁ ਮਹੀਨੇ ਹੀ ਬਾਕੀ ਬਚੇ ਹਨ। ਜੇਕਰ ਹੁਣ ਦੇ ਸਮੀਕਰਨਾਂ ’ਤੇ ਨਿਗ੍ਹਾ ਮਾਰੀ ਜਾਵੇ ਤਾਂ ਕਾਂਗਰਸ ਪਾਰਟੀ ਦੀ ਖਿੱਚੋਤਾਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਜਥੇਬੰਦੀਆਂ ਨੂੰ ਇਕੱਠਾ ਕਰਨ ਵਿੱਚ ਅਸਫਲਤਾ, ਭਾਜਪਾ ਦਾ ਕੋਈ ਮਜਬੂਤ ਕੈਡਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਾ ਹੋਣਾ, ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਡੰਕਾ ਵਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਹੜੀਆਂ ਪਾਰਟੀਆਂ ਕਿਸ ਦੇ ਨਾਲ ਗਠਜੋੜ ਕਰਦੀਆਂ ਹਨ ਅਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਨਹੀਂ ਹੁੰਦਾ ਤਾਂ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬੀਐੱਸਪੀ ਇਕੱਠੇ ਮੈਦਾਨ ਵਿੱਚ ਨਿੱਤਰਨ। ਪਹਿਲਾਂ ਵੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖਿਆ ਗਿਆ ਸੀ ਪਰ ਇਸ ਦਾ ਕੋਈ ਜ਼ਿਆਦਾ ਲਾਭ ਹੁੰਦਾ ਦਿਖਾਈ ਨਹੀਂ ਦਿੱਤਾ। ਦੋਵਾਂ ਪਾਰਟੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ। ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਜਦੋਂ ਵੀ ਸਮਝੌਤਾ ਹੋਇਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਵੱਡੇ ਪੱਧਰ ’ਤੇ ਜਿੱਤ ਹਾਸਿਲ ਕਰਦੇ ਰਹੇ ਹਨ। ਪਰ ਹੁਣ ਜੇਕਰ ਭਾਜਪਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਮਝੌਤਾ ਨਹੀਂ ਕਰਦੀ ਤਾਂ ਕੀ ਉਹ ਹੋਰ ਕਿਸੇ ਪੰਥਕ ਪਾਰਟੀ ਨਾਲ ਸਮਝੌਤਾ ਕਰੇਗੀ ਜਾਂ ਇਕੱਲੇ ਮੈਦਾਨ ਵਿੱਚ ਨਿੱਤਰੇਗੀ। ਬਹਿਰਹਾਲ ਕੁਝ ਵੀ ਹੋਵੇ, ਜੇਕਰ ਹੁਣ ਦੇ ਹਾਲਾਤ ’ਤੇ ਝਾਤ ਮਾਰੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਕੀਤੇ ਕਾਰਜਾਂ ਕਾਰਨ ਲੋਕ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ। ਸਿਰਫ ਇੱਕ ਕਾਂਗਰਸ ਪਾਰਟੀ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਦੇਖਿਆ ਜਾ ਸਕਦਾ ਸੀ ਪਰ ਕਾਂਗਰਸ ਦੀ ਖਿੱਚੋਤਾਣ ਨੇ ਆਪ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਅਤੇ ਅਕਾਲੀ-ਭਾਜਪਾ ਦਾ ਗੱਠਜੋੜ ਨਾ ਹੋਣਾ ਵੀ ਆਮ ਆਦਮੀ ਪਾਰਟੀ ਨੂੰ ਜਿੱਤ ਦੇ ਰਸਤੇ ਵੱਲ ਧੱਕ ਰਿਹਾ ਹੈ।