82 ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ
ਸੁਨੀਲ ਚਮ ਦੇ ਉਪਰਾਲੇ ਸਦਕਾ ‘ਆਪ’ ਨੂੰ ਮਿਿਲਆ ਵੱਡਾ ਹੁੰਗਾਰਾ, ਵਾਰਡ ਨੰਬਰ 21 ਦੇ 82 ਪਰਿਵਾਰ ਪਾਰਟੀ ‘ਚ ਹੋਏ ਸ਼ਾਮਲ
Publish Date: Tue, 23 Jun 2026 09:10 PM (IST)
Updated Date: Tue, 23 Jun 2026 09:13 PM (IST)

ਸੁਨੀਲ ਚਮ ਦੇ ਉਪਰਾਲੇ ਸਦਕਾ ‘ਆਪ’ ਨੂੰ ਮਿਲਿਆ ਵੱਡਾ ਹੁੰਗਾਰਾ ਵਾਰਡ ਨੰਬਰ 21 ਦੇ ਕਈ ਪਰਿਵਾਰਾਂ ਨੇ ਪੁਰਾਣੀਆਂ ਪਾਰਟੀਆਂ ਨੂੰ ਛੱਡਿਆ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿਛਲੇ ਦਿਨੀਂ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਨਗਰ ਸੁਧਾਰ ਟਰਸਟ ਫਗਵਾੜਾ ਦੇ ਸਾਬਕਾ ਚੇਅਰਮੈਨ ਸੁਨੀਲ ਚਮ ਦੀ ਸਿਆਸੀ ਸਰਗਰਮੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਸਥਾਨਕ ਖੇੜਾ ਰੋਡ ਵਾਰਡ ਨੰਬਰ 21 ਦੇ 82 ਪਰਿਵਾਰਾਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਹਲਕਾ ਇੰਚਾਰਜ ਤੇ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ, ਮੇਅਰ ਰਾਮਪਾਲ ਉੱਪਲ ਤੇ ਸੀਨੀਅਰ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ ਸਮੇਤ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਸੁਨੀਲ ਚਮ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਲੋਕ ਭਲਾਈ ਦੇ ਖੇਤਰ ਵਿਚ ਇਤਿਹਾਸਕ ਕੰਮ ਕੀਤੇ ਹਨ, ਜਿਸ ਕਾਰਨ ਨਾ ਸਿਰਫ ਆਮ ਲੋਕਾਂ ਦਾ ਵਿਸ਼ਵਾਸ ‘ਆਪ’ ਸਰਕਾਰ ਵਿਚ ਵਧਿਆ ਹੈ, ਸਗੋਂ ਵਿਰੋਧੀ ਪਾਰਟੀਆਂ ਦੇ ਵਰਕਰ ਤੇ ਸਮਰਥਕ ਵੀ ਵੱਡੀ ਗਿਣਤੀ ਵਿਚ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਬਿਜਲੀ, ਰੁਜ਼ਗਾਰ ਤੇ ਭ੍ਰਿਸ਼ਟਾਚਾਰ ਖਿਲਾਫ ਚਲਾਈਆਂ ਗਈਆਂ ਮੁਹਿੰਮਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਤੇ ਪਾਰਦਰਸ਼ੀ ਪ੍ਰਸ਼ਾਸਨ ਕਾਰਨ ਹਰ ਵਰਗ ਵਿਚ ਸੰਤੁਸ਼ਟੀ ਦਾ ਮਾਹੌਲ ਹੈ। ਡਾ. ਚੱਬੇਵਾਲ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਤੱਕ ਆਮ ਆਦਮੀ ਪਾਰਟੀ ਨਾਲ ਜੁੜਨ ਵਾਲਿਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਸੁਨੀਲ ਚਮ ਨੇ ਡਾ. ਚੱਬੇਵਾਲ ਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਫਗਵਾੜਾ ਸ਼ਹਿਰ ਤੇ ਹਲਕੇ ਵਿਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਦੌਰਾਨ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੇ ਵੀ ਪਾਰਟੀ ਪ੍ਰਤੀ ਆਪਣਾ ਪੂਰਾ ਸਮਰਥਨ ਪ੍ਰਗਟਾਇਆ। ਇਸ ਮੌਕੇ ਡਿਪਟੀ ਮੇਅਰ ਵਿੱਕੀ ਸੂਦ, ਸੀਨੀਅਰ ਆਪ ਆਗੂ ਗੁਰਦੀਪ ਸਿੰਘ ਦੀਪਾ, ਓਮ ਪ੍ਰਕਾਸ਼ ਬਿੱਟੂ, ਗੋਪੀ ਬੇਦੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਸਮਰਥਕ ਹਾਜ਼ਰ ਸਨ।