ਬੇਗਮਪੁਰਾ ਪੰਥਕ ਇਕੱਠ ’ਚ ਸੰਗਤਾਂ ਦਾ ਉਮੜਿਆ ਸੈਲਾਬ
ਸ਼੍ਰੋਮਣੀ ਅਕਾਲੀ ਦਲ (ਅ) ਤੇ ਜੈ ਭੀਮ ਟੀਮ ਪੰਜਾਬ ਵੱਲੋਂ ਕਰਵਾਏ ਬੇਗਮਪੁਰਾ ਪੰਥਕ ਇਕੱਠ ’ਚ ਸੰਗਤਾਂ ਦਾ ਉਮੜਿਆ ਸੈਲਾਬ
Publish Date: Sat, 13 Jun 2026 09:39 PM (IST)
Updated Date: Sat, 13 Jun 2026 09:42 PM (IST)

ਸ਼੍ਰੋਮਣੀ ਅਕਾਲੀ ਦਲ (ਅ) ਤੇ ਜੈ ਭੀਮ ਟੀਮ ਪੰਜਾਬ ਵੱਲੋਂ ਕਰਵਾਇਆ ਗਿਆ ਪੰਥਕ ਇਕੱਠ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਜੈ ਭੀਮ ਟੀਮ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਫਗਵਾੜਾ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਬੇਗਮਪੁਰਾ ਪੰਥਕ ਇਕੱਠ ਕਰਵਾਇਆ ਗਿਆ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬੇਗਮਪੁਰਾ ਖਾਲਸਾ ਲਹਿਰ ਸ਼ੁਰੂ ਕਰਨ ਦਾ ਮੁੱਖ ਮੰਤਵ ਸਿੱਖ ਤੇ ਦਲਿਤ ਸਮਾਜ ਵਿਚਕਾਰ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਕੇ ਪੰਜਾਬ ਅੰਦਰ ਪੰਥਕ ਸਰਕਾਰ ਦਾ ਗਠਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਇਸ ਲਹਿਰ ਨੂੰ ਸੂਬੇ ਦੇ ਹਰ ਸ਼ਹਿਰ, ਹਰ ਪਿੰਡ ਤੇ ਹਰ ਘਰ ਤੱਕ ਲੈ ਕੇ ਜਾਣ ਤਾਂ ਜੋ ਗੁਰੂ ਸਾਹਿਬਾਨ ਦੀ ਸੋਚ ਅਨੁਸਾਰ ਬੇਗਮਪੁਰਾ ਖਾਲਸਾ ਰਾਜ ਦੀ ਸਥਾਪਨਾ ਕੀਤੀ ਜਾ ਸਕੇ। ਮਾਨ ਨੇ ਦੋਸ਼ ਲਗਾਇਆ ਕਿ ਸਮੇਂ ਦੀਆਂ ਸਰਕਾਰਾਂ ਸਿੱਖਾਂ, ਦਲਿਤਾਂ ਤੇ ਘੱਟ-ਗਿਣਤੀਆਂ ਨੂੰ ਦਬਾਉਣ ਦੀ ਨੀਤੀ ’ਤੇ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੂੰ ਸੱਤਾ ਤੋਂ ਦੂਰ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਬੱਤ ਦੇ ਭਲੇ ਵਾਲੀ ਪੰਥਕ ਸਰਕਾਰ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਸੰਭਵ ਯਤਨ ਕਰੇਗਾ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਬੇਗਮਪੁਰਾ ਖਾਲਸਾ ਲਹਿਰ ਨਾਲ ਜੁੜ ਕੇ ਮਰਦਮਸ਼ੁਮਾਰੀ ਵਿਚ ਆਪਣਾ ਧਰਮ ਸਿੱਖ ਲਿਖਾਉਣ ਤਾਂ ਜੋ ਪੰਜਾਬ ਤੇ ਪੰਥ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਇਸ ਦੌਰਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਕਿਹਾ ਕਿ ਪੰਜਾਬ, ਪੰਥ, ਸਿੱਖ ਤੇ ਦਲਿਤ ਵਿਰੋਧੀ ਨੀਤੀਆਂ ਅਪਣਾਉਣ ਵਾਲੀ ਭਗਵੰਤ ਮਾਨ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਥਕ ਏਕਤਾ ਵਾਸਤੇ ਪਹਿਲਕਦਮੀ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਵਿਚ ਹਿੰਦੂਤਵ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ, ਪਰ ਪੰਥਕ ਧਿਰਾਂ ਇਸ ਨੂੰ ਕਦੇ ਸਫ਼ਲ ਨਹੀਂ ਹੋਣ ਦੇਣਗੀਆਂ। ਇਮਾਨ ਸਿੰਘ ਮਾਨ ਨੇ ਡਾ. ਹਰਜਿੰਦਰ ਸਿੰਘ ਜੱਖੂ ਵੱਲੋਂ ਕਰਵਾਏ ਬੇਗਮਪੁਰਾ ਪੰਥਕ ਇਕੱਠ ਨੂੰ ਸਿੱਖ ਤੇ ਦਲਿਤ ਸਮਾਜ ਦੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵੱਲ ਇਕ ਸ਼ਲਾਘਾਯੋਗ ਉਪਰਾਲਾ ਦੱਸਿਆ ਤੇ ਸਮੂਹ ਭਾਈਚਾਰੇ ਨੂੰ ਪੁਰਜ਼ੋਰ ਅਪੀਲ ਕੀਤੀ ਕਿ 21 ਜੂਨ ਦਾ ਦਿਨ ਯੋਗਾ ਦਿਵਸ ਦੀ ਬਜਾਏ ਗਤਕਾ ਦਿਵਸ ਵਜੋਂ ਮਨਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ 21 ਜੂਨ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਗਤਕਾ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਸਿੱਖ-ਦਲਿਤ ਸਮਾਜ ਦੇ ਮੁੱਦਿਆਂ ਦੇ ਹੱਲ ਲਈ ਪੰਜਾਬ ਵਿਚ ਪੰਥਕ ਸਰਕਾਰ ਦਾ ਗਠਨ ਬਹੁਤ ਜ਼ਰੂਰੀ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ, ਪੰਜਾਬੀਅਤ ਤੇ ਸਰਬੱਤ ਦੇ ਭਲੇ ਲਈ ਪੰਥਕ ਸਰਕਾਰ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਬੇਗਮਪੁਰਾ ਖਾਲਸਾ ਲਹਿਰ ਦੇ ਕੋਆਰਡੀਨੇਟਰ, ਪਾਰਟੀ ਦੇ ਮੁੱਖ ਬੁਲਾਰੇ ਤੇ ਦੋਆਬਾ ਜ਼ੋਨ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਬੇਗਮਪੁਰਾ ਖਾਲਸਾ ਲਹਿਰ ਦਾ ਹਰ ਪੰਜਾਬੀ ਨੂੰ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਹਿਰ ਨੂੰ ਪੰਜਾਬ ਦੇ ਹਰ ਕੋਨੇ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਪੰਜਾਬ ਵਿਚ ਗੁਰੂ ਸਾਹਿਬਾਨਾਂ ਦੀ ਸੋਚ ਅਨੁਸਾਰ ਪੰਥਕ ਸਰਕਾਰ ਬਣ ਸਕੇ। ਡਾ. ਜੱਖੂ ਨੇ ਕਿਹਾ ਕਿ ਬੇਗਮਪੁਰਾ, ਖਾਲਸਾ ਰਾਜ ਦੀ ਮੂਲ ਰੂਹ ਮਾਨਵਤਾਵਾਦ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਦਾ ਵਿਕਾਸ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਹੈ, ਜਦਕਿ ਜ਼ਮੀਨੀ ਪੱਧਰ ’ਤੇ ਹਾਲਾਤ ਵੱਖਰੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਡਾ. ਜੱਖੂ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨਿਕ ਅਤੇ ਸਰਕਾਰੀ ਅੜਚਣਾਂ ਦੇ ਬਾਵਜੂਦ ਅੱਜ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਤੇ ਦਲਿਤ ਸਮਾਜ ਦੀ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਨ ਦੇ ਯਤਨ ਕਾਮਯਾਬ ਨਹੀਂ ਹੋ ਸਕਦੇ। ਉਨ੍ਹਾਂ ਬੇਗਮਪੁਰਾ ਪੰਥਕ ਇਕੱਠ ਵਿਚ ਸ਼ਾਮਲ ਹੋਈ ਸਮੁੱਚੀ ਸੰਗਤ, ਪਾਰਟੀ ਲੀਡਰਸ਼ਿਪ ਤੇ ਜੈ ਭੀਮ ਟੀਮ ਪੰਜਾਬ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬੁਲਾਰਿਆਂ ਨੇ 6 ਜੂਨ ਨੂੰ ਦਮਦਮੀ ਟਕਸਾਲ ਮੁਖੀ ਵੱਲੋਂ ਭਾਜਪਾ ਆਗੂ ਤੇ ਮੰਤਰੀ ਗਿਰੀਸ਼ ਮਹਾਜਨ ਨੂੰ ਸੱਦਾ ਦੇਣ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ ਤੇ ਡਾ. ਹਰਜਿੰਦਰ ਸਿੰਘ ਜੱਖੂ ਨੂੰ ਦਿੱਤੀਆਂ ਜਾ ਰਹੀਆਂ ਕਥਿਤ ਧਮਕੀਆਂ ਦੀ ਵੀ ਨਿੰਦਾ ਕੀਤੀ। ਸਮਾਗਮ ਦੌਰਾਨ ਜੈ ਭੀਮ ਯੂਨਾਈਟਿਡ ਵਾਇਸ ਆਫ ਪੰਜਾਬ ਦੇ ਸਟੇਟ ਕੋਆਰਡੀਨੇਟਰ ਇੰਜੀਨੀਅਰ ਹੈਪੀ ਕੌਲ ਨੇ ਬੇਗਮਪੁਰਾ ਖਾਲਸਾ ਲਹਿਰ ਦੀ ਸ਼ੁਰੂਆਤ ਦਾ ਸਵਾਗਤ ਕਰਦਿਆਂ ਸਮਾਗਮ ਵਿਚ ਪੁੱਜੀ ਸੰਗਤ ਦਾ ਧੰਨਵਾਦ ਕੀਤਾ ਤੇ ਸਭ ਨੂੰ ਜੀ ਆਇਆਂ ਆਖਿਆ। ਇਸ ਮੌਕੇ ਗੁਰਦੀਪ ਸਿੰਘ ਖੁਣਖੁਣ, ਸੰਦੀਪ ਸਿੰਘ ਖਾਲਸਾ, ਬੀਬੀ ਸੁਖਜੀਤ ਕੌਰ ਭਬਿਆਣਾ ਮੈਂਬਰ ਪੀਏਸੀ, ਮੁਖਤਿਆਰ ਸਿੰਘ ਸੁਲਤਾਨਪੁਰ, ਗੁਰਨਾਮ ਸਿੰਘ ਸਿੰਗੜੀਵਾਲ, ਬਾਬਾ ਜਸਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ, ਸੁਖਜੀਤ ਸਿੰਘ ਡਰੋਲੀ, ਬਾਬਾ ਬਲਦੇਵ ਸਿੰਘ, ਨਿਰਮਲ ਸਿੰਘ ਸਮਰਾ, ਹਰਵਿੰਦਰ ਸਿੰਘ ਹੀਰਾ, ਮਾ. ਕੁਲਦੀਪ ਸਿੰਘ, ਜਗਦੀਸ਼ ਸਿੰਘ ਚੱਬੇਵਾਲ, ਜਸਵੰਤ ਸਿੰਘ ਫ਼ੌਜੀ, ਸੰਜੀਵ ਮੂਲ ਨਿਵਾਸੀ, ਸ਼ੋਕੀਨ ਕੁਮਾਰ ਮਾਹੀ, ਗੁਰਦਿਆਲ ਸਿੰਘ ਮਾਨਾਂਵਾਲੀ, ਸੋਨੂੰ ਕੌਰ, ਰਾਜੇਸ ਕੁਮਾਰ ਲਵੀ ਪੰਚ, ਬੀਬੀ ਬਲਜੀਤ ਕੌਰ, ਸਰਪੰਚ ਸਤਪਾਲ, ਸੋਨੂੰ ਜੇਠਪੁਰ, ਬਲਵੀਰ ਕੌਰ ਪਠਲਾਵਾ, ਬਲਵੀਰ ਸਿੰਘ ਬਸਰਾ, ਉੰਕਾਰ ਸਿੰਘ ਜੋਹਲ, ਗੁਰਮੁੱਖ ਸਿੰਘ ਬਾਜਵਾ, ਦਵਿੰਦਰ ਸਿੰਘ ਖਾਲਸਾ, ਭੁਪਿੰਦਰ ਸਿੰਘ ਫਤਿਹਪੁਰ, ਸਰਬਜੀਤ ਖਾਲਸਾ, ਬੀਬੀ ਕੁਲਵੰਤ ਕੌਰ ਟੂਰਾ, ਬੀਬੀ ਮਨਜੀਤ ਕੌਰ, ਡਾ. ਅਵਨੀਤ ਕੌਰ ਜੱਖੂ, ਕਮਲਜੀਤ ਕੌਰ, ਜੱਸੀ ਕੋਟਰਾਣੀ, ਗੁਰਦੀਪ ਗੁਰਾਇਆ, ਰਾਹੁਲ ਭੁੱਲਾਰਾਈ, ਮੈਡਮ ਮਨਜੀਤ ਕੌਰ, ਅੰਜਲੀ ਰਾਜਪੂਤ, ਧਰਮ ਸਿੰਘ ਕਲੋਟ, ਸਿੰਗਾਰਾ ਸਿੰਘ ਬੱਡਲਾ, ਬਲਜਿੰਦਰ ਪਾਂਗਲੀ, ਰੇਸ਼ਮ ਸਿੰਘ ਪੱਪੀ, ਪ੍ਰੀਤਮ ਸਿੰਘ ਮਾਨਗੜ੍ਹ, ਕਾਕਾ ਸਿੰਘ ਗਿੱਲ ਤੋਂ ਇਲਾਵਾ ਹਜ਼ਾਰਾ ਦੀ ਵਰਕਰ ਸਮਰਥਕ ਹਾਜ਼ਰ ਸਨ।