- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਰਾਣੀ ਰੰਜਿਸ਼ ਕਾਰਨ ਹੋਇਆ

ਪੁਰਾਣੀ ਰੰਜਿਸ਼ ਕਾਰਨ ਹੋਇਆ ਵਿਵਾਦ, ਦੂਜਾ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ, ਪੁਲਿਸ ਵੱਲੋਂ ਜਾਂਚ ਜਾਰੀ
ਜਾਸ, ਜਲੰਧਰ : ਨਿਊ ਦਸ਼ਮੇਸ਼ ਨਗਰ ਦੇ ਇਲਾਕੇ ’ਚ ਦੋ ਧਿਰਾਂ ਵਿਚਾਲੇ ਹੋਏ ਖੂਨੀ ਸੰਘਰਸ਼ ਦੌਰਾਨ ਗੋਲੀਬਾਰੀ ’ਚ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਘਟਨਾ ਵਾਲੀ ਥਾਂ ਤੋਂ ਇਕ ਗੋਲ਼ੀ ਦਾ ਖੋਲ ਵੀ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਰਾਤ ਨੂੰ ਮੋਟਰਸਾਈਕਲ ’ਤੇ ਆਏ ਲਗਪਗ ਨੌ ਨੌਜਵਾਨਾਂ ਨੇ ਇਲਾਕੇ ਵਿਚ ਖੜ੍ਹੇ ਦੋ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਗੋਲ਼ੀਬਾਰੀ ਹੋ ਗਈ। ਗੋਲ਼ੀ ਲੱਗਣ ਕਾਰਨ ਸਿਮਰਤ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ, ਜਦਕਿ ਸੌਰਵ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ, ਸੌਰਵ ਦੇ ਢਿੱਡ ’ਚ ਗੋਲੀ ਲੱਗੀ ਹੈ, ਜਦਕਿ ਸਿਮਰਤ ਦੇ ਗਲੇ ’ਚ ਗੋਲ਼ੀ ਲੱਗਣ ਕਾਰਨ ਜਾਨ ਚਲੀ ਗਈ। ਇਸ ਘਟਨਾ ਨੂੰ ਅੰਜਾਮ ਦੇਣ ਲਈ ਲਗਪਗ ਨੌਂ ਨੌਜਵਾਨ ਮੌਕੇ 'ਤੇ ਪੁੱਜੇ ਸਨ। ਮੁੱਢਲੀ ਜਾਂਚ ’ਚ ਇਹ ਮਾਮਲਾ ਰੰਜਿਸ਼ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।
ਜ਼ਖ਼ਮੀ ਸੌਰਵ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਗੰਭੀਰ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਕ ਦਿਨ ਪਹਿਲਾਂ ਵੀ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ। ਘਟਨਾ ਨਾਲ ਜੁੜੇ ਕੁਝ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਏ ਹਨ, ਜਿਨ੍ਹਾਂ ’ਚ ਕਈ ਨੌਜਵਾਨ ਤੇਜ਼ਧਾਰ ਹਥਿਆਰਾਂ ਤੇ ਪਿਸਤੌਲਾਂ ਨਾਲ ਦਿਖਾਈ ਦੇ ਰਹੇ ਹਨ। ਪੁਲਿਸ ਫੁਟੇਜ ਕਬਜ਼ੇ ’ਚ ਲੈ ਕੇ ਮੁਲਜ਼ਮਾਂ ਦੀ ਪਛਾਣ ਕਰਨ ’ਚ ਜੁਟ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜ ਗਏ। ਪੁਲਿਸ ਨੇ ਇਲਾਕੇ ’ਚ ਸੁਰੱਖਿਆ ਵਧਾ ਦਿੱਤੀ ਹੈ ਤੇ ਮਾਮਲੇ ਨਾਲ ਜੁੜੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਛੇਤੀ ਹੀ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੇਰ ਰਾਤ ਪੁਲਿਸ ਨੇ ਇਸ ਮਾਮਲੇ ’ਚ ਕੁਝ ਨੌਜਵਾਨਾਂ ਨੂੰ ਰਾਊਂਡਅੱਪ ਕੀਤਾ ਸੀ। ਜਾਣਕਾਰੀ ਅਨੁਸਾਰ ਇਹ ਜ਼ਖ਼ਮੀ ਦੇ ਬਿਆਨਾਂ 'ਤੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਸਨ।