ਭਾਰਗੋ ਕੈਂਪ ’ਚ ਸੈਲੂਨ ਦੇ ਬਾਹਰ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਜਲੰਧਰ ਦੇ ਭਾਰਗੋ ਕੈੰਪ ਵਿਚ ਦਿਨ-ਦਿਹਾੜੇ ਸੈਲੂਨ ਦੇ ਬਾਹਰ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Publish Date: Mon, 06 Jul 2026 10:39 PM (IST)
Updated Date: Mon, 06 Jul 2026 10:42 PM (IST)
ਗੰਭੀਰ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਪੰਜ ਨੌਜਵਾਨਾਂ ਤੇ ਹਮਲੇ ਦਾ ਦੋਸ਼, ਘਟਨਾ ਵਾਲੀ ਤੋਂ ਮੋਟਰਸਾਈਕਲ ਤੇ ਹਥਿਆਰ ਬਰਾਮਦ ਜਾਸ, ਪੰਜਾਬੀ ਜਾਗਰਣ, ਜਲੰਧਰ ਭਾਰਗੋ ਕੈਂਪ ਇਲਾਕੇ ਵਿਚ ਦਿਨ-ਦਿਹਾੜੇ ਇੱਕ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਦਾੜ੍ਹੀ ਕਟਵਾਉਣ ਲਈ ਇਕ ਹੇਅਰ ਸੈਲੂਨ ਪਹੁੰਚਿਆ। ਜ਼ਖਮੀ ਵਿਅਕਤੀ ਦੀ ਪਛਾਣ ਸੂਰਜ ਵਜੋਂ ਹੋਈ ਹੈ, ਜੋ ਭਾਰਗੋ ਕੈਂਪ ਦਾ ਰਹਿਣ ਵਾਲਾ ਹੈ ਤੇ ਖੇਡਾਂ ਦਾ ਸਾਮਾਨ ਬਣਾਉਣ ਦਾ ਕੰਮ ਕਰਦਾ ਹੈ। ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇਕ ਮੋਟਰਸਾਈਕਲ ਤੇ ਇੱਕ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਥਾਣੇ ਤੋਂ ਥੋੜ੍ਹੀ ਦੂਰੀ ਤੇ ਭਾਰਗੋ ਕੈਂਪ ਥਾਣਾ ਖੇਤਰ ਦੇ ਬੁੱਢਾ ਮਾਲ ਗਰਾਊਂਡ ਨੇੜੇ ਵਾਪਰੀ। ਪੀੜਤ ਧਿਰ ਅਨੁਸਾਰ, ਮਾਮੂਲੀ ਝਗੜੇ ਨੂੰ ਲੈ ਕੇ ਲਗਪਗ ਪੰਜ ਨੌਜਵਾਨਾਂ ਨੇ ਨੌਜਵਾਨ ਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਬਾਰੇ ਪੀੜਤ ਦੀ ਰਿਸ਼ਤੇਦਾਰ ਨੀਲਮ ਨੇ ਕਿਹਾ ਕਿ ਉਹ ਘਟਨਾ ਵਾਲੀ ਥਾਂ ਤੋਂ ਲੰਘ ਰਹੀ ਸੀ ਜਦੋਂ ਉਸ ਨੇ ਕੁਝ ਨੌਜਵਾਨਾਂ ਨੂੰ ਆਪਣੇ ਭਤੀਜੇ ਨੂੰ ਘੇਰਦਿਆਂ ਦੇਖਿਆ ਤੇ ਉਸ ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨੌਜਵਾਨ ਦੇ ਸਿਰ ਤੇ ਕਈ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸਦੇ ਭਤੀਜੇ ਦੇ ਸਿਰ ਤੋਂ ਬਹੁਤ ਜ਼ਿਆਦਾ ਖੂਨ ਵਗ ਰਿਹਾ ਸੀ ਤੇ ਉਸ ਦੀ ਹਾਲਤ ਇੰਨੀ ਗੰਭੀਰ ਸੀ ਕਿ ਚਿਹਰਾ ਪਛਾਣਨਾ ਵੀ ਮੁਸ਼ਕਲ ਸੀ। ਨੀਲਮ ਨੇ ਕਿਹਾ ਕਿ ਜਦੋਂ ਉਸਨੇ ਆਪਣੇ ਭਤੀਜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਨੂੰ ਧੱਕਾ ਦੇ ਦਿੱਤਾ। ਉਸ ਨੇ ਪੁਲਿਸ ਨੂੰ ਸੂਚਿਤ ਕਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਹਮਲੇ ਦਾ ਅਸਲ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਕੇ ਤੇ ਪੁੱਜੇ। ਦੱਸਿਆ ਗਿਆ ਕਿ ਜ਼ਖਮੀ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਾਂਚ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਵਾਲੀ ਥਾਂ ਤੋਂ ਇੱਕ ਮੋਟਰਸਾਈਕਲ ਤੇ ਇੱਕ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।