- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਜਵਾ ਕਲਾਂ ਦੇ ਛਿੰਝ ਮੇਲੇ ’ਚ ਪਹਿਲਵਾਨ ਤੇ ਸਮਰਥਕ ਆਪਸ ’ਚ ਭਿੜੇ, ਚੱਲੀਆਂ ਡਾਂਗਾਂ ਤੇ ਕੁਰਸੀਆਂ

-ਝਗੜੇ ਦੌਰਾਨ ਇਕ ਧਿਰ ਦੇ ਤਿੰਨ ਪਹਿਲਵਾਨ ਜ਼ਖ਼ਮੀ, ਮੇਲਾ ਕਰਵਾਉਣਾ ਪਿਆ ਬੰਦ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,ਸ਼ਾਹਕੋਟ : ਨਜ਼ਦੀਕੀ ਪਿੰਡ ਬਾਜਵਾ ਕਲਾਂ ਵਿਖੇ ਬਾਬਾ ਸੁਖਚੈਨ ਦਾਸ ਜੀ ਦੇ ਸਾਲਾਨਾ ਜੋੜ ਮੇਲੇ ਸਬੰਦੀ ਕਰਵਾਏ ਜਾ ਰਹੇ ਛਿੰਝ ਮੇਲੇ ਦੌਰਾਨ ਉਸ ਸਮੇਂ ਭਾਰੀ ਭਾਜੜ ਪੈ ਗਈ, ਜਦੋਂ ਪਹਿਲਵਾਨ ਤੇ ਉਨ੍ਹਾਂ ਦੇ ਸਮਰਥਕ ਆਪਸ ਵਿੱਚ ਭਿੜ ਗਏ। ਦੇਖਦਿਆਂ ਹੀ ਦੇਖਦਿਆਂ ਮਾਹੌਲ ਇੰਨਾ ਭਖ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਡਾਂਗਾਂ ਤੇ ਕੁਰਸੀਆਂ ਚੱਲਣ ਲੱਗੀਆਂ। ਇਸ ਖੂਨੀ ਝਗੜੇ ਵਿੱਚ ਇੱਕ ਧਿਰ ਦੇ ਤਿੰਨ ਪਹਿਲਵਾਨ ਜ਼ਖ਼ਮੀ ਹੋ ਗਏ, ਜਦਕਿ ਦੂਜੀ ਧਿਰ ਦੇ ਜ਼ਖ਼ਮੀਆਂ ਬਾਰੇ ਅਜੇ ਕੋਈ ਪਤਾ ਨਹੀਂ ਲੱਗ ਸਕਿਆ। ਹੰਗਾਮੇ ਕਾਰਨ ਛਿੰਝ ਮੇਲੇ ਨੂੰ ਅੱਧ ਵਿਚਾਲੇ ਹੀ ਬੰਦ ਕਰਵਾਉਣਾ ਪਿਆ। ਇਕੱਤਰ ਜਾਣਕਾਰੀ ਅਨੁਸਾਰ ਛਿੰਝ ਮੇਲੇ ਦੌਰਾਨ ਪਿੰਡ ਨਵਾਂ ਪਿੰਡ ਅਕਾਲੀਆਂ ਦਾ ਇਕ ਪਹਿਲਵਾਨ ਰੈਫ਼ਰੀ ਬਣ ਕੇ ਕੁਸ਼ਤੀਆਂ ਕਰਵਾ ਰਿਹਾ ਸੀ। ਇਸ ਸਬੰਧੀ ਹੋਰਨਾਂ ਪਹਿਲਵਾਨਾਂ ਨੇ ਸਖ਼ਤ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਸਟੇਜ ਤੋਂ ਇਸ ਸਬੰਧੀ ਅਨਾਊਂਸਮੈਂਟ ਕਰਵਾ ਦਿੱਤੀ ਗਈ। ਸਟੇਜ ਤੋਂ ਨਾਂ ਬੋਲੇ ਜਾਣ ਕਾਰਨ ਉਕਤ ਰੈਫ਼ਰੀ ਪਹਿਲਵਾਨ ਨੇ ਨਮੋਸ਼ੀ ਮਹਿਸੂਸ ਕੀਤੀ ਤੇ ਗੁੱਸੇ ਵਿੱਚ ਆ ਕੇ ਆਪਣੇ ਸਮਰਥਕਾਂ ਸਮੇਤ ਪਿੰਡ ਢੰਡੋਵਾਲ ਦੇ ਪਹਿਲਵਾਨ ਨਾਲ ਹੱਥੋਂਪਾਈ ਸ਼ੁਰੂ ਕਰ ਦਿੱਤੀ। ਝਗੜੇ ਦੌਰਾਨ ਨਵਾਂ ਪਿੰਡ ਅਕਾਲੀਆਂ ਦੇ ਪਹਿਲਵਾਨ ਨੇ ਪਿੰਡ ਢੰਡੋਵਾਲ ਦੇ ਪਹਿਲਵਾਨ ਦੇ ਸਿਰ 'ਤੇ ਕੁਰਸੀ ਨਾਲ ਜ਼ੋਰਦਾਰ ਵਾਰ ਕਰ ਦਿੱਤਾ। ਇਸ ਟਕਰਾਅ ’ਚ ਢੰਡੋਵਾਲ ਦੇ ਪਹਿਲਵਾਨ ਦੇ ਸਿਰ 'ਤੇ ਸੱਟ ਲੱਗੀ, ਜਦਕਿ ਉਸ ਦੇ ਬਚਾਅ ਵਿਚ ਆਏ ਦੋ ਹੋਰ ਪਹਿਲਵਾਨ ਦੀ ਬਾਂਹ ’ਤੇ ਸੱਟ ਲੱਗੀ। ਜ਼ਖ਼ਮੀ ਪਹਿਲਵਾਨਾਂ ਨੂੰ ਤੁਰੰਤ ਸ਼ਾਹਕੋਟ ਦੇ ਸਰਕਾਰੀ ਹਸਪਤਾਲ ’ਚ ਪਹੁੰਚਾਇਆ ਗਿਆ, ਜਿੱਥੇ ਐਮਰਜੈਂਸੀ ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਅੱਗੇ ਰੈਫ਼ਰ ਕਰ ਦਿੱਤਾ। ਦੂਜੀ ਧਿਰ ਦੇ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਜਾਂ ਹਸਪਤਾਲ ’ਚ ਦਾਖ਼ਲ ਹੋਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਘਟਨਾ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਬੂਟਾ ਸਿੰਘ ਕਲਸੀ ਐੱਮਸੀ, ਸੋਨੂੰ ਕੰਗ ਪੀਏ, ਮਨਜੀਤ ਸਿੰਘ ਸੱਤਾ ਤੇ ਜਗਤਾਰ ਸਿੰਘ ਖ਼ਾਲਸਾ ਜ਼ਖ਼ਮੀਆਂ ਦਾ ਹਾਲ-ਚਾਲ ਜਾਨਣ ਹਸਪਤਾਲ ਪੁੱਜੇ। ਸੂਚਨਾ ਮਿਲਦੇ ਹੀ ਏਐੱਸਆਈ ਸੁਖਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਕਿਹਾ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।