- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਦਿਨ ’ਚ ਮੰਗਾਂ

ਦੋ ਦਿਨ ’ਚ ਮੰਗਾਂ ਦਾ ਨਿਬੇੜਾ ਨਾ ਕਰਨ ਦੀ ਸੂਰਤ ’ਚ ਸੰਘਰਸ਼ ਹੋਵੇਗਾ ਤਿੱਖਾ : ਘੁੱਗਸ਼ੋਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਰਤਾਰਪੁਰ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸੰਜੈ ਗ੍ਰੇਨ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਮੰਡ ਅਦਾਰੇ ਦਾ 5 ਘੰਟੇ ਘਿਰਾਓ ਕਰਨ ਉਪਰੰਤ ਮਜ਼ਦੂਰਾਂ ਵਲੋਂ 2 ਘੰਟੇ ਡੀਐੱਸਪੀ ਦਫ਼ਤਰ ਘੇਰਿਆ ਗਿਆ। ਮਜ਼ਦੂਰਾਂ ਦੇ ਇਸ ਸੰਘਰਸ਼ ਦੇ ਮੱਦੇਨਜ਼ਰ ਇਸ ਮੌਕੇ ਐੱਸਪੀ (ਡੀ) ਜਲੰਧਰ ਦਿਹਾਤੀ, ਡੀਐੱਸਪੀ ਨਕੋਦਰ ਉਂਕਾਰ ਸਿੰਘ ਬਰਾੜ, ਆਦਮਪੁਰ ਰਾਜੀਵ ਕੁਮਾਰ, ਕਰਤਾਰਪੁਰ ਨਰਿੰਦਰ ਸਿੰਘ ਔਜਲਾ ਅਤੇ ਸੀਆਈਏ ਸਟਾਫ ਦੇ ਇੰਚਾਰਜ ਪੁਸ਼ਪ ਬਾਲੀ, ਐੱਸਐੱਚਓ ਮਕਸੂਦਾਂ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਭਰ ਤੋਂ ਵੱਡੀ ਗਿਣਤੀ ਪੁਲਿਸ ਫੋਰਸ ਦੀ ਹਾਜ਼ਰੀ ’ਚ ਡੀਐੱਸਪੀ ਦਫ਼ਤਰ ਪੂਰੀ ਤਰ੍ਹਾਂ ਪੁਲਿਸ ਛਾਉਣੀ ਬਣਿਆ ਰਿਹਾ। ਇਸ ਮੌਕੇ ਇਕ ਪੁਲਿਸ ਅਧਿਕਾਰੀ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੂੰ ਸਮੇਤ ਮਜ਼ਦੂਰਾਂ ਮੁਕੱਦਮਾ ਦਰਜ ਕਰਕੇ ਅੰਦਰ ਕਰਨ ਦੀ ਦਿੱਤੀ ਧਮਕੀ ਵੀ ਕਿਸੇ ਕੰਮ ਨਾ ਆ ਸਕੀ। ਅੰਤ ਪੁਲਿਸ ਪ੍ਰਸ਼ਾਸਨ ਨੇ ਮਜ਼ਦੂਰਾਂ ਵਲੋਂ ਦਿੱਤੀ ਲਿਖਤੀ ਦਰਖ਼ਾਸਤ ਮੁਤਾਬਕ ਉਕਤ ਨਿੱਜੀ ਅਦਾਰੇ ਦੇ ਹਿੱਸੇਦਾਰਾਂ, ਮਾਲਕਾਂ ਖਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕਰਨ ਲਈ ਇੱਕ ਦਿਨ ਦਾ ਸਮਾਂ ਮੰਗਿਆ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜੇਕਰ ਦੋ ਦਿਨ ’ਚ ਫੈਕਟਰੀ ਮਾਲਕ, ਹਿੱਸੇਦਾਰਾਂ ਖਿਲਾਫ਼ ਦਿੱਤੀ ਦਰਖਾਸਤ ਅਨੁਸਾਰ ਫ਼ੌਜਦਾਰੀ ਕੇਸ ਦਰਜ ਨਾ ਕਰਨ ਤੇ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਤੇ ਟੁੱਟੇ ਦਿਨਾਂ ਦਾ ਕਾਨੂੰਨ ਅਨੁਸਾਰ ਬਣਦਾ ਮੁਆਵਜ਼ਾ ਨਾ ਦੇਣ ਦੀ ਸੂਰਤ ’ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕ ਹਿੱਸੇਦਾਰਾਂ ਵੱਲੋਂ ਆਪਣੇ ਉੱਚ ਜਾਤੀ ਦੇ ਰੋਅਬ ’ਚ ਦਲਿਤ ਮਜ਼ਦੂਰਾਂ ਨੂੰ ਜਾਤੀ ਨੀਵਾਂ ਦਿਖਾਉਣ ਖ਼ਾਤਰ ਅਕਸਰ ਹੀ ਗਾਲੀ ਗਲੋਚ ਕੀਤਾ ਜਾਂਦਾ ਸੀ। ਮੁੱਖ ਮੰਤਰੀ ਦੀ ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਭਰਨ ਦਾ ਕੰਮ ਕਰਦੇ ਮਜ਼ਦੂਰਾਂ ਵੱਲੋਂ ਵਿਰੋਧ ਕਰਨ ਕਾਰਨ ਹੀ 160 ਮਜ਼ਦੂਰਾਂ ਨੂੰ 24 ਮਈ ਨੂੰ ਗ਼ੈਰਕਾਨੂੰਨੀ ਢੰਗ ਨਾਲ ਕੰਮ ਤੋਂ ਕੱਢ ਦਿੱਤਾ ਗਿਆ। ਇਸ ਖਿਲਾਫ਼ ਮਜ਼ਦੂਰ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਮਿਤੀ 22 ਜੂਨ ਨੂੰ ਉਕਤ ਮਾਲਕ ਹਿੱਸੇਦਾਰਾਂ ਨੇ ਫੈਕਟਰੀ ਅੰਦਰ ਦਲਿਤ ਨੌਜਵਾਨ ਲੜਕੀਆਂ ਨੂੰ ਬੁਲਾ ਕੇ ਧੱਕਾਮੁੱਕੀ ਕੀਤੀ ਗਈ ਤੇ ਜ਼ਲੀਲ ਕੀਤਾ ਗਿਆ। ਸਹਾਇਕ ਲੇਬਰ ਕਮਿਸ਼ਨਰ ਡਾਕਟਰ ਪ੍ਰਦੀਪ ਕੁਮਾਰ ਤੇ ਕੁੰਵਰ ਡਾਬਰ, ਲੇਬਰ ਇੰਸਪੈਕਟਰ ਚੰਦਨ ਗਿੱਲ ਦੀ ਅਗਵਾਈ ਹੇਠ ਸਿਵਲ ਤੇ ਪੁਲਿਸ ਪ੍ਰਸ਼ਾਸਨ ਮਹੀਨੇ ਭਰ ਤੋਂ ਇਸ ਮਸਲੇ ਨੂੰ ਸੁਲਝਾਉਣ ਲਈ ਲੱਗੇ ਹੋਏ ਹਨ ਪ੍ਰੰਤੂ ਸਰਕਾਰੇ ਦਰਬਾਰੇ ਪਹੁੰਚ ਪ੍ਰਾਪਤ ਫੈਕਟਰੀ ਮਾਲਕ ਹਿੱਸੇਦਾਰ ਟੱਸ ਤੋਂ ਮੱਸ ਨਹੀਂ ਹੋ ਰਹੇ। ਸ਼ਨਿਚਰਵਾਰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਉਕਤ ਸਹਾਇਕ ਲੇਬਰ ਕਮਿਸ਼ਨਰ, ਲੇਬਰ ਇੰਸਪੈਕਟਰ ਅਤੇ ਪੁਲਿਸ ਅਧਿਕਾਰੀ ਫੈਕਟਰੀ ਦੇ ਗੇਟ ਅੱਗੇ ਧੁੱਪ ’ਚ ਖ਼ੜ੍ਹੇ ਰਹੇ ਤੇ ਮਜ਼ਦੂਰ ਧਰਨਾ ਪ੍ਰਦਰਸ਼ਨ ਕਰਦੇ ਰਹੇ ਪ੍ਰੰਤੂ ਮਾਲਕ ਮੈਂ ਨਾ ਮਾਨੂੰ ਉੱਪਰ ਅੜੇ ਰਹੇ।
ਉਨ੍ਹਾਂ ਦੋਸ਼ ਲਾਇਆ ਕਿ ਕਿਰਤ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲੇ ਮਾਲਕ, ਹਿੱਸੇਦਾਰਾਂ ਸਾਹਮਣੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਅਤੇ ਜਲੰਧਰ ਦਿਹਾਤੀ ਪੁਲਿਸ ਪ੍ਰਸ਼ਾਸਨ ਲਾਚਾਰ ਨਜ਼ਰ ਆ ਰਿਹਾ। ਉਨ੍ਹਾਂ ਕਿਹਾ ਕਿ ਖ਼ਾਸਕਰ ਜਲੰਧਰ ਦਿਹਾਤੀ ਦਾ ਪੁਲਿਸ ਪ੍ਰਸ਼ਾਸਨ ਬੁਖਲਾਹਟ ਵਿੱਚ ਆ ਕੇ ਮਜ਼ਦੂਰਾਂ ਦੇ ਸੰਘਰਸ਼ ਦੀ ਅਗਵਾਈ ਕਰ ਰਹੇ ਯੂਨੀਅਨ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੂੰ ਸੰਘਰਸ਼ ਖ਼ਤਮ ਨਾ ਕਰਨ ਦੀ ਸੂਰਤ ’ਚ ਮੁਕੱਦਮਾ ਦਰਜ ਕਰਕੇ ਅੰਦਰ ਕਰਨ ਦੀਆਂ ਧਮਕੀਆਂ ’ਤੇ ਉੱਤਰ ਆਇਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਮੌਕੇ ਯੂਨੀਅਨ ਦੇ ਤਹਿਸੀਲ ਪ੍ਰਧਾਨ ਕੇਐੱਸ ਅਟਵਾਲ, ਬਲਵਿੰਦਰ ਕੌਰ, ਦਿਲਬਾਗ ਸਿੰਘ ਤੇ ਰਣਜੋਤ ਕੌਰ ਆਦਿ ਵੀ ਹਾਜ਼ਰ ਸਨ।