- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਸਬ-ਡਿਵੀਜ਼ਨ ਨਾਲ ਸਬੰਧਤ Gurpreet Singh Sekhon ਇਕ ਸਮੇਂ ਪੰਜਾਬ ਦੇ ਚਰਚਿਤ ਗੈਂਗਸਟਰਾਂ 'ਚ ਗਿਣੇ ਜਾਂਦੇ ਸਨ, ਪਰ ਬਾਅਦ 'ਚ ਉਨ੍ਹਾਂ ਨੇ ਸਮਾਜਿਕ ਗਤੀਵਿਧੀਆਂ ਤੇ ਲੋਕ ਸੰਪਰਕ ਰਾਹੀਂ ਆਪਣੀ ਵੱਖਰੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ। ਪਿਛਲੇ ਸਾਲਾਂ ਦੌਰਾਨ ਉਨ੍ਹਾਂ ਪਿੰਡ ਪੱਧਰ 'ਤੇ ਲੋਕਾਂ 'ਚ ਆਪਣਾ ਪ੍ਰਭਾਵ ਵਧਾਇਆ ਤੇ...

ਡਿਜੀਟਲ ਡੈਸਕ, ਜਲੰਧਰ : ਪੰਜਾਬ ਦੀ ਸਿਆਸਤ 'ਚ ਐਤਵਾਰ ਨੂੰ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਰੋਜ਼ਪੁਰ ਦੇ ਜ਼ੀਰਾ ਇਲਾਕੇ ਦੇ ਚਰਚਿਤ ਚਿਹਰੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਆਮ ਆਦਮੀ ਪਾਰਟੀ (AAP) 'ਚ ਸ਼ਾਮਲ ਕਰ ਲਿਆ। ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਇਹ ਸਿਆਸੀ ਸ਼ਮੂਲੀਅਤ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਹਿਮ ਮੰਨੀ ਜਾ ਰਹੀ ਹੈ। ਗੁਰਪ੍ਰੀਤ ਸਿੰਘ ਸੇਖੋਂ ਦਾ ਨਾਂ ਕਈ ਸਾਲਾਂ ਤਕ ਅਪਰਾਧ ਦੀ ਦੁਨੀਆ ਨਾਲ ਜੋੜਿਆ ਜਾਂਦਾ ਰਿਹਾ, ਪਰ ਪਿਛਲੇ ਕੁਝ ਸਾਲਾਂ ਤੋਂ ਉਹ ਆਪਣੇ ਆਪ ਨੂੰ ਸਮਾਜ ਸੇਵਾ ਤੇ ਸਿਆਸਤ ਰਾਹੀਂ ਨਵੀਂ ਪਛਾਣ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ੀਰਾ ਸਬ-ਡਿਵੀਜ਼ਨ ਨਾਲ ਸਬੰਧਤ ਗੁਰਪ੍ਰੀਤ ਸਿੰਘ ਸੇਖੋਂ ਦਾ ਸੂਬੇ ਦੇ ਚਰਚਿਤ ਗੈਂਗਸਟਰਾਂ 'ਚ ਨਾਂ ਗਿਣਿਆ ਜਾਂਦਾ ਸੀ, ਪਰ ਬਾਅਦ 'ਚ ਉਨ੍ਹਾਂ ਸਮਾਜਿਕ ਗਤੀਵਿਧੀਆਂ ਤੇ ਲੋਕ ਸੰਪਰਕ ਰਾਹੀਂ ਆਪਣੀ ਵੱਖਰੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ। ਪਿਛਲੇ ਸਾਲਾਂ ਦੌਰਾਨ ਉਨ੍ਹਾਂ ਪਿੰਡ ਪੱਧਰ 'ਤੇ ਲੋਕਾਂ 'ਚ ਆਪਣਾ ਰਸੂਖ ਵਧਾਇਆ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਆਪਣੇ ਪਰਿਵਾਰਕ ਮੈਂਬਰਾਂ ਦੀ ਜਿੱਤ ਰਾਹੀਂ ਆਪਣੀ ਸਿਆਸੀ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ। ਇਸ ਤੋਂ ਬਾਅਦ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਸੰਕੇਤ ਵੀ ਦਿੱਤੇ ਸਨ।
ਸੇਖੋਂ ਸਾਲ 2016 ਦੇ ਚਰਚਿਤ ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮੁੱਖ ਮਾਸਟਰਮਾਈਂਡ ਸੀ ਤੇ 10 ਸਾਲ ਦੀ ਸਜ਼ਾ ਹੋਈ ਸੀ। ਦਰਅਸਲ, ਹਥਿਆਰਬੰਦ ਹਮਲਾਵਰਾਂ ਨੇ ਜੇਲ੍ਹ 'ਤੇ ਹਮਲਾ ਕਰ ਕੇ ਸੇਖੋਂ ਸਹਿਤ 6 ਕੈਦੀਆਂ ਨੂੰ ਫ਼ਰਾਰ ਕਰਵਾਇਆ ਸੀ। ਬਾਅਦ 'ਚ ਫਰਵਰੀ 2017 'ਚ ਉਸਨੂੰ ਮੋਗਾ ਤੋਂ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ। ਨਵੰਬਰ 2023 'ਚ ਜ਼ਮਾਨਤ ਮਿਲਣ 'ਤੇ ਜੇਲ੍ਹ ਤੋਂ ਬਾਹਰ ਆਇਆ। ਪੁਲਿਸ ਰਿਕਾਰਡ ਮੁਤਾਬਕ ਉਨ੍ਹਾਂ ਖਿਲਾਫ਼ ਵੱਖ-ਵੱਖ ਸਮੇਂ 'ਚ 47 ਅਪਰਾਧਕ ਮਾਮਲੇ ਦਰਜ ਰਹੇ ਹਨ।
ਫਿਰੋਜ਼ਪੁਰ ਦਾ ਜ਼ੀਰਾ ਇਲਾਕਾ ਸਰਹੱਦੀ ਖੇਤਰ ਹੋਣ ਕਾਰਨ ਸਿਆਸੀ ਤੌਰ 'ਤੇ ਕਾਫ਼ੀ ਅਹਿਮ ਮੰਨਿਆ ਜਾਂਦਾ ਹੈ। ਸੇਖੋਂ ਦਾ ਸਥਾਨਕ ਪੱਧਰ 'ਤੇ ਮਜ਼ਬੂਤ ਪ੍ਰਭਾਵ ਹੋਣ ਕਾਰਨ AAP ਨੂੰ ਉਮੀਦ ਹੈ ਕਿ ਇਸ ਨਾਲ ਪਾਰਟੀ ਦੀ ਪਿੰਡਾਂ ਵਿਚ ਪਕੜ ਹੋਰ ਮਜ਼ਬੂਤ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਹੋਈ ਇਹ ਸ਼ਮੂਲੀਅਤ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਪਾਰਟੀ 2027 ਦੀਆਂ ਚੋਣਾਂ ਲਈ ਸਰਹੱਦੀ ਜ਼ਿਲ੍ਹਿਆਂ ਵਿਚ ਆਪਣਾ ਸੰਗਠਨ ਹੋਰ ਮਜ਼ਬੂਤ ਕਰਨ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਦਾ ਜੀਰਾ ਤੇ ਮੁੱਦਕੀ ਇਲਾਕੇ 'ਚ ਆਪਣਾ ਪ੍ਰਭਾਵ ਹੈ। ਉਹ ਲੰਬੇ ਸਮੇਂ ਤੋਂ ਸਥਾਨਕ ਪੱਧਰ 'ਤੇ ਸਰਗਰਮ ਰਹੇ ਹਨ ਤੇ ਉਨ੍ਹਾਂ ਦੇ ਨਾਲ ਜੁੜੇ ਸਮਰਥਕਾਂ ਦੀ ਗਿਣਤੀ ਵੀ ਕਾਫ਼ੀ ਮੰਨੀ ਜਾਂਦੀ ਹੈ। ਇਸ ਕਾਰਨ ਉਨ੍ਹਾਂ ਦੀ ਪਾਰਟੀ 'ਚ ਐਂਟਰੀ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਹਿਮ ਮੰਨਿਆ ਜਾ ਰਿਹਾ ਹੈ।