- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮਾਂ, ਪੈਨਸ਼ਨਰਾਂ ਦੇ ਸਾਂਝੇ ਮੰਚ ਦੇ ਸੰਘਰਸ਼ਾਂ ਚ ਭਰਵੀਂ ਸ਼ਮੂਲੀਅਤ ਕਰਾਂਗੇ- ਡੀ.ਟੀ.ਐਫ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ
ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕੀਤੇ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ,ਸਾਂਝਾ ਮੁਲਜ਼ਮ ਮੰਚ ਅਤੇ ਆਜ਼ਾਦ ਜਥੇਬੰਦੀਆਂ ਦੀ ਹੋਈ ਮੀਟਿੰਗ ਵਿੱਚ ਕੀਤੀ ਗਈ ਏਕਤਾ ਦੇ ਅਧਾਰ 'ਤੇ ਲਏ ਫੈਸਲਿਆਂ ਅਨੁਸਾਰ 1 ਜੁਲਾਈ ਤੋ 10 ਜੁਲਾਈ ਵਿਚਕਾਰ ਮੰਤਰੀਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਰੋਸ ਧਰਨਿਆਂ ਅਤੇ 17 ਜੁਲਾਈ ਨੂੰ ਮੋਹਾਲੀ ਵਿਖੇ ਹੋਣ ਵਾਲੀ ਸੂਬਾ ਪੱਧਰੀ ਮਹਾਂ ਰੈਲੀ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਅਗਸਤ ਮਹੀਨੇ ਦੌਰਾਨ ਅਧਿਆਪਕਾਂ ਦੀਆਂ ਵਿਭਾਗੀ ਮੰਗਾਂ ਨੂੰ ਲੈ ਕੇ ਭਰਾਤਰੀ ਅਧਿਆਪਕ ਜਥੇਬੰਦੀਆਂ ਨਾਲ ਮਿਲ ਕੇ ਸੰਗਰੂਰ ਵਿਖੇ ਸੂਬਾ ਪੱਧਰੀ ਪ੍ਰੋਗਰਾਮ ਕਰਨ ਦਾ ਫ਼ੈਸਲਾ ਵੀ ਮੀਟਿੰਗ ਵਿੱਚ ਹੋਇਆ। ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਜਾਨ ਗਵਾਉਣ ਵਾਲੇ ਮੋਗਾ ਦੇ ਅਧਿਆਪਕ ਜੋੜੇ ਜਸਕਰਨ ਅਤੇ ਕਮਲਜੀਤ ਕੌਰ ਦੀਆਂ ਮੌਤਾਂ ਨੂੰ ਲਗਪਗ 10 ਮਹੀਨੇ ਬੀਤ ਜਾਣ ਅਤੇ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ ਵੀ ਆਪ ਸਰਕਾਰ ਵੱਲੋਂ ਪੀੜਤ ਪਰਿਵਾਰ ਨਾਲ ਹਮਦਰਦੀ ਤੇ ਕੋਈ ਮੁਆਵਜ਼ਾ ਰਾਸ਼ੀ ਨਾ ਦੇਣ ’ਤੇ ਸੂਬਾ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਰਵਣ ਸਿੰਘ ਔਜਲਾ, ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਅਤੇ ਸਹਾਇਕ ਪ੍ਰੈੱਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਦੋਸ਼ ਲਾਇਆ ਕਿ ਲੈਕਚਰਾਰ ਕਾਡਰ ਦੀ ਨਵੀਂ ਭਰਤੀ ਦੀਆਂ ਪੋਸਟਾਂ ਵਿਚ ਰੀਜ਼ਰਵੇਸ਼ਨ ਨੂੰ ਬਿਲਕੁੱਲ ਅੱਖੋਂ ਪਰੋਖੇ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਵਿਭਾਗ ਆਪਣੀ ਸਥਿੱਤੀ ਸਪੱਸ਼ਟ ਕਰੇ। ਮੀਟਿੰਗ ਦੌਰਾਨ ਬਲਜਿੰਦਰ ਸਿੰਘ ਬਠਿੰਡਾ, ਦਾਤਾ ਸਿੰਘ ਨਮੋਲ, ਹਰਭਗਵਾਨ ਗੁਰਨੇ, ਬਲਰਾਮ ਜੀਰਾ, ਚਰਨਜੀਤ ਕਪੂਰਥਲਾ, ਸੁਖਵਿੰਦਰ ਪ੍ਰੀਤ ਜਲ਼ੰਧਰ, ਜੀਵਨ ਸਿੰਘ ਬਧਾਈ, ਸੁਖਵਿੰਦਰ ਘੋਲੀਆ, ਗਗਨ ਬਰਾੜ, ਗਰਮੀਤ ਝੋਰੜਾਂ ਅਤੇ ਗੁਰਪ੍ਰੀਤ ਮੱਦੋਕੇ ਤੇ ਹੋਰ ਆਗੂ ਹਾਜ਼ਰ ਸਨ।
ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀਆਂ ਜਾਇਜ਼ ਮੰਗਾਂ ਮੰਨਣ ਨੂੰ ਅਪੀਲ ਕਰਦੇ ਹੋਏ ਡੀ.ਟੀ.ਐੱਫ ਦੇ ਆਗੂ।