ਸਾਨੂੰ ਬਿਜਲੀ ਚਾਹੀਦੀ ਹੈ, ਸਸਤੀ ਜਾਂ ਮੁਫ਼ਤ ਨਹੀਂ… ਸਾਨੂੰ ਬਿਜਲੀ ਚਾਹੀਦੀ ਹੈ, ਸਸਤੀ ਜਾਂ ਮੁਫ਼ਤ ਨਹੀਂ…
Publish Date: Thu, 09 Jul 2026 07:23 PM (IST)
Updated Date: Thu, 09 Jul 2026 07:24 PM (IST)
-ਬਿਜਲੀ ਵਿਭਾਗ ਖ਼ਿਲਾਫ਼ ਵਧਦਾ ਜਾ ਰਿਹਾ ਵਕੀਲਾਂ ਦਾ ਰੋਸ -ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਖ਼ਿਲਾਫ਼ ਹੜਤਾਲ ਜਾਰੀ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਸਾਨੂੰ ਬਿਜਲੀ ਚਾਹੀਦੀ ਹੈ ਸਸਤੀ ਜਾਂ ਮੁਫ਼ਤ ਨਹੀਂ ਅੱਜ ਇਹ ਨਾਅਰੇ ਲਾਉਂਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲ ਮੈਂਬਰਾਂ ਨੇ ਬਿਜਲੀ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੀਐੱਸਪੀਸੀਐੱਲ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਤੇ ਹਰ ਰੋਜ਼ ਲੱਗਣ ਵਾਲੇ ਬਿਜਲੀ ਕੱਟਾਂ ਤੋਂ ਭੜਕੇ ਵਕੀਲਾਂ ਨੇ ਵੀਰਵਾਰ ਵੀ ਕੰਮਕਾਜ ਠੱਪ ਰੱਖਿਆ ਤੇ ਅਦਾਲਤਾਂ ’ਚ ਨਹੀਂ ਗਏ। ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਅਤੇ ਹੋਰ ਵਕੀਲਾਂ ਦੀ ਮੌਜੂਦਗੀ ’ਚ ਰੋਸ ਜ਼ਾਹਿਰ ਕਰਦੇ ਹੋਏ ਅੱਜ ਇੱਥੇ ਅਦਾਲਤੀ ਕੰਪਲੈਕਸ ਵਿਹੜੇ ਇਕ ਪਾਸੇ ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਦਾ ਵਿਰੋਧ ਕੀਤਾ ਗਿਆ ਉੱਥੇ ਨਾਲ ਹੀ ਦੂਜੇ ਪਾਸੇ ਬਿਜਲੀ ਕੱਟਾਂ ਖ਼ਿਲਾਫ਼ ਵੀ ਆਪਣਾ ਰੋਸ ਜ਼ਾਹਿਰ ਕੀਤਾ। ਵਕੀਲਾਂ ਨੇ ਕਿਹਾ ਕਿ ਉਹ ਪਿਛਲੇ ਹਫ਼ਤੇ ਤੋਂ ਰੋਸ ਜ਼ਾਹਿਰ ਕਰ ਰਹੇ ਹਨ ਪਰ ਅੱਜ ਤੱਕ ਕਿਸੇ ਵੀ ਬਿਜਲੀ ਵਿਭਾਗ ਦੇ ਅਧਿਕਾਰੀ ਨੇ ਆ ਕੇ ਉਨ੍ਹਾਂ ਦੀ ਪਰੇਸ਼ਾਨੀ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਦੂਜੇ ਪਾਸੇ ਵਕੀਲਾਂ ਨੇ ਸਰਕਾਰ ਤੋਂ ਇਸ ਪਾਲਿਸੀ ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ। ਬਿਜਲੀ ਵਿਭਾਗ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਵਕੀਲਾਂ ਨੇ ਕਿਹਾ ਕਿ ਪਹਿਲਾਂ ਤੇ ਬਿਜਲੀ ਕੱਟਾਂ ਦੀ ਪਰੇਸ਼ਾਨੀ ਦਿਨ ਦੀ ਸੀ ਹੁਣ ਰਾਤ ਨੂੰ ਵੀ ਪਹਿਲਾਂ 12.20 ਤੋਂ ਡੇਢ ਵਜੇ ਤੱਕ ਕੱਟ ਲਗਾਇਆ ਗਿਆ ਫਿਰ ਸਵੇਰੇ ਕਈ ਇਲਾਕਿਆਂ ਵਿਚ 8 ਵਜੇ ਤੋਂ 11 ਵਜੇ ਤੱਕ ਦਾ ਕੱਟ ਲਗਾ ਦਿੱਤਾ ਗਿਆ ਤੇ ਦਿਨ ਰਾਤ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ ਤੇ ਉਸ ਤੋਂ ਇਲਾਵਾ ਜੇਕਰ ਕੋਈ ਖ਼ਰਾਬੀ ਆ ਜਾਵੇ ਤਾਂ ਵੱਖਰਾ ਕੱਟ ਲੱਗ ਜਾਂਦਾ ਹੈ ਤੇ ਖ਼ਰਾਬੀ ਹੋਣ ਤੋਂ ਬਾਅਦ ਨਾ ਕੋਈ ਫ਼ੋਨ ਚੁੱਕਦਾ ਹੈ ਤੇ ਨਾ ਕੋਈ ਠੀਕ ਕਰਨ ਆਉਂਦਾ ਹੈ। ਵਕੀਲਾਂ ਦਾ ਕਹਿਣਾ ਹੈ ਕਿ ਬਿਜਲੀ ਕੱਟਾਂ ਕਰਕੇ ਪੜ੍ਹਾਈ ਕਰਨ ਵਾਲੇ ਬੱਚੇ ਵੀ ਪਰੇਸ਼ਾਨ ਹੋ ਰਹੇ ਹਨ। ਇਸ ਕਾਰਨ ਉਨ੍ਹਾਂ ਦਾ ਕੰਮ ਵੀ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਸਬੰਧੀ ਸੁਣਵਾਈ ਨਹੀਂ ਹੁੰਦੀ ਤੇ ਬਿਜਲੀ ਕੱਟਾਂ ਦਾ ਹੱਲ ਨਹੀਂ ਹੁੰਦਾ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਮੌਜੂਦ ਵਕੀਲਾਂ ’ਚ ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਪ੍ਰਿਤਪਾਲ ਸਿੰਘ, ਸਾਬਕਾ ਪ੍ਰਧਾਨ ਐਡਵੋਕੇਟ ਗੁਰਮੇਲ ਸਿੰਘ ਲਿੱਧੜ, ਐਡਵੋਕੇਟ ਰਾਕੇਸ਼ ਧੀਰ, ਐਡਵੋਕੇਟ ਅਸ਼ੋਕ ਸ਼ਰਮਾ, ਐਡਵੋਕੇਟ ਤਰਸੇਮ ਕਪੂਰ, ਐਡਵੋਕੇਟ ਅਮਰਿੰਦਰ ਸਿੰਘ ਥਿੰਦ, ਐਡਵੋਕੇਟ ਅਨੁਜ ਮਹਿਤਾ, ਐਡਵੋਕੇਟ ਐਰਿਕ ਕੁਮਾਰ, ਐਡਵੋਕੇਟ ਗੌਰਵ, ਐਡਵੋਕੇਟ ਨਿਖਿਲ ਸ਼ਰਮਾ, ਐਡਵੋਕੇਟ ਪਰਮਜੀਤ ਕਲਸੀ, ਐਡਵੋਕੇਟ ਰਜਨੀਸ਼ ਸਿੱਧੀ, ਐਡਵੋਕੇਟ ਸੰਦੀਪ ਕੁਮਾਰ, ਐਡਵੋਕੇਟ ਸੋਨਾਲਿਕਾ, ਐਡਵੋਕੇਟ ਮਧੂ ਰਚਨਾ ਸਮੇਤ ਵੱਡੀ ਗਿਣਤੀ ’ਚ ਵਕੀਲ ਮੈਂਬਰ ਮੌਜੂਦ ਸਨ।