- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਸ਼ਹਿਰ

ਜਾਸ, ਜਲੰਧਰ : ਸ਼ਹਿਰ ’ਚ ਸ਼ਨਿਚਰਵਾਰ ਦੁਪਹਿਰੇ ਇਕ ਤੋਂ ਤਿੰਨ ਵਜੇ ਤੱਕ ਦੋ ਘੰਟਿਆਂ ’ਚ 4.5 ਮਿਲੀਮੀਟਰ ਬਾਰਿਸ਼ ਹੋਈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਕੁਝ ਪਲਾਂ ਲਈ ਗਰਮੀ ਤੋਂ ਰਾਹਤ ਮਿਲੀ ਪਰ ਇਸ ਦੇ ਨਾਲ ਹੀ ਸ਼ਹਿਰ ਦੇ ਕਈ ਹਿੱਸਿਆਂ ’ਚ ਪਾਣੀ ਭਰਨ ਦੀ ਸਮੱਸਿਆ ਵੀ ਸਾਹਮਣੇ ਆਈ। ਚਾਹੇ ਇਹ ਸ਼ਹਿਰ ਦੇ ਅੰਦਰੂਨੀ, ਨੀਵੇਂ ਇਲਾਕੇ ਹੋਣ ਜਾਂ ਫਿਰ ਹਾਈਵੇ ਦਾ ਹਿੱਸਾ, ਨੈਸ਼ਨਲ ਹਾਈਵੇ ਦੀਆਂ ਸੜਕਾਂ ਤੇ ਸਰਵਿਸ ਰੋਡ 'ਤੇ ਵੀ ਦੋ ਤੋਂ ਡੇਢ ਫੁੱਟ ਤੱਕ ਪਾਣੀ ਭਰ ਗਿਆ ਸੀ। ਇਸ ਕਾਰਨ ਵਾਹਨ ਚਾਲਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਤੇ ਟੁੱਟੀਆਂ ਸੜਕਾਂ 'ਤੇ ਵਾਹਨ ਚਾਲਕ ਡਿੱਗਦੇ-ਢਹਿੰਦੇ ਰਹੇ। ਇਸ ਦੌਰਾਨ ਲਾਡੋਵਾਲੀ ਰੋਡ ਤੋਂ ਗੁਰੂ ਨਾਨਕਪੁਰਾ ਫਾਟਕ ਵੱਲ ਜਾਂਦੀ ਸੜਕ 'ਤੇ ਇਕ ਦਰਖ਼ਤ ਵੀ ਡਿੱਗ ਗਿਆ। ਹਾਲਾਂਕਿ ਇਸ ਦੌਰਾਨ ਕਿਸੇ ਵੀ ਕਿਸਮ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਉਕਤ ਇਲਾਕੇ ਦੀ ਬਿਜਲੀ ਜ਼ੋਰਦਾਰ ਧਮਾਕੇ ਨਾਲ ਗੁੱਲ ਹੋ ਗਈ।
ਇਸ ਤੋਂ ਇਲਾਵਾ ਜਿੱਥੇ ਸਰਫੇਸ ਵਾਟਰ, ਸੀਵਰੇਜ ਤੇ ਪਾਣੀ ਦੀਆਂ ਪਾਈਪਾਂ ਦਾ ਕੰਮ ਚੱਲ ਰਿਹਾ ਹੈ ਜਾਂ ਹਾਲ ਹੀ ਵਿਚ ਹੋਇਆ ਹੈ, ਉਥੇ ਹਾਲਾਤ ਬਹੁਤ ਖਰਾਬ ਰਹੇ। ਉਥੇ ਪਾਣੀ ਤੇ ਚਿੱਕੜ ਹੋਣ ਕਾਰਨ ਵਾਹਨ ਚਾਲਕ ਤਿਲਕ-ਤਿਲਕ ਕੇ ਡਿੱਗਦੇ ਰਹੇ ਤੇ ਉਨ੍ਹਾਂ ਨੂੰ ਪੈਦਲ ਚੱਲਣ ’ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
---
ਅੱਜ ਵੀ ਮੀਂਹ-ਹਨੇਰੀ ਦੀਆਂ ਸੰਭਾਵਨਾਵਾਂ
ਮੌਸਮ ਵਿਭਾਗ ਵੱਲੋਂ ਆਉਣ ਵਾਲੇ ਚਾਰ ਦਿਨਾਂ ਲਈ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ’ਚ ਮੀਂਹ ਤੇ ਹਨੇਰੀ ਦੇ ਆਸਾਰ ਦੱਸੇ ਗਏ ਹਨ। ਸਵੇਰੇ ਦੇ ਸਮੇਂ ’ਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹੇ ਤੇ ਸਵੇਰੇ ਸੱਤ ਵਜੇ ਤੋਂ ਗਰਮੀ ਵੀ ਵਧਣ ਲੱਗੀ। ਦੁਪਹਿਰ 12 ਵਜੇ ਤੋਂ ਬਾਅਦ ਆਸਮਾਨ ਵਿਚ ਕਾਲੇ ਸੰਘਣੇ ਬੱਦਲ ਛਾ ਗਏ ਤੇ ਦੁਪਹਿਰ ਇਕ ਵਜੇ ਦੇ ਕਰੀਬ ਜਬਰਦਸਤ ਮੀਂਹ ਪਿਆ। ਇਸ ਦੇ ਬਾਵਜੂਦ ਮੌਸਮ ਵਿਭਾਗ ਵੱਲੋਂ 33 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਅਤੇ 27 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਵੀ ਮੀਂਹ ਦੇ ਆਸਾਰ ਦੱਸੇ ਹਨ, ਜਿਸ ’ਚ ਸੋਮਵਾਰ ਲਈ ਸਭ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਜੇਕਰ ਅਗਲੇ ਦੋ ਦਿਨਾਂ ਵਿਚ ਵੀ ਮੀਂਹ ਪੈਂਦਾ ਹੈ ਤਾਂ ਤਾਪਮਾਨ ’ਚ ਕਮੀ ਆਵੇਗੀ ਤੇ ਗਰਮੀ ਦਾ ਪ੍ਰਭਾਵ ਵੀ ਘਟ ਸਕਦਾ ਹੈ।