- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਕੱਟਾਂ ਦਾ ਸਭ ਤੋਂ ਮਾੜਾ ਅਸਰ ਮਜ਼ਦੂਰ ਵਰਗ 'ਤੇ ਪੈ ਰਿਹਾ ਹੈ। ਰਾਤ ਦੀਆਂ ਸ਼ਿਫ਼ਟਾਂ ਤੇ ਓਵਰਟਾਈਮ ਬੰਦ ਹੋਣ ਕਾਰਨ ਮਜ਼ਦੂਰਾਂ ਦੀ ਆਮਦਨ ਅੱਧੀ ਰਹਿ ਗਈ ਹੈ। ਉਦਯੋਗਪਤੀਆਂ ਮੁਤਾਬਕ ਯੂ.ਪੀ. ਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਹੁਣ ਵਾਪਸ ਆਪਣੇ ਸੂਬਿਆਂ ਵੱਲ ਪਲਾਇਨ ਕਰਨ ਲੱਗੇ ਹਨ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਪੰਜਾਬ ’ਚ ਲਗਾਤਾਰ ਗੰਭੀਰ ਹੁੰਦੇ ਜਾ ਰਹੇ ਬਿਜਲੀ ਸੰਕਟ ਤੇ ਸਰਕਾਰ ਦੀ ਕਥਿਤ ਅਣਦੇਖੀ ਕਾਰਨ ਜਲੰਧਰ ਦਾ ਕਾਰੋਬਾਰ ਤਬਾਹੀ ਦੇ ਕੰਢੇ ਪਹੁੰਚ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ 4 ਤੋਂ 5 ਘੰਟੇ ਦੇ ਲਗਾਏ ਜਾ ਰਹੇ ਬਿਜਲੀ ਕੱਟਾਂ ਤੋਂ ਬਾਅਦ ਹੁਣ ਅਚਾਨਕ ਇੰਡਸਟਰੀ 'ਤੇ 10-10 ਘੰਟਿਆਂ ਦੇ ਲੰਬੇ ਬਿਜਲੀ ਕੱਟ ਥੋਪ ਦਿੱਤੇ ਗਏ ਹਨ। ਸਰਕਾਰ ਤੇ ਬਿਜਲੀ ਬੋਰਡ ਦੇ ਇਸ ਅਚਾਨਕ ਲਏ ਗਏ ਫ਼ੈਸਲੇ ਨਾਲ ਜਲੰਧਰ ਅਤੇ ਇਸ ਦੇ ਆਸ-ਪਾਸ ਦੇ ਉਦਯੋਗਿਕ ਖੇਤਰਾਂ ਨੂੰ ਰੋਜ਼ਾਨਾ ਲਗਭਗ 35 ਕਰੋੜ ਰੁਪਏ ਤੋਂ ਵੱਧ ਦਾ ਆਰਥਿਕ ਝਟਕਾ ਲੱਗ ਰਿਹਾ ਹੈ।
ਰੋਜ਼ਾਨਾ 12 ਕਰੋੜ ਦਾ ਸ਼ੁੱਧ ਮੁਨਾਫ਼ਾ ਤੇ ਐਕਸਪੋਰਟ ਪ੍ਰਭਾਵਿਤ
'ਜਲੰਧਰ ਇੰਡਸਟਰੀਅਲ ਫੋਕਲ ਪੁਆਇੰਟ ਐਸੋਸੀਏਸ਼ਨ' ਤੇ 'ਯੂਨਾਈਟਿਡ ਫੋਰਮ ਆਫ਼ ਇੰਡਸਟਰੀ ਐਂਡ ਟ੍ਰੇਡ' ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਅਤੇ ਸਥਾਨਕ ਉਦਯੋਗਪਤੀਆਂ ਅਨੁਸਾਰ, ਸਿਰਫ਼ ਜਲੰਧਰ ਸ਼ਹਿਰੀ ਖੇਤਰ ਦੀ ਇੰਡਸਟਰੀ ਨੂੰ ਹੀ ਰੋਜ਼ਾਨਾ ਲਗਭਗ 12 ਕਰੋੜ ਰੁਪਏ ਦੇ ਮੁਨਾਫ਼ੇ ਅਤੇ ਵਿਦੇਸ਼ੀ ਮੁਦਰਾ ਦਾ ਸਿੱਧਾ ਘਾਟਾ ਪੈ ਰਿਹਾ ਹੈ। ਜੇਕਰ ਆਲੇ-ਦੁਆਲੇ ਦੇ ਪੂਰੇ ਉਦਯੋਗਿਕ ਬੈਲਟ ਨੂੰ ਜੋੜ ਲਿਆ ਜਾਵੇ ਤਾਂ ਇਹ ਨੁਕਸਾਨ 35 ਕਰੋੜ ਰੁਪਏ ਤੋਂ ਪਾਰ ਚਲਾ ਜਾਂਦਾ ਹੈ। ਇਸ ਬਿਜਲੀ ਸੰਕਟ ਕਾਰਨ ਜਲੰਧਰ ਅਤੇ ਨਾਲ ਲੱਗਦੇ ਖੇਤਰਾਂ ਦੇ ਲਗਭਗ 3 ਲੱਖ ਮਜ਼ਦੂਰਾਂ ਦੀ ਦਿਹਾੜੀ ਅਤੇ ਰੋਜ਼ੀ-ਰੋਟੀ 'ਤੇ ਸਿੱਧਾ ਡਾਕਾ ਵੱਜ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਦਾ ਸਭ ਤੋਂ ਵੱਧ ਅਸਰ ਹੈਂਡ ਟੂਲਜ਼, ਆਟੋ ਪਾਰਟਸ, ਕਾਸਟਿੰਗ, ਪਲਾਸਟਿਕ, ਰੋਲਿੰਗ ਮਿੱਲਾਂ ਅਤੇ ਸਕੈਫੋਲਡਿੰਗ ਇੰਡਸਟਰੀ 'ਤੇ ਪੈ ਰਿਹਾ ਹੈ। ਇਹਨਾਂ ਵੱਡੀਆਂ ਫੈਕਟਰੀਆਂ, ਫਰਨੈਸਾਂ (ਭੱਠੀਆਂ) ਅਤੇ ਹੈਮਰਾਂ ਨੂੰ ਡੀਜ਼ਲ ਜਨਰੇਟਰਾਂ 'ਤੇ ਨਹੀਂ ਚਲਾਇਆ ਜਾ ਸਕਦਾ, ਕਿਉਂਕਿ ਡੀਜ਼ਲ ਦੀ ਲਾਗਤ ਨਾਲ ਉਤਪਾਦਨ ਖ਼ਰਚਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਅਜਿਹੇ 'ਚ ਛੋਟੇ ਅਤੇ ਵੱਡੇ ਯੂਨਿਟ ਬੰਦ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ।
ਤਿਉਹਾਰੀ ਸੀਜ਼ਨ 'ਚ ਸਪਲਾਈ ਠੱਪ, ਆਰਡਰ ਰੱਦ ਹੋਣ ਦਾ ਭਾਰੀ ਡਰ
ਧੀਰ ਸਪੋਟਰਸ ਇੰਡਸਟਰੀਜ਼ ਦੇ ਮਾਲਕ ਰਜਿੰਦਰ ਧੀਰ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਸਮੇਂ ਤਿਉਹਾਰੀ ਸੀਜ਼ਨ ਚੱਲ ਰਿਹਾ ਹੈ, ਜਦੋਂ ਦੇਸ਼-ਵਿਦੇਸ਼ ਤੋਂ ਮਿਲੇ ਆਰਡਰਾਂ ਦੀ ਸਪਲਾਈ ਸਮੇਂ ਸਿਰ ਕਰਨ ਦਾ ਭਾਰੀ ਦਬਾਅ ਹੁੰਦਾ ਹੈ। ਅੱਜ ਮੁਕਾਬਲੇ ਵਾਲੇ ਦੌਰ 'ਚ ਜੇਕਰ ਸਪਲਾਈ ਸਮੇਂ ਸਿਰ ਨਹੀਂ ਹੁੰਦੀ ਤਾਂ ਖ਼ਰੀਦਦਾਰ ਆਰਡਰ ਰੱਦ ਕਰ ਦਿੰਦੇ ਹਨ। ਜੇਕਰ ਖਰੀਦਦਾਰਾਂ ਦੇ ਆਰਡਰ ਸਮੇਂ ਸਿਰ ਪੂਰੇ ਨਾ ਹੋਏ ਤਾਂ ਉਹ ਦੂਜੇ ਰਾਜਾਂ ਦਾ ਰੁੱਖ ਕਰਨਗੇ, ਜਿਸ ਨਾਲ ਪੰਜਾਬ ਦੀ ਇੰਡਸਟਰੀ ਨੂੰ ਭਾਰੀ ਨੁਕਸਾਨ ਹੋਵੇਗਾ। 10-10 ਘੰਟੇ ਬਿਜਲੀ ਬੰਦ ਰਹਿਣ ਕਾਰਨ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।
ਆਪਣੇ ਸੂਬਿਆਂ ਵੱਲ ਜਾ ਰਹੇ ਨੇ ਮਜ਼ਦੂਰ
ਬਿਜਲੀ ਕੱਟਾਂ ਦਾ ਸਭ ਤੋਂ ਮਾੜਾ ਅਸਰ ਮਜ਼ਦੂਰ ਵਰਗ 'ਤੇ ਪੈ ਰਿਹਾ ਹੈ। ਰਾਤ ਦੀਆਂ ਸ਼ਿਫ਼ਟਾਂ ਤੇ ਓਵਰਟਾਈਮ ਬੰਦ ਹੋਣ ਕਾਰਨ ਮਜ਼ਦੂਰਾਂ ਦੀ ਆਮਦਨ ਅੱਧੀ ਰਹਿ ਗਈ ਹੈ। ਉਦਯੋਗਪਤੀਆਂ ਮੁਤਾਬਕ ਯੂ.ਪੀ. ਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਹੁਣ ਵਾਪਸ ਆਪਣੇ ਸੂਬਿਆਂ ਵੱਲ ਪਲਾਇਨ ਕਰਨ ਲੱਗੇ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਪਣੇ ਰਾਜਾਂ 'ਚ ਬਿਜਲੀ ਦੇ ਅਜਿਹੇ ਮੰਦੇ ਹਾਲਾਤ ਨਹੀਂ ਹਨ ਜਿਹੋ ਜਿਹੇ ਪੰਜਾਬ 'ਚ ਦੇਖਣ ਨੂੰ ਮਿਲ ਰਹੇ ਹਨ, ਜੋ ਕਿ ਪੰਜਾਬ ਦੇ ਉਦਯੋਗਿਕ ਅਕਸ 'ਤੇ ਵੱਡਾ ਧੱਬਾ ਹੈ।
ਸਰਕਾਰ ਦੀਆਂ ਨੀਤੀਆਂ 'ਤੇ ਉੱਠੇ ਗੰਭੀਰ ਸਵਾਲ
ਉਦਯੋਗਿਕ ਆਗੂਆਂ ਨੇ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਦਾ ਸਾਰਾ ਧਿਆਨ ਸਿਰਫ਼ ਆਉਣ ਵਾਲੀਆਂ ਚੋਣਾਂ ਅਤੇ ਮੁਫ਼ਤ ਦੀਆਂ ਰੇਵੜੀਆਂ (ਜਿਵੇਂ 300 ਯੂਨਿਟ ਮੁਫ਼ਤ ਬਿਜਲੀ ਅਤੇ ਹੋਰ ਵਿੱਤੀ ਐਲਾਨ) ਵੰਡਣ 'ਤੇ ਲੱਗਾ ਹੋਇਆ ਹੈ। ਇੰਡਸਟਰੀ ਦੀ ਚਿੰਤਾ ਕਰਨ ਵਾਲਾ ਕੋਈ ਨਹੀਂ ਹੈ। ਜੇਕਰ ਸੂਬੇ ਕੋਲ ਬਿਜਲੀ ਦੀ ਘਾਟ ਸੀ, ਤਾਂ ਸਰਕਾਰ ਨੂੰ ਸੈਂਟਰਲ ਪੂਲ ਜਾਂ ਦੂਜੇ ਰਾਜਾਂ ਤੋਂ ਬਿਜਲੀ ਖ਼ਰੀਦ ਕੇ ਇੰਡਸਟਰੀ ਨੂੰ ਬਚਾਉਣਾ ਚਾਹੀਦਾ ਸੀ। ਸਰਕਾਰ ਕੋਲ ਨਾ ਕੋਈ ਰੋਡਮੈਪ ਹੈ ਅਤੇ ਨਾ ਹੀ ਕੋਈ ਯੋਜਨਾਬੰਦੀ ਹੈ ਜਿਸ ਨਾਲ ਇੰਡਸਟਰੀ ਨੂੰ ਬਚਾਇਆ ਜਾ ਸਕੇ।
ਰਿਹਾਇਸ਼ੀ ਇਲਾਕਿਆਂ 'ਚ ਵੀ ਹਾਹਾਕਾਰ
ਬਿਜਲੀ ਬੋਰਡ ਦੀ ਨਾਕਾਮੀ ਦਾ ਆਲਮ ਇਹ ਹੈ ਕਿ ਸਿਰਫ਼ ਉਦਯੋਗ ਹੀ ਨਹੀਂ, ਸਗੋਂ ਅਰਬਨ ਅਸਟੇਟ, ਵਸੰਤ ਵਿਹਾਰ ਵਰਗੇ ਪੋਸ਼ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਕੇਬਲ ਖ਼ਰਾਬ ਹੋਣ ਅਤੇ ਸਟੋਰਾਂ ਤੋਂ ਸਮਾਨ ਨਾ ਮਿਲਣ ਦਾ ਬਹਾਨਾ ਬਣਾ ਕੇ 18 ਘੰਟੇ ਬਿਜਲੀ ਗੁੱਲ ਰੱਖੀ ਜਾ ਰਹੀ ਹੈ।
ਐੱਮਐੱਸਐੱਮਈ ਸੈਕਟਰ ਲਈ ਹੋਂਦ ਦਾ ਸੰਕਟ
ਪੰਜਾਬ 'ਚ ਉਦਯੋਗਿਕ ਨੀਤੀਆਂ ਦੀ ਘਾਟ ਕਾਰਨ ਟ੍ਰਾਈਡੈਂਟ ਅਤੇ ਹੀਰੋ ਵਰਗੇ ਵੱਡੇ ਉਦਯੋਗਿਕ ਘਰਾਣੇ ਪਹਿਲਾਂ ਹੀ ਮੱਧ ਪ੍ਰਦੇਸ਼ ਅਤੇ ਹੋਰਾਂ ਰਾਜਾਂ ਵੱਲ ਰੁੱਖ ਕਰ ਚੁੱਕੇ ਹਨ। ਪਰ ਜਲੰਧਰ ਦਾ ਛੋਟਾ ਅਤੇ ਮੱਧਮ ਉਦਯੋਗ (MSME/ਹੈਂਡ ਟੂਲਜ਼/ਖੇਡ ਸਮਾਨ) ਦੂਜੇ ਰਾਜਾਂ 'ਚ ਪਲਾਇਨ ਵੀ ਨਹੀਂ ਕਰ ਸਕਦਾ। ਜੇਕਰ ਸਰਕਾਰ ਨੇ ਤੁਰੰਤ ਬਿਜਲੀ ਸਪਲਾਈ ਸੁਚਾਰੂ ਨਾ ਕੀਤੀ, ਤਾਂ ਪੰਜਾਬ ਦਾ ਇਹ ਛੋਟਾ ਉਦਯੋਗ ਦਮ ਤੋੜ ਦੇਵੇਗਾ। ਉਦਯੋਗਪਤੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਉਹ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਮਜ਼ਬੂਰ ਹੋਣਗੇ। ਕੱਚੇ ਮਾਲ ਦੀ ਮਾਰ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਉਦਯੋਗਪਤੀਆੰ ਉਤੇ ਅਸਮਾਨ ਛੂਹ ਰਹੀਆਂ ਕੱਚੇ ਮਾਲ ਦੀਆਂ ਕੀਮਤਾਂ ਦੀ ਮਾਰ ਪੈ ਰਹੀ ਹੈ ਅਤੇ ਹੁਣ ਬਿਜਲੀ ਕੱਟਾਂ ਨੇ ਇੰਡਸਟਰੀ ਦਾ ਲੱਕ ਤੋੜ ਦਿੱਤਾ ਹੈ। ਇਸ ਦਾ ਸਭ ਤੋਂ ਮਾੜਾ ਅਸਰ ਗਰੀਬ ਮਜ਼ਦੂਰਾਂ ਦੇ ਰੁਜ਼ਗਾਰ 'ਤੇ ਪੈ ਰਿਹਾ ਹੈ।