ਬਾਈਕ ਸਵਾਰ ਦੋ ਹਮਲਾਵਰਾਂ ਨੇ ਚਾਵਲਾ ਮੋਬਾਈਲ ਸ਼ੋਅਰੂਮ ’ਤੇ ਚਲਾਈਆਂ ਗੋਲੀਆਂ
ਦੁਕਾਨ ਦੇ ਮਾਲਕ ਅੰਕੁਸ਼ ਚਾਵਲਾ ਨੂੰ 15 ਦਿਨ ਪਹਿਲਾਂ ਗੈਂਗਸਟਰ ਡੋਨੀ ਬਲ ਵੱਲੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਦੀ ਧਮਕੀ ਮਿਲੀ ਸੀ।
Publish Date: Sat, 20 Jun 2026 09:55 PM (IST)
Updated Date: Sat, 20 Jun 2026 09:57 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਜਲੰਧਰ : ਜਲੰਧਰ ਦੇ ਅਵਤਾਰ ਨਗਰ ਰੋਡ ਤੇ ਸ਼ਨੀਵਾਰ ਸ਼ਾਮ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਬਾਈਕ ਤੇ ਸਵਾਰ ਦੋ ਨੌਜਵਾਨਾਂ ਨੇ ਚਾਵਲਾ ਮੋਬਾਈਲ ਪੁਆਇੰਟ ਦੇ ਬਾਹਰ ਦਿਨ-ਦਿਹਾੜੇ ਗੋਲ਼ੀਆਂ ਚਲਾਈਆਂ। ਸੂਚਨਾ ਮਿਲਦੇ ਹੀ ਥਾਣਾ 5 ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਮਾਮਲਾ ਦਰਜ ਕਰ ਲਿਆ। ਮੁਲਜ਼ਮ ਦੀ ਬਾਈਕ ਤੇ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਮਾਲਕ ਅੰਕੁਸ਼ ਚਾਵਲਾ ਨੂੰ 15 ਦਿਨ ਪਹਿਲਾਂ ਗੈਂਗਸਟਰ ਡੋਨੀ ਬਲ ਵੱਲੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਦੀ ਧਮਕੀ ਮਿਲੀ ਸੀ। ਮੌਕੇ ਤੋਂ ਹੀ ਲੋਕਾਂ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਜਦਿਕ ਦੂਜਾ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਦੁਪਹਿਰ 3:30 ਵਜੇ ਦੇ ਕਰੀਬ ਵਾਪਰੀ ਇਸ ਘਟਨਾ ’ਚ ਹਮਲਾਵਰਾਂ ਨੇ ਦੁਕਾਨ ਵੱਲ ਤਿੰਨ ਗੋਲੀਆਂ ਚਲਾਈਆਂ, ਜਿਸ ਨਾਲ ਸ਼ੋਅਰੂਮ ਦਾ ਸ਼ੀਸ਼ਾ ਟੁੱਟ ਗਿਆ। ਉਸ ਸਮੇਂ ਗਾਹਕ ਤੇ ਕਰਮਚਾਰੀ ਅੰਦਰ ਸਨ। ਅਚਾਨਕ ਹੋਈ ਗੋਲੀਬਾਰੀ ਨਾਲ ਆਸ ਪਾਸ ਦਹਿਸ਼ਤ ਫੈਲ ਗਈ ਤੇ ਲੋਕ ਬਚਣ ਲਈ ਭੱਜੇ। ਚਸ਼ਮਦੀਦਾਂ ਨੇ ਦੱਸਿਆ ਕਿ ਦੋਵੇਂ ਹਮਲਾਵਰ ਮੋਟਰਸਾਈਕਲ ਤੇ ਆਏ ਸਨ ਤੇ ਉਨ੍ਹਾਂ ਦੇ ਮੂੰਹ ਢਕੇ ਹੋਏ ਸਨ। ਪਿੱਛੇ ਬੈਠਾ ਨੌਜਵਾਨ ਮੋਬਾਈਲ ਸ਼ੋਅਰੂਮ ਵੱਲ ਅੰਨ੍ਹੇਵਾਹ ਗੋਲੀਆਂ ਚਲਾਉਣ ਲੱਗ ਪਿਆ। ਦੁਕਾਨ ਦੇ ਸਾਹਮਣੇ ਤਿੰਨ ਗੋਲ਼ੀਆਂ ਲੱਗੀਆਂ, ਜਿਨ੍ਹਾਂ ’ਚੋਂ ਇੱਕ ਨਾਲ ਸ਼ੀਸ਼ਾ ਟੁੱਟ ਗਿਆ। ਖੁਸ਼ਕਿਸਮਤੀ ਨਾਲ, ਕੋਈ ਵੀ ਗਾਹਕ ਜਾਂ ਕਰਮਚਾਰੀ ਨੂੰ ਗੋਲ਼ੀ ਨਹੀਂ ਵੱਜੀ। ======= ਭੀੜ ਨੇ ਪਿੱਛਾ ਕਰ ਕੇ ਇੱਕ ਨੂੰ ਕੀਤਾ ਕਾਬੂ ਗੋਲੀਬਾਰੀ ਤੋਂ ਬਾਅਦ, ਦੋਵਾਂ ਨੌਜਵਾਨਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਬਾਜ਼ਾਰ ’ਚ ਮੌਜੂਦ ਲੋਕਾਂ ਨੇ ਹਿੰਮਤ ਦਿਖਾਈ ਤੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਬਾਜ਼ਾਰ ’ਚ ਭਾਰੀ ਭੀੜ ਕਾਰਨ ਮੁਲਜ਼ਮ ਦੀ ਬਾਈਕ ਦੀ ਰਫ਼ਤਾਰ ਹੌਲੀ ਹੋ ਗਈ। ਇਸ ਦੌਰਾਨ, ਲੋਕਾਂ ਨੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ, ਜਦੋਂ ਕਿ ਉਸ ਦਾ ਸਾਥੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਗੁੱਸੇ ਵਿੱਚ ਆਈ ਭੀੜ ਨੇ ਫੜੇ ਗਏ ਮੁਲਜ਼ਮ ਨੂੰ ਕੁੱਟਿਆ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਬਾਅਦ ’ਚ ਏਸੀਪੀ ਵੈਸਟ ਆਤਿਸ਼ ਭਾਟੀਆ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ ਅਤੇ ਮੁਲਜ਼ਮ ਨੂੰ ਭੀੜ ਤੋਂ ਛੁਡਾਇਆ ਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ======== 15 ਦਿਨ ਪਹਿਲਾਂ 50 ਲੱਖ ਰੁਪਏ ਦੀ ਮੰਗੀ ਗਈ ਸੀ ਫਿਰੌਤੀ ਮਿਲੀ ਜਾਣਕਾਰੀ ਦੇ ਅਨੁਸਾਰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਭਾਜਪਾ ਨੇਤਾ ਅਮਿਤ ਤਨੇਜਾ ਨੇ ਕਿਹਾ ਕਿ ਮੋਬਾਈਲ ਦੁਕਾਨ ਦੇ ਮਾਲਕ ਨੂੰ ਕੁਝ ਸਮੇਂ ਤੋਂ ਲਗਾਤਾਰ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ। ਸ਼ੋਅਰੂਮ ਮਾਲਕ ਤੋਂ 15 ਦਿਨ ਪਹਿਲਾਂ ਹੀ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਤਨੇਜਾ ਨੇ ਦੱਸਿਆ ਕਿ ਉਸਨੇ ਸੀਪੀ/ਡੀਸੀ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਸਬੰਧੀ ਥਾਣਾ ਪੰਜ ਦੇ ਮੁਖੀ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਸੀ। ਉਨਾਂ ਦੋਸ਼ ਲਗਾਇਆ ਕਿ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਸ਼ਿਕਾਇਤ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਥਾਣਾ ਮੁਖੀ ਨੂੰ ਮੁਅੱਤਲ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਉਨਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਇਹ ਵੀ ਦੱਸਿਆ ਗਿਆ ਸੀ ਕਿ ਸ਼ੋਅਰੂਮ ਮਾਲਕ ਨੂੰ ਲਗਭਗ ਡੇਢ ਸਾਲ ਪਹਿਲਾਂ ਫਿਰੌਤੀ ਦੀਆਂ ਧਮਕੀਆਂ ਮਿਲੀਆਂ ਸਨ। ਚਾਵਲਾ ਮੋਬਾਈਲ ਪੁਆਇੰਟ ਦੇ ਮਾਲਕ ਅੰਕੁਸ਼ ਚਾਵਲਾ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਧਮਕੀ ਭਰੇ ਫੋਨ ਆਏ ਸਨ। ==== ਪਿਛਲੇ ਸਾਲ ਵੀ ਧਮਕੀਆਂ ਮਿਲੀਆਂ ਸਨ ਮੌਕੇ ਤੇ ਪਹੁੰਚੇ ਏਸੀਪੀ ਆਤਿਸ਼ ਭਾਟੀਆ ਨੇ ਕਿਹਾ ਕਿ ਮੋਬਾਈਲ ਸ਼ੋਅਰੂਮ ਮਾਲਕ ਨੂੰ ਕਥਿਤ ਤੌਰ ਤੇ ਫਿਰੌਤੀ ਦੀਆਂ ਧਮਕੀਆਂ ਮਿਲੀਆਂ ਸਨ। ਪਹਿਲਾਂ ਵੀ ਇਸੇ ਮਾਮਲੇ ਵਿੱਚ ਦੋ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਮੁਲਜ਼ਮ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਦੂਜੇ ਨੂੰ ਕਿਸੇ ਹੋਰ ਰਾਜ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਨਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਤਿੰਨ ਰੌੰਦ ਫਾਇਰਿੰਗ ਦੀ ਪੁਸ਼ਟੀ ਹੋਈ ਹੈ। ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੂਜੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਫਰਾਰ ਹੈ। ਪੁਲਿਸ ਮੁਲਜ਼ਮਾਂ ਦੇ ਗਿਰੋਹ ਅਤੇ ਅਪਰਾਧ ਪਿੱਛੇ ਉਨ੍ਹਾਂ ਦੇ ਉਦੇਸ਼ ਦੀ ਵੀ ਜਾਂਚ ਕਰ ਰਹੀ ਹੈ। ======= ਸੜਕ ਤੇ ਸੁੱਟਿਆ ਗਿਆ ਪਿਸਤੌਲ ਗ੍ਰਿਫ਼ਤਾਰ ਮੁਲਜ਼ਮਾਂ ਨੇ ਭੱਜਦੇ ਸਮੇਂ ਨੇੜੇ ਹੀ ਕਿਤੇ ਪਿਸਤੌਲ ਸੁੱਟ ਦਿੱਤਾ। ਪੁਲਿਸ ਟੀਮਾਂ ਤੇ ਫੋਰੈਂਸਿਕ ਮਾਹਿਰਾਂ ਨੇ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਹਥਿਆਰ ਦੀ ਭਾਲ ਕੀਤੀ ਅਤੇ ਘਟਨਾ ਸਥਾਨ ਤੋਂ ਥੋੜ੍ਹੀ ਦੂਰੀ ਤੇ ਪਿਸਤੌਲ ਬਰਾਮਦ ਹੋ ਗਿਆ। ਫਰਾਰ ਮੁਲਜ਼ਮਾਂ ਦੀ ਪਛਾਣ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ===== ਵਪਾਰੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਦਿਨ-ਦਿਹਾੜੇ ਗੋਲੀਬਾਰੀ ਨਾਲ ਵਪਾਰੀਆਂ ’ਚ ਗੁੱਸਾ ਫੈਲ ਗਿਆ। ਘਟਨਾ ਤੋਂ ਤੁਰੰਤ ਬਾਅਦ ਵੱਡੀ ਗਿਣਤੀ ’ਚ ਦੁਕਾਨਦਾਰ ਮੌਕੇ ਤੇ ਇਕੱਠੇ ਹੋ ਗਏ ਅਤੇ ਪੁਲਿਸ ਵਿਰੁੱਧ ਪ੍ਰਦਰਸ਼ਨ ਕਰਨ ਲੱਗੇ। ਵਪਾਰੀਆਂ ਨੇ ਕਿਹਾ ਕਿ ਜਬਰੀ ਵਸੂਲੀ ਅਤੇ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਕਾਰਨ ਵਪਾਰੀ ਭਾਈਚਾਰਾ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪ੍ਰਦਰਸ਼ਨਕਾਰੀ ਵਪਾਰੀਆਂ ਨੇ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਬਾਜ਼ਾਰਾਂ ਵਿੱਚ ਸੁਰੱਖਿਆ ਮਜ਼ਬੂਤ ਕਰੇ, ਗਸ਼ਤ ਵਧਾਏ ਅਤੇ ਜਬਰੀ ਵਸੂਲੀ ਕਰਨ ਵਾਲੇ ਗਿਰੋਹਾਂ ਵਿਰੁੱਧ ਸਖ਼ਤ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਘਟਨਾਵਾਂ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਵਪਾਰੀਆਂ ਦੇ ਕਾਰੋਬਾਰ ਪ੍ਰਭਾਵਿਤ ਹੋਣਗੇ। === ਧੀਨਾ ਪਿੰਡ ਦੇ ਗੋਪੀ ਦੇ ਕਹਿਣ ਤੇ ਗੋਲੀ ਚਲਾਈ : ਮੁਲਜ਼ਮ ਮੌਕੇ ਤੇ ਫੜੇ ਗਏ ਨੌਜਵਾਨ ਨੇ ਕਬੂਲ ਕੀਤਾ ਕਿ ਉਹ ਧੀਨਾ ਪਿੰਡ ਦਾ ਰਹਿਣ ਵਾਲਾ ਹੈ। ਉੱਥੇ ਦੀ ਹੀ ਰਹਿਣ ਵਾਲੇ ਗੋਪੀ ਨਾਮ ਦੇ ਇੱਕ ਨੌਜਵਾਨ ਨੇ ਉਸ ਨੂੰ ਗੋਲੀ ਚਲਾਉਣ ਲਈ ਕਿਹਾ ਸੀ ਅਤੇ ਬਦਲੇ ’ਚ ਉਸਨੂੰ ਪੰਜ ਸੌ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਮੁਲਜ਼ਮ ਨੇ ਦਾਅਵਾ ਕੀਤਾ ਕਿ ਗੋਪੀ ਨੇ ਉਸ ਨੂੰ ਪਿਸਤੌਲ ਦਿੱਤੀ ਸੀ। ਗੋਲੀ ਚਲਾਉਣ ਤੋਂ ਬਾਅਦ ਉਸ ਨੇ ਧੀਨਾ ਪਿੰਡ ਦੇ ਰਹਿਣ ਵਾਲੇ ਗੋਪੀ ਕੋਲ ਜਾਣਾ ਸੀ । ਇਸ ਸਬੰਧੀ ਡੀਸੀਪੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਜੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ; ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।