- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨਾਲ ਟੁਰਨਾ ਨੇ ਕੀਤੀ ਮੁਲਾਕਾਤ

-ਸ਼ਾਹਕੋਟ, ਨਕੋਦਰ ਤੇ ਹੋਰਨਾਂ ਹਲਕਿਆਂ ਦੀ ਸਥਿਤੀ ਤੋਂ ਕਰਵਾਇਆ ਜਾਣੂ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਨੌਜਵਾਨ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਓਐੱਸਡੀ ਰਵਿੰਦਰ ਸਿੰਘ ਟੁਰਨਾ ਨੇ ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਸੱਦੇ 'ਤੇ ਉਨ੍ਹਾਂ ਨਾਲ ਇਕ ਅਹਿਮ ਮੀਟਿੰਗ ਕੀਤੀ। ਇਸ ਮੁਲਾਕਾਤ ਦੌਰਾਨ ਜਲੰਧਰ ਜ਼ਿਲ੍ਹੇ ਵਿੱਚ ਕਾਂਗਰਸ ਪਾਰਟੀ ਦੀ ਸਥਿਤੀ ਨੂੰ ਲੈ ਕੇ ਖੁੱਲ੍ਹ ਕੇ ਚਰਚਾ ਹੋਈ। ਟੁਰਨਾ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ, ਨਕੋਦਰ ਅਤੇ ਜਲੰਧਰ ਦੇ ਹੋਰਨਾਂ ਹਲਕਿਆਂ ਵਿੱਚ ਪਾਰਟੀ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਜ਼ਮੀਨੀ ਹਕੀਕਤ ਤੋਂ ਹਾਈਕਮਾਂਡ ਨੂੰ ਜਾਣੂ ਕਰਵਾਇਆ। ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾਂ ਨੇ ਪਾਰਟੀ ਵਿੱਚ ਅਹੁਦੇਦਾਰੀਆਂ ਅਤੇ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਮੌਜੂਦਾ ਵਿਵਾਦਾਂ ਬਾਰੇ ਬੇਬਾਕੀ ਨਾਲ ਆਪਣੀ ਰਾਇ ਰੱਖੀ। ਆਗੂਆਂ ਨੂੰ ਨਸੀਹਤ ਦਿੰਦਿਆਂ ਟੁਰਨਾ ਨੇ ਕਿਹਾ ਕਿ ਜੇ ਕਿਸੇ ਵੀ ਨੇਤਾ ਨੂੰ ਪਾਰਟੀ ਹਾਈਕਮਾਂਡ ਦੇ ਕਿਸੇ ਫ਼ੈਸਲੇ 'ਤੇ ਕੋਈ ਇਤਰਾਜ਼ ਜਾਂ ਗਿਲਾ-ਸ਼ਿਕਵਾ ਹੈ, ਤਾਂ ਉਹ ਬਾਹਰ ਸੜਕਾਂ 'ਤੇ ਵਿਖਾਵਾ ਕਰਨਾ ਬੰਦ ਕਰੇ। ਉਸ ਨੂੰ ਪਾਰਟੀ ਦੇ ਅੰਦਰੂਨੀ ਪਲੇਟਫਾਰਮ 'ਤੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜਿਨ੍ਹਾਂ ਵੀ ਆਗੂਆਂ ਨੂੰ ਵੱਡੀਆਂ ਟਿਕਟਾਂ ਜਾਂ ਅਹੁਦੇ ਦੇ ਕੇ ਨਿਵਾਜਿਆ ਹੈ, ਉਨ੍ਹਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਪਾਰਟੀ ਦੇ ਹਰ ਫ਼ੈਸਲੇ ਦਾ ਸਤਿਕਾਰ ਕਰਨ। ਟੁਰਨਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਜਿਸ ਨੂੰ ਵੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੇਗੀ, ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨਗੇ। ਉਨ੍ਹਾਂ ਉਮੀਦ ਜਤਾਈ ਕਿ ਪਾਰਟੀ ਅੰਦਰ ਚੱਲ ਰਿਹਾ ਇਹ ਕਾਟੋ-ਕਲੇਸ਼ ਬਹੁਤ ਜਲਦ ਖ਼ਤਮ ਹੋ ਜਾਵੇਗਾ।