- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਬੱਸ

ਜਾਸ, ਜਲੰਧਰ : ਬੱਸ ਸਟੈਂਡ ਨੇੜੇ ਆਟੋਮੈਟਿਡ ਡ੍ਰਾਈਵਿੰਗ ਟ੍ਰੈਕ 'ਤੇ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਸਰਵਰ ਠੱਪ ਹੋਣ ਕਾਰਨ ਬਿਨੈਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਕਰੀਬ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਟ੍ਰੈਕ ਦਾ ਸਰਵਰ ਨਹੀਂ ਚੱਲਿਆ, ਜੋ ਸਮਾਂ ਸਰਕਾਰੀ ਦਫਤਰਾਂ ਦੇ ਬੰਦ ਹੋਣ ਦਾ ਤੈਅ ਸਮਾਂ ਹੈ। ਪੰਜਾਬ ਸਰਕਾਰ ਦੇ ਐੱਨਆਈਸੀ ਰਾਹੀਂ ਚਲਾਏ ਜਾ ਰਹੇ ਸਰਵਰ ਦੇ ਸਾਫਟਵੇਅਰ ’ਚ ਖਾਮੀਆਂ ਕਾਰਨ ਦਰਜਨਾਂ ਬਿਨੈਕਾਰਾਂ ਦੀਆਂ ਫੋਟੋਜ਼ ਤੇ ਕਾਗਜ਼ਾਤ ਅੱਪਲੋਡ ਕਰਨ ਦਾ ਕੰਮ ਨਹੀਂ ਹੋ ਸਕਿਆ, ਜਿਸ ਕਾਰਨ ਉਨ੍ਹਾਂ ਨੂੰ ਗਰਮੀ ’ਚ ਲੰਬੀਆਂ ਕਤਾਰਾਂ ’ਚ ਖੜ੍ਹੇ ਰਹਿਣਾ ਪਿਆ। ਬਾਅਦ ’ਚ ਬਿਨਾਂ ਕੰਮ ਕਰਵਾਏ ਵਾਪਸ ਜਾਣ ਲਈ ਮਜਬੂਰ ਹੋਏ।
ਦੁਪਹਿਰ 1:30 ਵਜੇ ਤੋਂ ਬਾਅਦ ਵੀ ਕਈ ਲੋਕ ਸਰਵਰ ਚੱਲਣ ਦੀ ਉਮੀਦ ’ਚ ਕਾਫੀ ਦੇਰ ਤੱਕ ਇੰਤਜ਼ਾਰ ਕਰਦੇ ਰਹੇ। ਟ੍ਰੈਕ ਦੇ ਸਟਾਫ ਨੇ ਦੱਸਿਆ ਕਿ ਸਵੇਰੇ ਸਰਵਰ ਚੱਲ ਰਿਹਾ ਸੀ, ਬਿਨੈਕਾਰਾਂ ਨੂੰ ਟੋਕਨ ਵੀ ਜਾਰੀ ਕੀਤੇ ਗਏ ਪਰ ਰੋਜ਼ਾਨਾ ਦੇ 120 ਸਲਾਟ ਪੂਰੇ ਹੋਣ ਤੋਂ ਪਹਿਲਾਂ ਹੀ ਕਰੀਬ 10:30 ਵਜੇ ਸਰਵਰ ਬੰਦ ਹੋ ਗਿਆ, ਜਿਸ ਕਾਰਨ ਕੰਮ ਠੱਪ ਹੋ ਗਿਆ। ਇਸ ਦੌਰਾਨ ਸਿਰਫ 30 ਬਿਨੈਕਾਰਾਂ ਦਾ ਹੀ ਟੈਸਟ ਹੋ ਸਕਿਆ, ਕਿਉਂਕਿ ਟੈਸਟ ਤੋਂ ਪਹਿਲਾਂ ਕਾਗਜ਼ਾਤ ਸਕੈਨ ਕਰਕੇ ਅਪਲੋਡ ਕਰਨ ਤੇ ਫੋਟੋ ਖਿੱਚਣ ’ਚ ਕਾਫੀ ਸਮਾਂ ਲੱਗਦਾ ਹੈ। 90 ਬਿਨੈਕਾਰ ਬਿਨਾਂ ਕੋਈ ਕੰਮ ਕਰਵਾਏ ਬੇਰੰਗ ਪਰਤ ਗਏ।
---
ਕਦੇ ਸਟਾਫ ਨਹੀਂ, ਬਿਜਲੀ ਗੁਲ ਤੇ ਕਦੇ ਬੰਦ ਹੋ ਜਾਂਦਾ ਜਨਰੇਟਰ
ਡ੍ਰਾਈਵਿੰਗ ਟ੍ਰੈਕ 'ਤੇ ਆਉਣ ਵਾਲੇ ਬਿਨੈਕਾਰਾਂ ਲਈ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਮੁਸ਼ਕਲ ਕੋਈ ਨਵੀਂ ਨਹੀਂ ਹੈ। ਸਰਵਰ ਖਰਾਬ ਹੋਣ ਦੇ ਨਾਲ-ਨਾਲ ਕਈ ਵਾਰੀ ਸਟਾਫ ਨਾ ਹੋਣ ਕਾਰਨ ਇਕ ਹੀ ਆਪ੍ਰੇਟਰ ਨੂੰ ਸਕੈਨਿੰਗ ਤੇ ਫੋਟੋ ਖਿੱਚਣ ਦਾ ਕੰਮ ਕਾਰਨ ਕਈ ਵਾਰੀ ਰੋਸ ਮੁਜ਼ਾਹਰੇ ਹੋ ਚੁੱਕੇ ਹਨ। ਇਨ੍ਹਾਂ ਦੇ ਨਾਲ-ਨਾਲ ਕਈ ਵਾਰੀ ਬਿਜਲੀ ਜਾਣ ’ਤੇ ਬੈਟਰੀ ਤੋਂ ਲੈ ਕੇ ਡੀਜ਼ਲ ਨਾ ਹੋਣ ਕਾਰਨ ਜਨਰੇਟਰ ਵੀ ਨਹੀਂ ਚੱਲਦੇ, ਜਿਸ ਕਾਰਨ ਬਿਨੈਕਾਰਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰ ਕੇ ਵਾਪਸ ਮੁੜਨਾ ਪੈਂਦਾ ਹੈ।
---
ਵੇਟਿੰਗ ਏਰੀਆ ਤੱਕ ਨਹੀਂ, ਟੀਨ ਦੀ ਸ਼ੈੱਡ ’ਚ ਲੱਗਦੀਆਂ ਨੇ ਲਾਈਨਾਂ
ਟ੍ਰੈਕ 'ਤੇ ਰੋਜ਼ਾਨਾ ਦੇ 120 ਬਿਨੈਕਾਰਾਂ ਦੇ ਸਲਾਟ ਲਈ ਵੇਟਿੰਗ ਏਰੀਆ ਤੱਕ ਦਾ ਇੰਤਜ਼ਾਮ ਨਹੀਂ ਹੈ। ਵੇਟਿੰਗ ਦੇ ਨਾਂ 'ਤੇ ਸਿਰਫ ਇਕ ਬੈਂਚ ਹੈ, ਜਦਕਿ ਫੋਟੋ ਖਿਚਵਾਉਣ ਲਈ ਗਰਮੀ ’ਚ ਲੋਕਾਂ ਨੂੰ ਬਾਹਰ ਬਣੇ ਟੀਨ ਦੇ ਸ਼ੈੱਡ ਦੇ ਹੇਠਾਂ ਕਤਾਰ ’ਚ ਖੜ੍ਹਨਾ ਪੈਂਦਾ ਹੈ। ਅਜਿਹੇ ’ਚ ਜਦੋਂ ਕੰਮ ਠੱਪ ਹੋ ਜਾਂਦਾ ਹੈ ਤਾਂ ਲੋਕਾਂ ਲਈ ਇੰਤਜ਼ਾਰ ਦਾ ਸਮਾਂ ਲੰਘਾਉਣਾ ਔਖਾ ਹੋ ਜਾਂਦਾ ਹੈ। ਇਸ ਦੇ ਬਾਵਜੂਦ ਆਰਟੀਓ ਦਾ ਇਨ੍ਹਾਂ ਖਾਮੀਆਂ 'ਤੇ ਹਾਲੇ ਤੱਕ ਕੋਈ ਧਿਆਨ ਨਹੀਂ ਗਿਆ। ਇੱਥੇ ਤੱਕ ਕਿ ਕਈ ਵਾਰੀ ਟ੍ਰੈਕ 'ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਪਾਰਕਿੰਗ ’ਚ ਵਾਹਨਾਂ ਦੀ ਭੀੜ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।