- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
34 ਸਾਲਾਂ ਬਾਦ ਸ਼ਹਿਰ ਵਾਸੀਆਂ ਨੂੰ ਫਿਰ ਸਮੇ ਦਿਖਾਏਗਾ ਕਲਾਕਟਾਵਰ

-ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਕਲਾਕ ਟਾਵਰ ਦੇ ਨਵੀਨੀਕਰਨ ਦਾ ਸੀ.ਟੀ. ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕੀਤਾ ਉਦਘਾਟਨ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ :
34 ਸਾਲ ਪਹਿਲਾਂ ਜੋ ਜਲੰਧਰ ’ਚ ਕਲਾਕ ਟਾਵਰ ਲੱਗਾ ਸੀ, ਉਹ ਕਈ ਸਾਲਾਂ ਬਾਅਦ ਇਕ ਵਾਰ ਲੋਕਾਂ ਨੂੰ ਸਮੇਂ ਦੱਸੇਗਾ। ਇਹ ਕਲਾਕ ਪਿਛਲੇ ਕਈ ਸਾਲਾਂ ਤੋਂ ਕਿਸੇ ਕਾਰਨਾਂ ਕਰਕੇ ਬੰਦ ਸੀ ਜੋ ਹੁਣ ਪੰਜਾਬ ਪ੍ਰੈੱਸ ਕਲਬ ਦੀ ਨਵੀ ਬਣੀ ਕਮੇਟੀ ਦੇ ਉੱਦਮ ਸਦਕਾ ਮੁੜ ਚਾਲੂ ਹੋ ਗਿਆ ਹੈ। ਮੰਗਲਵਾਰ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਇਤਿਹਾਸਕ ਕਲਾਕ ਟਾਵਰ ਦੇ ਨਵੀਨੀਕਰਨ ਦਾ ਉਦਘਾਟਨ ਸੀ.ਟੀ. ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਵੱਲੋਂ ਰਸਮੀ ਤੌਰ 'ਤੇ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨਵੀਰ ਸਿੰਘ, ਪ੍ਰੋ. ਚਾਂਸਲਰ ਹਰਪ੍ਰੀਤ ਸਿੰਘ ਤੇ ਅਜੇ ਚੱਢਾ ਸਾਬਕਾ ਪ੍ਰਧਾਨ ਗੀਤਾ ਮੰਦਰ ਮਾਡਲ ਟਾਊਨ ਵੀ ਖਾਸ ਤੌਰ 'ਤੇ ਹਾਜ਼ਰ ਸਨ। ਸਮਾਗਮ ਦੌਰਾਨ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਤੇ ਗਵਰਨਿੰਗ ਕੌਂਸਲ ਦੀ ਸਮੁੱਚੀ ਟੀਮ ਨੇ ਮੁੱਖ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਆਪਣੇ ਸੰਬੋਧਨ ’ਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਤਿਹਾਸਕ ਤੇ ਪ੍ਰਤੀਕਾਤਮਕ ਢਾਂਚਿਆਂ ਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਪ੍ਰੈੱਸ ਕਲੱਬ ਦਾ ਕਲਾਕ ਟਾਵਰ ਪੱਤਰਕਾਰ ਭਾਈਚਾਰੇ ਦੀ ਪਛਾਣ ਤੇ ਵਿਰਾਸਤ ਦਾ ਅਹਿਮ ਹਿੱਸਾ ਹੈ ਤੇ ਇਸ ਦੀ ਬਹਾਲੀ ਭਵਿੱਖੀ ਪੀੜ੍ਹੀਆਂ ਲਈ ਇੱਕ ਮਹੱਤਵਪੂਰਨ ਯਾਦਗਾਰ ਸਾਬਤ ਹੋਵੇਗੀ। ਪੰਜਾਬ ਪ੍ਰੈੱਸ ਕਲੱਬ ਨੇ ਹਮੇਸ਼ਾ ਉਸਾਰੂ ਤੇ ਹਾਂ-ਪੱਖੀ ਭੂਮਿਕਾ ਨਿਭਾਈ ਹੈ। ਸਾਨੂੰ ਆਪਣੀਆਂ ਵਿਰਾਸਤਾਂ ਦੀ ਸੰਭਾਲ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਪ੍ਰੈੱਸ ਕਲਬ ਦੇ ਪ੍ਰਧਨ ਜਸਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਫਰਵਰੀ 1982 ’ਚ ਹੋਂਦ ਵਿਚ ਆਏ ਕਲਾਕ ਟਾਵਰ ਦੀ ਘੜੀ ਕਾਫੀ ਸਮੇਂ ਤੋਂ ਖਰਾਬ ਸੀ, ਜਿਸ ਨੂੰ ਮੁੜ ਦਰੁਸਤ ਕਰਨ ਵਿਚ ਸੀ.ਟੀ. ਇੰਸਟੀਚਿਊਟ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਜਲੰਧਰ ਦੀ ਵਿਰਾਸਤ ਨੂੰ ਸੰਭਾਲਣ ’ਚ ਅਹਿਮ ਯੋਗਦਾਨ ਪਾਇਆ ਹੈ। ਕਲੱਬ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪ੍ਰੈੱਸ ਕਲੱਬ ਜਿਥੇ ਪੱਤਰਕਾਰਾਂ ਨੂੰ ਇਕੱਠੇ ਹੋਣ ਦਾ ਇਕ ਅਹਿਮ ਜ਼ਰੀਆ ਹੈ, ਉਥੇ ਲੋਕਾਂ ਨੂੰ ਆਪਣੀ ਗੱਲ ਕਹਿਣ ਲਈ ਇਕ ਨਿਰਪੱਖ ਮੰਚ ਦੀ ਭੂਮਿਕਾ ਨਿਭਾਉਦਾ ਹੈ। ਧੰਨਵਾਦ ਕਰਦਿਆਂ ਕਲੱਬ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਤੇ ਸੀ.ਟੀ. ਅਦਾਰੇ ਨੇ ਹਮੇਸ਼ਾ ਪੱਤਰਕਾਰ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ਼ਹਿਰ ਅਤੇ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਪੱਤਰਕਾਰੀ ਜੋਖ਼ਮ ਭਰਿਆ ਕਾਰਜ ਹੈ ਪਰ ਫਿਰ ਵੀ ਪੱਤਰਕਾਰ ਨਿਰਪੱਖ ਪੱਤਰਕਾਰੀ ਕਰਨ ਲਈ ਯਤਨਸ਼ੀਲ ਹਨ। ਇਸ ਮੌਕੇ ਡਾ. ਮਨਵੀਰ ਸਿੰਘ ਤੇ ਹਰਪ੍ਰੀਤ ਸਿੰਘ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਵਿਰਾਸਤੀ ਧਰੋਹਰਾਂ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਨਵੀਨੀਕਰਨ ਦਾ ਉਦਘਾਟਨ ਕੀਤਾ। ਉਦਘਾਟਨ ਸਮਾਗਮ ’ਚ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਮੀਤ ਪ੍ਰਧਾਨ ਪਰਮਜੀਤ ਸਿੰਘ ਰੰਗਪੁਰੀ, ਮਨਦੀਪ ਸ਼ਰਮਾ ਤੇ ਤੇਜਿੰਦਰ ਕੌਰ ਥਿੰਦ, ਸਕੱਤਰ ਰਾਜੇਸ਼ ਯੋਗੀ, ਸੰਯੁਕਤ ਸਕੱਤਰ ਸੁਕ੍ਰਾਂਤ ਸਫਾਰੀ ਤੇ ਕੈਸ਼ੀਅਰ ਸ਼ਿਵ ਸ਼ਰਮਾ ਪੰਜਾਬ ਪ੍ਰੈੱਸ ਕਲੱਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸਮਾਗਮ ਦੌਰਾਨ ਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵੀਨ ਸ਼ਰਮਾ, ਮਲਕੀਤ ਸਿੰਘ ਬਰਾੜ, ਮਦਨ ਭਾਰਦਵਾਜ, ਰਮੇਸ਼ ਗਾਬਾ, ਦਵਿੰਦਰ ਠਾਕੁਰ, ਹਰਜਿੰਦਰ ਸਿੰਘ, ਵਰਿੰਦਰ ਰਾਜਪੂਤ, ਨਿਸ਼ਾ ਸ਼ਰਮਾ ਤੇ ਹੋਰ ਵੀ ਮੀਡੀਆ ਜਗਤ ਨਾਲ ਜੁੜੀਆਂ ਅਹਿਮ ਸਖ਼ਸ਼ੀਅਤਾਂ ਹਾਜ਼ਰ ਰਹੀਆਂ।