ਪੰਜਾਬੀ ਸਾਹਿਤ ਦੀਆਂ 3 ਕਿਤਾਬਾਂ ਢਾਹਾਂ ਇਨਾਮ ਦੇ ਫਾਈਨਲ 'ਚ, ਪਹਿਲੀ ਵਾਰ 2 ਮਹਿਲਾ ਸਾਹਿਤਕਾਰ ਫਾਈਨਲ 'ਚ
ਸਮਾਰੋਹ ਦੌਰਾਨ ਤਿੰਨ ਫਾਈਨਲਿਸਟ ਪੁਸਤਕਾਂ 'ਚੋਂ ਇਕ ਨੂੰ 25,000 ਕੈਨੇਡੀਅਨ ਡਾਲਰ ਦਾ ਮੁੱਖ ਇਨਾਮ ਪ੍ਰਦਾਨ ਕੀਤਾ ਜਾਵੇਗਾ, ਜਦਕਿ ਬਾਕੀ ਦੋ ਫਾਈਨਲਿਸਟਾਂ ਨੂੰ 10,000-10,000 ਕੈਨੇਡੀਅਨ ਡਾਲਰ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 6000 ਕੈਨੇਡੀਅਨ ਡਾਲਰ ਦਾ ਇਨਾਮ ਜੇਤੂ ਪੁਸਤਕਾਂ ਨੂੰ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ 'ਚ ਲਿਪੀਅੰਤਰਨ ਕਰਨ ਲਈ ਦਿੱਤੀ ਜਾਵੇਗੀ। ਇਸ ਉਪਰਾਲੇ ਦਾ ਮਕਸਦ ਪੰਜਾਬੀ ਸਾਹਿਤ ਦੀਆਂ ਉੱਤਮ ਰਚਨਾਵਾਂ ਨੂੰ ਦੁਨੀਆ ਭਰ ਦੇ ਪੰਜਾਬੀ ਪਾਠਕਾਂ ਤਕ ਪਹੁੰਚਾਉਣਾ ਹੈ।
Publish Date: Wed, 19 Aug 2026 04:16 PM (IST)
Updated Date: Wed, 19 Aug 2026 04:27 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ :ਮਾਂ-ਬੋਲੀ ਪੰਜਾਬੀ ਸਾਹਿਤ ਨੂੰ ਸਮਰਪਿਤ ਅੰਤਰਰਾਸ਼ਟਰੀ ਸਨਮਾਨ ਢਾਹਾਂ ਪੰਜਾਬੀ ਸਾਹਿਤ ਇਨਾਮ-2026 ਦੇ ਅੰਤਿਮ ਪੜਾਅ 'ਚ ਪਹੁੰਚੀਆਂ ਤਿੰਨ ਪੰਜਾਬੀ ਪੁਸਤਕਾਂ ਅਤੇ ਉਨ੍ਹਾਂ ਦੇ ਲੇਖਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰੀ ਲਾਇਬ੍ਰੇਰੀ ਦੀ ਨਿਊਟਨ ਸ਼ਾਖਾ ਵਿਖੇ ਹੋਈ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਇਨਾਮ ਦੇ ਬਾਨੀ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਨੇ ਸਾਲ 2026 ਦੇ ਤਿੰਨ ਫਾਈਨਲਿਸਟਾਂ ਦੇ ਨਾਵਾਂ ਦਾ ਐਲਾਨ ਕੀਤਾ। ਇਸ ਸਾਲ 51,000 ਕੈਨੇਡੀਅਨ ਡਾਲਰ ਦੀ ਕੁੱਲ ਇਨਾਮੀ ਰਾਸ਼ੀ ਵਾਲੇ ਇਸ ਅੰਤਰਰਾਸ਼ਟਰੀ ਸਨਮਾਨ ਲਈ ਬੀਬੀ ਐਂਬਰ ਹੁਸੈਨੀ (ਸਰਗੋਧਾ, ਪੰਜਾਬ, ਪਾਕਿਸਤਾਨ) ਦੇ ਨਾਵਲ ‘ਨਵਾਂ ਪਿੰਡ’, ਸ੍ਰੀ ਅਕਮਲ ਸ਼ਹਿਜ਼ਾਦ ਘੁੰਮਣ (ਇਸਲਾਮਾਬਾਦ) ਦੇ ਨਾਵਲ ‘ਪਰਛਾਵਾਂ’ ਤੇ ਬੀਬੀ ਰਾਜਪ੍ਰੀਤ ਕੌਰ ਬੈਨੀਪਾਲ (ਖੰਨਾ, ਪੰਜਾਬ, ਭਾਰਤ) ਦੇ ਕਹਾਣੀ ਸੰਗ੍ਰਹਿ ‘ਕਬਰਾਂ ਵਿੱਚ ਉੱਗੇ ਫੁੱਲ’ ਨੂੰ ਫਾਈਨਲ ਵਿਚ ਚੁਣਿਆ ਗਿਆ ਹੈ। ਢਾਹਾਂ ਸਾਹਿਤ ਇਨਾਮ ਦਾ ਸ਼ਾਨਦਾਰ ਸਨਮਾਨ ਸਮਾਰੋਹ 18 ਨਵੰਬਰ 2026 ਨੂੰ ਸਰੀ ਦੇ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਵਿਖੇ ਹੋਵੇਗਾ।
ਸਮਾਰੋਹ ਦੌਰਾਨ ਤਿੰਨ ਫਾਈਨਲਿਸਟ ਪੁਸਤਕਾਂ 'ਚੋਂ ਇਕ ਨੂੰ 25,000 ਕੈਨੇਡੀਅਨ ਡਾਲਰ ਦਾ ਮੁੱਖ ਇਨਾਮ ਪ੍ਰਦਾਨ ਕੀਤਾ ਜਾਵੇਗਾ, ਜਦਕਿ ਬਾਕੀ ਦੋ ਫਾਈਨਲਿਸਟਾਂ ਨੂੰ 10,000-10,000 ਕੈਨੇਡੀਅਨ ਡਾਲਰ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 6000 ਕੈਨੇਡੀਅਨ ਡਾਲਰ ਦਾ ਇਨਾਮ ਜੇਤੂ ਪੁਸਤਕਾਂ ਨੂੰ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ 'ਚ ਲਿਪੀਅੰਤਰਨ ਕਰਨ ਲਈ ਦਿੱਤੀ ਜਾਵੇਗੀ। ਇਸ ਉਪਰਾਲੇ ਦਾ ਮਕਸਦ ਪੰਜਾਬੀ ਸਾਹਿਤ ਦੀਆਂ ਉੱਤਮ ਰਚਨਾਵਾਂ ਨੂੰ ਦੁਨੀਆ ਭਰ ਦੇ ਪੰਜਾਬੀ ਪਾਠਕਾਂ ਤੱਕ ਪਹੁੰਚਾਉਣਾ ਹੈ।
ਢਾਹਾਂ ਨੇ ਕਿਹਾ ਕਿ ਢਾਹਾਂ ਸਾਹਿਤ ਇਨਾਮ ਦਾ ਉਦੇਸ਼ ਮਾਂ ਬੋਲੀ ਪੰਜਾਬੀ ਵਿਚ ਰਚੇ ਪੰਜਾਬੀ ਸਾਹਿਤ ਦਾ ਵਿਸ਼ਵ ਪੱਧਰ ‘ਤੇ ਪ੍ਰਚਾਰ ਅਤੇ ਪਸਾਰ ਕਰਨਾ, ਪੰਜਾਬੀ ਗਲਪ ਦੀਆਂ ਨਵੀਆਂ ਉੱਤਮ ਰਚਨਾਵਾਂ ਲਈ ਪੰਜਾਬੀ ਪਾਠਕਾਂ ਨੂੰ ਪ੍ਰੇਰਿਤ ਕਰਨਾ, ਲੇਖਕਾਂ ਦੀ ਹੌਂਸਲਾ ਅਫ਼ਜ਼ਾਈ ਕਰਨੀ ਅਤੇ ਸਰਹੱਦੋਂ ਪਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਇਸ ਇਨਾਮ ਦੇ ਜੇਤੂ ਜਿੱਥੇ ਪੰਜਾਬੀ ਸਾਹਿਤ ਜਗਤ ਦੇ ਉੱਚ ਕੋਟੀ ਦੇ ਨਾਵਲਕਾਰ ਅਤੇ ਕਹਾਣੀਕਾਰ ਹਨ, ਉੱਥੇ ਉਹਨਾਂ ਦੀਆਂ ਪੁਸਤਕਾਂ ਦੇ ਵਿਸ਼ੇ ਵੀ ਸਮਾਜ ਨੂੰ ਇਕ ਵਿੱਲਖਣ ਸੁਨੇਹਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਗਲਪ ਅੱਜ ਸਿਰਫ਼ ਇੱਕ ਖੇਤਰ ਜਾਂ ਦੇਸ਼ ਤਕ ਸੀਮਤ ਨਹੀਂ ਰਿਹਾ, ਸਗੋਂ ਭਾਰਤ ਅਤੇ ਪਾਕਿਸਤਾਨ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਨਵੇਂ ਵਿਸ਼ਿਆਂ, ਨਵੇਂ ਅਨੁਭਵਾਂ ਅਤੇ ਨਵੇਂ ਸਾਹਿਤਕ ਅੰਦਾਜ਼ ਨਾਲ ਲਗਾਤਾਰ ਵਿਕਸਤ ਹੋ ਰਿਹਾ ਹੈ। ਪਿਛਲੇ 14 ਸਾਲਾਂ ਤੋਂ ਢਾਹਾਂ ਸਾਹਿਤ ਇਨਾਮ ਨੇ ਸਰਹੱਦਾਂ ਤੋਂ ਉੱਪਰ ਉੱਠਕੇ ਪੰਜਾਬੀ ਦੇ ਉੱਘੇ ਅਤੇ ਉਭਰਦੇ ਲੇਖਕਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਖਾਸ ਤੌਰ ’ਤੇ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਲਿਪੀਆਂ 'ਚ ਲਿਖੇ ਸਾਹਿਤ ਨੂੰ ਇੱਕੋ ਮੰਚ ’ਤੇ ਸਨਮਾਨਿਤ ਕਰਨਾ ਇਸ ਇਨਾਮ ਦੀ ਵਿਸ਼ੇਸ਼ਤਾ ਹੈ ।
ਢਾਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਢਾਹਾਂ ਸਾਹਿਤ ਇਨਾਮ-2026 ਲਈ ਭਾਰਤ, ਕੈਨੇਡਾ, ਪਾਕਿਸਤਾਨ, ਆਸਟ੍ਰੇਲੀਆ, ਅਮਰੀਕਾ ਅਤੇ ਯੂ ਕੇ ਸਮੇਤ ਵੱਖ-ਵੱਖ ਦੇਸ਼ਾਂ ਤੋਂ 62 ਪੁਸਤਕਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿੱਚੋਂ ਜਿਊਰੀ ਦੇ ਮੈਂਬਰਾਂ ਵੱਲੋਂ ਤਿੰਨ ਪੁਸਤਕਾਂ ਨੂੰ ਫਾਈਨਲ ਲਈ ਚੁਣਿਆ। ਢਾਹਾਂ ਨੇ ਦੱਸਿਆ ਕਿ ਇਸ ਸਾਲ 2026 ਦਾ ਢਾਹਾਂ ਸਾਹਿਤ ਇਨਾਮ ਇਕ ਹੋਰ ਪੱਖੋਂ ਵੀ ਵਿਸ਼ੇਸ਼ ਬਣ ਗਿਆ ਹੈ। ਇਨਾਮ ਦੇ ਇਤਿਹਾਸ 'ਚ ਪਹਿਲੀ ਵਾਰ ਦੋ ਮਹਿਲਾ ਸਾਹਿਤਕਾਰ ਫਾਈਨਲ 'ਚ ਪਹੁੰਚੀਆਂ ਹਨ। ਬੀਬੀ ਐਂਬਰ ਹੁਸੈਨੀ ਅਤੇ ਬੀਬੀ ਰਾਜਪ੍ਰੀਤ ਕੌਰ ਬੈਨੀਪਾਲ ਦੀਆਂ ਰਚਨਾਵਾਂ ਨੇ ਅੰਤਿਮ ਤਿੰਨਾਂ ਵਿਚ ਆਪਣੀ ਥਾਂ ਬਣਾਈ ਹੈ, ਜੋ ਪੰਜਾਬੀ ਸਾਹਿਤ 'ਚ ਮਹਿਲਾ ਲੇਖਣੀ ਦੀ ਮਜ਼ਬੂਤ ਅਤੇ ਲਗਾਤਾਰ ਵਧ ਰਹੀ ਭੂਮਿਕਾ ਨੂੰ ਪ੍ਰਗਟਾਉਂਦਾ ਹੈ।
ਪ੍ਰੈੱਸ ਕਾਨਫਰੰਸ ਮੌਕੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਜਨਾਬ ਰਾਏ ਅਜ਼ੀਜ਼ ਉੱਲਾ ਖਾਨ, ਸਾਧੂ ਬਿਨਿੰਗ, ਅਜਮੇਰ ਰੋਡੇ, ਪ੍ਰੋ. ਰਘਬੀਰ ਸਿੰਘ ਸਿਰਜਨਾ, ਢਾਹਾਂ ਇਨਾਮ ਕੋਆਰਡੀਨੇਟਰ ਹਰਿੰਦਰ ਕੌਰ ਢਾਹਾਂ, ਸਾਬਕਾ ਮੰਤਰੀ ਬੀਬੀ ਰਚਨਾ ਸਿੰਘ, ਪ੍ਰੋ. ਗੁਰਿੰਦਰ ਮਾਨ, ਡਾ. ਰਤਿੰਦਰ ਕੌਰ ਸਾਈਮਨ ਫਰੇਜ਼ਰ ਯੂਨੀਵਰਸਿਟੀ, ਨਾਵਲਕਾਰ ਸ. ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਸੁਰਜੀਤ ਗਿੱਲ, ਤੇਰਾ ਸਿੰਘ ਰਾਇਲ ਬੈਂਕ, ਡਾ. ਸੈਫ ਖਾਲਿਦ ਤੋਂ ਇਲਾਵਾ ਸਾਹਿਤ ਪ੍ਰੇਮੀ, ਕਾਲਜਾਂ, ਯੂਨੀਵਰਸਿਟੀਆਂ ਅਤੇ ਸਕੂਲਾਂ ਦੇ ਪੰਜਾਬੀ ਅਧਿਆਪਕ ਵੀ ਹਾਜ਼ਰ ਸਨ।
ਵਰਨਣਯੋਗ ਹੈ ਕਿ ਢਾਹਾਂ ਸਾਹਿਤ ਇਨਾਮ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ 'ਚ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ। ਇਹ ਇਨਾਮ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਡਿਪਾਰਟਮੈਂਟ ਆਫ਼ ਏਸ਼ੀਅਨ ਸਟੱਡੀਜ਼ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਸੀ। ਇਸ ਵੱਕਾਰੀ ਇਨਾਮ ਦੇ ਬਾਨੀ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਅਤੇ ਉਨ੍ਹਾਂ ਦੀ ਸੁਪਤਨੀ ਬੀਬੀ ਰੀਟਾ ਢਾਹਾਂ ਹਨ। ਸਾਲ 2013 ਵਿੱਚ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿਖੇ ਸਥਾਪਿਤ ਹੋਇਆ ਇਹ ਇਨਾਮ ਅੱਜ ਪੰਜਾਬੀ ਗਲਪ ਲਈ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਮਹੱਤਵਪੂਰਨ ਪਛਾਣ ਬਣ ਚੁੱਕਾ ਹੈ । ਕੈਨੇਡਾ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਇੱਕ ਅਮੀਰ ਇਤਿਹਾਸ ਹੈ। ਪੰਜਾਬੀ ਅੱਜ ਕੈਨੇਡਾ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀਆਂ ਗੈਰ-ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ ।
ਜ਼ਿਕਰਯੋਗ ਹੈ ਕਿ ਹੁਣ ਪੰਜਾਬੀ ਸਾਹਿਤ ਪ੍ਰੇਮੀਆਂ ਦੀਆਂ ਨਜ਼ਰਾਂ 18 ਨਵੰਬਰ 2026 ’ਤੇ ਟਿਕੀਆਂ ਹਨ, ਜਦੋਂ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿੱਚ ਹੋਣ ਵਾਲੇ ਸ਼ਾਨਦਾਰ ਸਮਾਰੋਹ ਦੌਰਾਨ 2026 ਦੇ 25,000 ਕੈਨੇਡੀਅਨ ਡਾਲਰ ਦੇ ਢਾਹਾਂ ਪੰਜਾਬੀ ਸਾਹਿਤ ਇਨਾਮ ਦੇ ਜੇਤੂ ਦਾ ਐਲਾਨ ਹੋਵੇਗਾ।