- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੁੱਟਪਾਥ ਖਾਲੀ ਹੁੰਦੇ ਸਨ ਤੇ ਲੋਕ ਦਿਨੇ ਤੇ ਰਾਤ ਨੂੰ ਇਨ੍ਹਾਂ ਫੁੱਟਪਾਥਾਂ ’ਤੇ ਪੈਦਲ ਚੱਲ ਕੇ ਸੈਰ ਕਰਦੇ ਸਨ ਤੇ ਇਨ੍ਹਾਂ ਫੁੱਟਪਾਥਾਂ ਤੋਂ ਹੀ ਹੁੰਦੇ ਹੋਏ ਸ਼ਹਿਰ ’ਚ ਦੂਰ ਦੂਰ ਤੱਕ ਸਾਮਾਨ ਲੈਣ ਲਈ ਨਿਕਲ ਜਾਂਦੇ ਸਨ

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਵੱਲੋਂ ਲੋਕਾਂ ਦੇ ਪੈਦਲ ਚੱਲਣ ਲਈ ਸਾਰੀਆਂ ਸੜਕਾਂ ਦੇ ਆਲੇ-ਦੁਆਲੇ ਫੁੱਟਪਾਥ ਬਣਾਏ ਗਏ ਹਨ ਤੇ ਜਦੋਂ ਵੀ ਇਹ ਖ਼ਰਾਬ ਹੁੰਦੇ ਸਨ ਤੇ ਸਮੇਂ-ਸਮੇਂ ਸਿਰ ਇਨਾਂ ਨੂੰ ਰਿਪੇਅਰ ਵੀ ਕੀਤਾ ਜਾਂਦਾ ਸੀ, ਜਿਸ ਤਰ੍ਹਾਂ ਸਮਾਂ ਬਦਲਦਾ ਰਿਹਾ ਇਨ੍ਹਾਂਫੁੱਟਪਾਥਾਂ ’ਤੇ ਰੇਹੜੀਆਂ ਵਾਲਿਆਂ, ਰਿਪੇਅਰ , ਕਾਰ ਬਾਜ਼ਾਰ, ਟਾਇਰਾਂ , ਕਬਾੜ ਵਾਲਿਆਂ ਤੇ ਹੋਰ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ੇ ਕਰ ਲਏ ਜਿਸ ਕਰ ਕੇ ਹੁਣ ਲੋਕਾਂ ਦੇ ਪੈਦਲ ਚੱਲਣ ਲਈ ਬਣਾਏ ਗਏ ਇਹ ਫੁੱਟਪਾਥ ਕਬਜ਼ੇ ਹੋਣ ਕਰ ਕੇ ਗ਼ਾਇਬ ਖ਼ਤਮ ਹੋ ਕੇ ਰਹਿ ਗਏ ਹਨ। ਜਦੋਂ ਇਹ ਫੁੱਟਪਾਥ ਖਾਲੀ ਹੁੰਦੇ ਸਨ ਤੇ ਲੋਕ ਦਿਨੇ ਤੇ ਰਾਤ ਨੂੰ ਇਨ੍ਹਾਂ ਫੁੱਟਪਾਥਾਂ ’ਤੇ ਪੈਦਲ ਚੱਲ ਕੇ ਸੈਰ ਕਰਦੇ ਸਨ ਤੇ ਇਨ੍ਹਾਂ ਫੁੱਟਪਾਥਾਂ ਤੋਂ ਹੀ ਹੁੰਦੇ ਹੋਏ ਸ਼ਹਿਰ ’ਚ ਦੂਰ ਦੂਰ ਤੱਕ ਸਾਮਾਨ ਲੈਣ ਲਈ ਨਿਕਲ ਜਾਂਦੇ ਸਨ, ਪਰ ਜਦੋਂ ਦੇ ਇਨ੍ਹਾਂ ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ੇ ਹੋ ਗਏ ਹਨ ਲੋਕਾਂ ’ਚ ਪੈਦਲ ਚੱਲਣ ਦਾ ਸ਼ੌਕ ਵੀ ਖ਼ਤਮ ਹੁੰਦਾ ਨਜ਼ਰ ਆਉਣ ਲੱਗ ਪਿਆ ਹੈ। ਸ਼ਹਿਰ ਦੇ ਜੀ.ਟੀ.ਰੋਡ, ਸਰਕਟ ਹਾਊਸ ਰੋਡ, ਅਦਾਲਤੀ ਕੰਪਲੈਕਸ ਰੋਡ, ਨਾਮਦੇਵ ਚੌਕ ਦੇ ਆਲੇ-ਦੁਆਲੇ, ਸ਼ਾਸਤਰੀ ਮਾਰਕੀਟ ਚੌਕ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ, ਨਕੋਦਰ ਰੋਡ ਅਤੇ ਹੋਰ ਥਾਵਾਂ ’ਤੇ ਜਿਨ੍ਹੇ ਵੀ ਫੁੱਟਪਾਥ ਬਣੇ ਹਨ, ਅੱਜ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੇਠ ਹਨ ਜਿਸ ਕਰ ਕੇ ਲੋਕ ਜੋ ਕਿ ਪੈਦਲ ਚੱਲਣ ਦਾ ਸ਼ੌਕ ਰੱਖਦੇ ਸਨ ਹੁਣ ਆਪਣੇ ਘਰਾਂ ਦੀ ਗ਼ਲੀਆਂ ਅਤੇ ਛੱਤਾਂ ’ਤੇ ਹੀ ਸੈਰ ਕਰ ਕੇ ਗੁਜ਼ਾਰਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਸੜਕਾਂ ਚੌੜੀਆਂ ਹੋ ਗਈਆਂ ਹਨ ਪਰ ਸ਼ਹਿਰ ਵਿਚੋਂ ਫੁੱਟਪਾਥ ਜੋ ਕਿ ਖ਼ਾਸ ਪੈਦਲ ਜਾਣ ਲਈ ਬਣਾਏ ਸਨ ਨਾਜਾਇਜ਼ ਕਬਜ਼ਿਆਂ ਕਰਕੇ ਖ਼ਤਮ ਹੋ ਕੇ ਰਹਿ ਗਏ ਹਨ।
-------
ਫੁੱਟਪਾਥਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਖਾਲੀ ਕਰਵਾਏ ਨਗਰ ਨਿਗਮ : ਐਡਵੋਕੇਟ ਰਾਜ ਕੁਮਾਰ ਭੱਲਾ
ਇਸ ਸਬੰਧੀ ਸ਼ਹਿਰ ਦੇ ਪ੍ਰਸਿੱਧ ਵਕੀਲ ਤੇ ਜਲੰਧਰ ਵਿਕਾਸ ਮੰਚ ਦੇ ਪ੍ਰਧਾਨ ਰਾਜ ਕੁਮਾਰ ਭੱਲਾ ਜੋ ਕਿ ਅਕਸਰ ਇਨ੍ਹਾਂ ਫੁੱਟਪਾਥਾਂ ਨੂੰ ਖਾਲੀ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਸ਼ਿਕਾਇਤ ਕਰਦੇ ਰਹਿੰਦੇ ਹਨ ਦਾ ਕਹਿਣਾ ਹੈ ਕਿ ਨਗਰ ਨਿਗਮ ਇਨ੍ਹਾਂ ਫੁੱਟਪਾਥਾਂ ਨੂੰ ਕਬਜ਼ਾਧਾਰੀਆਂ ਤੋਂ ਖਾਲੀ ਕਰਵਾਏ ਤਾਂ ਕਿ ਸ਼ਹਿਰ ਵਾਸੀ ਇਨ੍ਹਾਂ ਫੁੱਟਪਾਥਾਂ ਦਾ ਲਾਭ ਲੈ ਕੇ ਸਵੇਰੇ ਤੇ ਰਾਤ ਨੂੰ ਇਨ੍ਹਾਂ ’ਤੇ ਸੈਰ ਕਰ ਸਕਣ ਤੇ ਸੜਕਾਂ ’ਤੇ ਚੱਲਣ ਵਾਲੇ ਤੇਜ਼ ਰਫ਼ਤਾਰ ਵਾਹਨਾਂ ਤੋਂ ਬੇਖ਼ੌਫ ਹੋ ਕੇ ਪੈਦਲ ਇਨ੍ਹਾਂ ਫੁੱਟਪਾਥਾਂ ਤੋਂ ਆ ਜਾ ਸਕਣ।
=======
ਫੁੱਟਪਾਥਾਂ ’ਤੇ ਕਬਜ਼ਿਆਂ ਦੀ ਆੜ ’ਚ ਨਗਰ ਨਿਗਮ ਦੇ ਕਰਮਚਾਰੀ ਕਰ ਰਹੇ ਭ੍ਰਿਸ਼ਟਾਚਾਰ : ਐਡਵੋਕੇਟ ਅਸ਼ੋਕ ਸ਼ਰਮਾ
ਇਸ ਸਬੰਧੀ ਐਡਵੋਕੇਟ ਅਸ਼ੋਕ ਸ਼ਰਮਾ ਜੋ ਕਿ ਹੈਲਪ ਲਾਈਨ ਸੰਸਥਾ ਦੇ ਸੂਬਾ ਪ੍ਰਧਾਨ ਵੀ ਹਨ ਦਾ ਕਹਿਣਾ ਹੈ ਕਿ ਨਗਰ ਨਿਗਮ ਇਨ੍ਹਾਂ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਤਾਂ ਕਿ ਲੋਕਾਂ ਲਈ ਬਣਾਏ ਗਏ ਇਹ ਫੁੱਟਪਾਥ ਲੋਕਾਂ ਦੇ ਚੱਲਣ ਦੇ ਕੰਮ ਆ ਸਕਣ| ਐਡਵੋਕੇਟ ਅਸ਼ੋਕ ਸ਼ਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵੀ ਹੁਕਮ ਹਨ ਕਿ ਫੁੱਪਪਾਥ ਨਾ ਹੋਣ ਕਰ ਕੇ ਲੋਕ ਸੜਕਾਂ ’ਤੇ ਚੱਲਣ ਨੂੰ ਮਜਬੂਰ ਹਨ ਤੇ ਸੜਕਾਂ ’ਤੇ ਚੱਲ ਕੇ ਤੇਜ਼ ਰਫ਼ਤਾਰ ਵਾਹਨਾਂ ਦਾ ਸ਼ਿਕਾਰ ਹੋ ਕੇ ਲੋਕਾਂ ਦੀਆਂ ਕੀਤਮੀ ਜਾਨਾਂ ਜਾ ਰਹੀਆਂ ਹਨ ਤੇ ਇਨ੍ਹਾਂ ਨੂੰ ਖਾਲੀ ਕਰਵਾਇਆ ਜਾਣਾ ਚਾਹੀਦਾ ਹੈ| ਐਡਵੋਕੇਟ ਅਸ਼ੋਕ ਸ਼ਰਮਾ ਦਾ ਕਹਿਣਾ ਹੈ ਕਿ ਅਦਾਲਤੀ ਕੰਪਲੈਕਸ ਰੋਡ ’ਤੇ ਤੇ ਨਾਮਦੇਵ ਚੌਕ ਤੋਂ ਅੱਗੇ ਸਾਰੇ ਫੁੱਟਪਾਥਾਂ ’ਤੇ ਕਾਰ ਬਾਜ਼ਾਰ ਤੇ ਕਾਰਾਂ ਦੀ ਰਿਪੇਅਰ ਕਰਨ ਵਾਲਿਆਂ ਦਾ ਕਬਜ਼ਾ ਹਨ ਤੇ ਇਨ੍ਹਾਂ ਕੋਲੋਂ ਨਗਰ ਨਿਗਮ ਦੇ ਕੁੱਝ ਭ੍ਰਿਸ਼ਟ ਕਰਮਚਾਰੀ ਮਹੀਨਾ ਲੈਂਦੇ ਹਨ। ਐਡਵੋਕੇਟ ਅਸ਼ੋਕ ਸ਼ਰਮਾ ਦਾ ਕਹਿਣਾ ਹੈ ਕਿ ਨਿਗਮ ਦੇ ਕੁੱਝ ਭ੍ਰਿਸ਼ਟ ਕਰਮਚਾਰੀ ਇਨ੍ਹਾਂ ਫੁੱਟਪਾਥਾਂ ’ਤੇ ਰੇਹੜੀਆਂ ਲਾਉਣ ਵਾਲਿਆਂ ਦੀ ਇੱਕ ਹਜ਼ਾਰ ਰੁਪਏ ਦੀ ਪਰਚੀ ਕੱਟਦੇ ਹਨ ਪਰ ਪੈਸੇ ਦੋ ਜਾਂ ਤਿੰਨ ਹਜ਼ਾਰ ਰੁਪਏ ਲੈ ਕੇ ਜਾਂਦੇ ਹਨ ਤੇ ਇਸੇ ਕਬਜ਼ਿਆਂ ਦੀ ਆੜ ’ਚ ਹੀ ਭ੍ਰਿਸ਼ਟਾਚਾਰ ਫੈਲ ਰਿਹਾ ਹੈ। ਐਡਵੋਕੇਟ ਅਸ਼ੋਕ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਖ਼ਤਮ ਹੋ ਜਾਣਗੇ ਤੇ ਮਹੀਨੇ ਦੀ ਪਰਚੀ ਦੇ ਨਾਂਅ ’ਤੇ ਚੱਲਣ ਵਾਲਾ ਨਿਗਮ ਦਾ ਭ੍ਰਿਸ਼ਟਾਚਾਰ ਵੀ ਖ਼ਤਮ ਹੋ ਜਾਵੇਗਾ।
=====
ਰੋਡ ਸੇਫ਼ਟੀ ਕਮੇਟੀ ਦੀ ਮੀਟਿੰਗ ’ਚ ਕਈ ਵਾਰ ਚੁੱਕਿਆ ਗਿਆ ਹੈ ਫੁੱਟਪਾਥਾਂ ਨੂੰ ਖਾਲੀ ਕਰਵਾਉਣ ਦਾ ਮੁੱਦਾ : ਸੁਰਿੰਦਰ ਸੈਣੀ
ਇਸ ਸਬੰਧੀ ਗੱਲਬਾਤ ਕਰਦੇ ਹੋਏ ਚਾਈਲਡ ਹੈਲਪ ਲਾਈਨ ਦੇ ਆਰਗੇਨਾਈਜ਼ਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਰੋਡ ਸੇਫ਼ਟੀ ਕਮੇਟੀ ਦੇ ਮੈਂਬਰ ਸੁਰਿੰਦਰ ਸੈਣੀ ਨੇ ਕਿਹਾ ਕਿ ਉਹ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦਾ ਮੁੱਦਾ ਕਈ ਵਾਰ ਰੋਡ ਸੇਫ਼ਟੀ ਕਮੇਟੀ ਦੀ ਮਹੀਨਾਵਾਰ ਹੋਣ ਵਾਲੀ ਮੀਟਿੰਗ ’ਚ ਚੁੱਕਦੇ ਆ ਰਹੇ ਹਨ ਪਰ ਇਸ ਦੇ ਬਾਅਦ ਵੀ ਇਨ੍ਹਾਂ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ ਜਿਸ ਕਰ ਕੇ ਇਹ ਕਬਜ਼ੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਸਤਰੀ ਮਾਰਕੀਟ ਤੋਂ ਰੇਲਵੇ ਸਟੇਸ਼ਨ ਤੱਕ ਨਾਜਾਇਜ਼ ਕਬਜ਼ਿਆਂ ਕਰ ਕੇ ਲੋਕ ਕਈ ਵਾਰ ਰੇਲਵੇ ਸਟੇਸ਼ਨ ਤੋਂ ਟਰੇਨ ਲਈ ਵੀ ਲੇਟ ਹੋ ਜਾਂਦੇ ਹਨ ਤੇ ਇਸ ਪਾਸੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
------
ਬਾਜ਼ਾਰਾਂ ਤੋਂ ਲੈ ਕੇ ਰਿਹਾਇਸ਼ੀ ਇਲਾਕਿਆਂ ਤੱਕ ਕਬਜ਼ੇ ਦਾ ਜਾਲ
ਜਲੰਧਰ ਦੇ ਭਗਵਾਨ ਵਾਲਮੀਕਿ ਚੌਕ, ਓਲਡ ਜੀ.ਟੀ. ਰੋਡ, ਮਾਈ ਹੀਰਾਂ ਗੇਟ, ਨਕੋਦਰ ਰੋਡ, ਮਿਲਾਪ ਚੌਕ, ਪ੍ਰਤਾਪ ਬਾਗ, ਮਾਡਲ ਟਾਊਨ, ਅਰਬਨ ਸਟੇਟ, ਗੜ੍ਹਾ, ਸਰਕਟ ਹਾਊਸ ਰੋਡ, ਓਲਡ ਤੇ ਨਿਊ ਰੇਲਵੇ ਰੋਡ, ਲਾਡੋਵਾਰੀ ਰੋਡ, ਕੇਐੱਮਵੀ ਰੋਡ, ਬੀਐੱਸਐੱਫ ਚੌਕ ਤੋਂ ਪੀਏਪੀ ਚੌਕ ਰੋਡ, ਸਿਵਲ ਹਸਪਤਾਲ ਰੋਡ, ਕਪੂਰਥਲਾ ਰੋਡ, ਮਹਾਵੀਰ ਮਾਰਗ, ਕੂਲ ਰੋਡ ਸਮੇਤ ਸਾਰੇ ਅੰਦਰੂਨੀ ਬਾਜ਼ਾਰਾਂ ਦੇ ਹਾਲਾਤ ਸਭ ਤੋਂ ਬਦਹਾਲ ਹੈ। ਜਿੱਥੇ ਦੁਕਾਨਦਾਰਾਂ ਨੇ ਸਾਮਾਨ ਫੁੱਟਪਾਥਾਂ 'ਤੇ ਰੱਖਿਆ ਹੋਇਆ ਹੈ। ਜਿੱਥੇ ਥੋੜ੍ਹੀ ਬਹੁਤ ਜਗ੍ਹਾ ਬਚਦੀ ਹੈ, ਉੱਥੇ ਰੇਹੜੀ-ਫੜ ਵਾਲੇ ਕਬਜ਼ਾ ਕਰ ਲੈਂਦੇ ਹਨ। ਕਈ ਜਗ੍ਹਾ ਤਾਂ ਫੁੱਟਪਾਥਾਂ ਨੂੰ ਬਕਾਇਦਾ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਨਾਜਾਇਜ਼ ਪਾਰਕਿੰਗ ’ਚ ਬਦਲ ਦਿੱਤਾ ਗਿਆ ਹੈ। ਪੈਦਲ ਯਾਤਰੀਆਂ ਲਈ ਬਣਾਈ ਗਈ ਸਹੂਲਤ ਸਿਰਫ ਵਪਾਰਕ ਖੇਤਰ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਸਿੱਖਿਆ ਸੰਸਥਾਵਾਂ ਤੇ ਹਸਪਤਾਲਾਂ ਦੇ ਨੇੜੇ ਵੀ ਇਹੀ ਹਾਲਾਤ ਹਨ। ਕਬਜ਼ਿਆਂ ਦੇ ਇਸ ਵਧਦੇ ਜਾਲ ਤੋਂ ਸ਼ਹਿਰ ਦਾ ਹਰ ਵਰਗ ਪਰੇਸ਼ਾਨ ਹੈ। ਸਕੂਲ ਜਾਣ ਵਾਲੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਨ੍ਹਾਂ ਕਬਜ਼ਿਆਂ ਤੋਂ ਪਰੇਸ਼ਾਨ।
----------------
ਨਗਰ ਨਿਗਮ ਤੇ ਟ੍ਰੈਫਿਕ ਪੁਲਿਸ ਦੀ ਖਾਨਾਪੂਰੀ ਕਾਰਵਾਈ
ਨਗਰ ਨਿਗਮ ਤੇ ਟ੍ਰੈਫਿਕ ਪੁਲਿਸ ਦੀ ਟੀਮ ਅਕਸਰ ਸ਼ਹਿਰ ’ਚ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਲੈ ਕੇ ਤਿਉਹਾਰਾਂ ਦੇ ਸਮੇਂ ਮੁਹਿੰਮ ਚਲਾਉਂਦੀ ਰਹੀ ਹੈ। ਸਾਲ ਭਰ ’ਚ ਮੇਨ ਰੋਡ ਤੋਂ ਲੈ ਕੇ ਖਾਸ ਕਰ ਕੇ ਅੰਦਰੂਨੀ ਬਾਜ਼ਾਰਾਂ ’ਚ ਕਬਜ਼ਿਆਂ ’ਤੇ ਕਾਰਵਾਈ ਕੀਤੀ ਜਾਂਦੀ ਹੈ, ਸਾਮਾਨ ਜ਼ਬਤ ਕੀਤਾ ਜਾਂਦਾ ਹੈ ਤੇ ਜੁਰਮਾਨੇ ਵੀ ਲਾਏ ਜਾਂਦੇ ਹਨ, ਫਿਰ ਵੀ ਕੁਝ ਘੰਟਿਆਂ ਬਾਅਦ ਹੀ ਮੁੜ ਪਹਿਲਾਂ ਵਰਗੇ ਹਾਲਾਤ ਬਣ ਜਾਂਦੇ ਹਨ। ਨਿਗਮ ਦਾ ਦਸਤਾ ਜਿਵੇਂ ਹੀ ਕਾਰਵਾਈ ਕਰਕੇ ਅੱਗੇ ਵਧਦਾ ਹੈ, ਉਸ ਦੇ ਪਿੱਛੇ-ਪਿੱਛੇ ਰੇਹੜੀਆਂ ਤੇ ਸਾਮਾਨ ਦੁਬਾਰਾ ਫੁੱਟਪਾਥ 'ਤੇ ਸਜ ਜਾਂਦੇ ਹਨ। ਕਈ ਵਾਰ ਤਾਂ ਦੁਕਾਨਦਾਰਾਂ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਜਾਂਦੀ ਹੈ ਤੇ ਉਹ ਚੌਕਸ ਹੋ ਜਾਂਦੇ ਹਨ। ਕਈ ਵਾਰ ਸਿਆਸੀ ਦਬਾਅ ਤੇ ਇੱਛਾ ਸ਼ਕਤੀ ਦੀ ਕਮੀ ਕਾਰਨ ਨਿਗਮ ਦੀ ਕਾਰਵਾਈ ਅਕਸਰ ਖਾਨਾਪੂਰੀ ਬਣ ਕੇ ਰਹਿ ਜਾਂਦੀ ਹੈ। ਠੋਸ ਤੇ ਪੱਕੀ ਨੀਤੀ ਨਾ ਹੋਣ ਕਾਰਨ ਸਾਲਾਂ ਤੋਂ ਸ਼ਹਿਰ ’ਚ ਹਾਲਾਤ ਜਿਉਂ ਦੇ ਤਿਉਂ ਹੀ ਹਨ।
-----------------
ਐੱਫਆਈਆਰ ਦੀ ਕਾਰਵਾਈ ਤੱਕ ਕਰ ਕੇ ਖਾਲੀ ਕੀਤੇ ਸਨ ਫੁੱਟਪਾਥ
ਸ਼ਹਿਰ ’ਚ ਕਰੀਬ ਇਕ ਦਹਾਕੇ ਪਹਿਲਾਂ ਪੁਲਿਸ ਕਮਿਸ਼ਨਰ ਰਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਪਿਛਲੇ ਸਾਲ ਸਵਪਨ ਸ਼ਰਮਾ ਦੇ ਕਾਰਜਕਾਲ ’ਚ ਸੜਕ ਤੋਂ ਲੈ ਕੇ ਫੁੱਟਪਾਥ 'ਤੇ ਕਬਜ਼ਾ ਕਰਨ ਵਾਲਿਆਂ 'ਤੇ ਐੱਫਆਈਆਰ ਦਰਜ ਕਰਨ ਦੀ ਕਾਰਵਾਈ ਤੈਅ ਕੀਤੀ ਗਈ ਸੀ। ਉਦੋਂ ਇਕ ਵਾਰ ਤਾਂ ਸ਼ਹਿਰ ਦੇ ਬਹੁਤ ਸਾਰੇ ਮੇਨ ਰੋਡ ਤੇ ਮਾਰਕੀਟ ਤੋਂ ਇੱਥੇ ਤੱਕ ਕਿ ਮਾਡਲ ਟਾਊਨ ਮਾਰਕੀਟ ’ਚ ਕਬਜ਼ਿਆਂ ਦਾ ਨਾਮੋ-ਨਿਸ਼ਾਨ ਖਤਮ ਹੋ ਗਿਆ ਸੀ ਪਰ ਤਬਾਦਲਿਆਂ ਦੇ ਕੁਝ ਦਿਨਾਂ ਬਾਅਦ ਹੀ ਮੁੜ ਕਬਜ਼ੇ ਹੋ ਗਏ।
---
ਹੁਣ ਕਬਜ਼ਿਆਂ 'ਤੇ ਕਾਰਵਾਈ ਮਗਰੋਂ ਕਰ ਰਹੇ ਹਾਂ ਪਹਿਰੇਦਾਰੀ
ਨਗਰ ਨਿਗਮ ਦੇ ਤਹਿਬਾਜ਼ਾਰੀ ਬ੍ਰਾਂਚ ਦੇ ਸੁਪਰਡੈਂਟ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੇਅਰ ਦੇ ਹੁਕਮ ’ਤੇ ਤਹਿਬਾਜ਼ਾਰੀ ਬ੍ਰਾਂਚ ਦੀ ਨਵੀਂ ਟੀਮ ਨੇ ਹਾਲ ਹੀ ’ਚ ਕੰਮ ਸ਼ੁਰੂ ਕੀਤਾ ਹੈ। ਪੂਰੀ ਟੀਮ ਨਵੀਂ ਹੈ, ਜਿਸ ਦਾ ਨਤੀਜਾ ਸਾਹਮਣੇ ਆਉਣ ’ਚ ਕੁਝ ਸਮਾਂ ਲੱਗੇਗਾ। ਸਭ ਤੋਂ ਪਹਿਲਾਂ ਫੋਕਲ ਪੁਆਇੰਟ ਤੇ ਟ੍ਰਾਂਸਪੋਰਟ ਨਗਰ ਇਲਾਕੇ ’ਚ ਕਬਜ਼ਿਆਂ 'ਤੇ ਕਾਰਵਾਈ ਕੀਤੀ ਗਈ ਹੈ, ਜਿੱਥੇ ਹੁਣ ਪਹਿਲਾਂ ਵਰਗੇ ਹਾਲਾਤ ਨਹੀਂ ਹਨ। ਕਾਰਵਾਈ ਮਗਰੋਂ ਟੀਮ ਰਾਤ ਨੂੰ ਤੇ ਅਗਲੇ ਦਿਨ ਸਵੇਰੇ ਵੀ ਨਿਰੀਖਣ ਕਰ ਰਹੀ ਹੈ ਤਾਂ ਜੋ ਦੁਬਾਰਾ ਕਬਜ਼ੇ ਨਾ ਹੋਣ। ਇਸ ਕਾਰਵਾਈ ਦਾ ਅਸਰ ਪੂਰੇ ਸ਼ਹਿਰ ’ਚ ਦਿਖਾਈ ਦੇਣ ’ਚ ਥੋੜ੍ਹਾ ਸਮਾਂ ਲੱਗੇਗਾ।