ਸਿੱਖ ਕੌਮ ਨੂੰ ਗਿਆਨ ਦੇ ਖੇਤਰ ਵੱਲ ਵਧਣਾ ਪਵੇਗਾ : ਖਾਲਸਾ ਸਿੱਖ ਕੌਮ ਨੂੰ ਯਹੂਦੀਆਂ ਵਾਂਗ ਉੱਚ-ਤਕਨਾਲੋਜੀ ਤੇ ਗਿਆਨ ਖੇਤਰ ਵੱਲ ਵਧਣਾ ਪਵੇਗਾ- ਖਾਲਸਾ
Publish Date: Wed, 08 Jul 2026 07:51 PM (IST)
Updated Date: Thu, 09 Jul 2026 04:06 AM (IST)
-ਸਿੱਖ ਪੰਥ ਨੂੰ ਉੱਚ-ਤਕਨਾਲੋਜੀ ਦੀਆਂ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਸਥਾਪਿਤ ਕਰਨ ਦੀ ਅਪੀਲ -ਯਾਹੂਦੀ ਘੱਲੂਘਾਰਿਆਂ ਦਾ ਸਾਹਮਣਾ ਕਰ ਚੁੱਕੀਆਂ ਘੱਟਗਿਣਤੀ ਕੌਮਾਂ ਲਈ ਵੱਡੀ ਮਿਸਾਲ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਜਥੇਦਾਰ ਪਰਮਿੰਦਰਪਾਲ ਸਿੰਘ ਖ਼ਾਲਸਾ ਨੇ ਸਿੱਖ ਪੰਥ ਨੂੰ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਮਜ਼ਬੂਤ ਕਰਨ ਲਈ ਰਵਾਇਤੀ ਖੇਤਰਾਂ ਤੋਂ ਉੱਪਰ ਉੱਠ ਕੇ ਆਧੁਨਿਕ ਵਿਗਿਆਨ ਤੇ ਉੱਚ-ਤਕਨਾਲੋਜੀ ਦੇ ਖੇਤਰ ’ਚ ਮੱਲਾਂ ਮਾਰਨ ਦਾ ਸੱਦਾ ਦਿੱਤਾ ਹੈ। ਇਹ ਅਹਿਮ ਵਿਚਾਰ ਉਨ੍ਹਾਂ ਕਪੂਰਥਲਾ ਰੋਡ ’ਤੇ ਸਥਿਤ ਡੇਰਾ ਗੁਰਦੁਆਰਾ ਸੰਤਗੜ੍ਹ ਵੱਲੋਂ ਸੁਖਨਿਧਾਨ ਰੋਡ ਸਥਿਤ ਗੁਰਦੁਆਰਾ ਦੇਗ ਤੇਗ ਫਤਿਹ ਵਿਖੇ ਚਲਾਈ ਜਾ ਰਹੀ ਸੰਤ ਜਵਾਲਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਵਿਖੇ ਬੱਚਿਆਂ ਨੂੰ ਸਨਮਾਨਿਤ ਕਰਨ ਉਪਰੰਤ ਸਾਂਝੇ ਕੀਤੇ। ਖ਼ਾਲਸਾ ਨੇ ਸੰਤਗੜ੍ਹ ਦੇ ਮੌਜੂਦਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਏ ਦੀ ਛਤਰ-ਛਾਇਆ ਹੇਠ ਚੱਲ ਰਹੀ ਅਕੈਡਮੀ ਦੇ ਬੱਚਿਆਂ ਪਾਸੋਂ ਤਬਲਾ ਤੇ ਤੰਤੀ ਸਾਜ਼ਾਂ ਤੇ ਨਿਸ਼ਕਾਮ ਗੁਰਬਾਣੀ ਕੀਰਤਨ ਸਰਵਣ ਕਰਨ ਉਪਰੰਤ ਪਿਛਲੇ 30 ਸਾਲਾਂ ਤੋਂ ਬਿਨਾਂ ਕਿਸੇ ਫੀਸ ਦੇ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦੇ ਰਹੇ ਸੁਰਜੀਤ ਸਿੰਘ ਸੇਵਕ ਅਤੇ ਬਾਬਾ ਭਗਵਾਨ ਸਿੰਘ ਦੇ ਇਸ ਮਹਾਨ ਕਾਰਜ ਦੀ ਸ਼ਲਾਘਾ ਕੀਤੀ। ਪਰਮਿੰਦਰਪਾਲ ਸਿੰਘ ਖਾਲਸਾ ਨੇ ਯਹੂਦੀ ਕੌਮ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਸੰਸਾਰ ਦੀ ਕੁੱਲ ਆਬਾਦੀ ਦਾ ਮਹਿਜ਼ 0.2 ਫ਼ੀਸਦੀ ਹੋਣ ਦੇ ਬਾਵਜੂਦ 27 ਨੋਬਲ ਪੁਸਕਾਰ ਵਿਜੇਤਾ ਰਹੇ । ਸੰਸਾਰ ਭਰ ਦੇ 1163 ਬਿਲਨੀਅਰ ਵਿੱਚੋਂ 11 % ਯਾਨੀ 165 ਯਹੂਦੀ ਹਨ । ਯਹੂਦੀ ਕੌਮ ਨੇ ਵਿਗਿਆਨ, ਆਧੁਨਿਕ ਤਕਨਾਲੋਜੀ, ਸਾਹਿਤ ਤੇ ਅਰਥਸ਼ਾਸਤਰ ਦੇ ਖੇਤਰ ’ਚ ਜੋ ਮੀਲ ਪੱਥਰ ਸਥਾਪਿਤ ਕੀਤੇ ਹਨ। ਉਹ ਘੱਲੂਘਾਰਿਆਂ ਦਾ ਸਾਹਮਣਾ ਕਰ ਚੁੱਕੀਆਂ ਘੱਟਗਿਣਤੀ ਕੌਮਾਂ ਲਈ ਇੱਕ ਵੱਡੀ ਮਿਸਾਲ ਹਨ। ਸਿੱਖ ਪੰਥ ਨੂੰ ਵੀ ਉਨ੍ਹਾਂ ਦੇ ਸੰਗਠਨਾਤਮਕ ਤੇ ਵਿਗਿਆਨਕ ਮਾਡਲ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਅੱਜ ਦੇ ਡਿਜੀਟਲ ਯੁੱਗ ’ਚ ਸਿੱਖ ਪੰਥ ਨੂੰ ਆਪਣੀ ਰਣਨੀਤੀ ਬਦਲਣ ਦੀ ਸਖ਼ਤ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇਟੈਲੀਜੈਂਸ, ਕਵਾਂਟਮ ਕੰਪਿਊਟਿੰਗ, ਮੈਡੀਕਲ ਵਿਗਿਆਨ ਤੇ ਖੋਜ ਕਾਰਜਾਂ ਵੱਲ ਵਧਣਾ ਪਵੇਗਾ। ਉਨ੍ਹਾਂ ਸਾਡੇ ਸੰਤਾਂ-ਮਹਾਪੁਰਸ਼ਾਂ, ਸ਼੍ਰੋਮਣੀ ਕਮੇਟੀ ਤੇ ਪਰਵਾਸੀ ਸਿੱਖ ਭਾਈਚਾਰੇ ਨੂੰ ਅਜਿਹੀਆਂ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਸਥਾਪਿਤ ਕਰਨ ਦੀ ਅਪੀਲ ਕੀਤੀ, ਜਿੱਥੋਂ ਕੌਮ ’ਚ ਆਈਨਸਟਾਈਨ ਵਰਗੇ ਵਿਗਿਆਨੀ ਪੈਦਾ ਹੋ ਸਕਣ। ਉਨ੍ਹਾਂ ਅੱਗੇ ਕਿਹਾ ਕਿ ਯਹੂਦੀਆਂ ਜਿਵੇਂ ਅਲੇਪੋ ਕੋਡੈਕਸ ਦੀ ਤਰਜ਼ ’ਤੇ ਸਿੱਖ ਕੌਮ ਨੂੰ ਵੀ ਆਪਣੇ ਪੁਰਾਤਨ ਹਸਤਲਿਖਤ ਸਰੂਪਾਂ, ਦਸਤਾਵੇਜ਼ਾਂ ਤੇ ਇਤਿਹਾਸ ਨੂੰ ਆਧੁਨਿਕ ਤਕਨੀਕ ਰਾਹੀਂ ਸੁਰੱਖਿਅਤ ਕਰ ਕੇ ਦੁਨੀਆ ਭਰ ’ਚ ਮੁਫ਼ਤ ਉਪਲਬਧ ਕਰਵਾਉਣ ਲਈ ਵੱਡੇ ਡਾਟਾਬੇਸ ਪ੍ਰੋਜੈਕਟ ਸ਼ੁਰੂ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ’ਚ ਫੈਲੇ ਸਿੱਖ ਡਾਇਸਪੋਰਾ (ਪਰਵਾਸੀ ਸਿੱਖਾਂ) ਨੂੰ ਇੱਕ ਅਜਿਹੇ ਸਾਂਝੇ ਗਲੋਬਲ ਨੈੱਟਵਰਕ ਨਾਲ ਜੋੜਨਾ ਪਵੇਗਾ ਜੋ ਅੰਤਰਰਾਸ਼ਟਰੀ ਕਾਨੂੰਨ, ਰਾਜਨੀਤੀ ਤੇ ਮੀਡੀਆ ਰਾਹੀਂ ਕੌਮ ਦੇ ਹਿੱਤਾਂ ਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਸੰਸਾਰ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕੇ। ਇਸ ਮੌਕੇ ਅਕੈਡਮੀ ਵੱਲੋਂ ਪਰਮਿੰਦਰਪਾਲ ਸਿੰਘ ਖ਼ਾਲਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਭਗਵਾਨ ਸਿੰਘ ਹਰਖੋਵਾਲੀਏ ਤੇ ਸੁਰਜੀਤ ਸਿੰਘ ਸੇਵਕ ਵੱਲੋਂ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਦੀਪ ਸਿੰਘ ਚਾਵਲਾ, ਹਰਦੇਵ ਸਿੰਘ ਗਰਚਾ, ਸੁਖਵਿੰਦਰ ਸਿੰਘ ਗੋਗੀ, ਗੁਰਪ੍ਰੀਤ ਸਿੰਘ ਰਾਜੂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ====== ਗੁਰੂ ਸਾਹਿਬ ਦੇ ਨਿਆਰਾ ਰਹਿਣ ਦੇ ਸਿਧਾਂਤ ਅਨੁਸਾਰ ਚੱਲਣ ਦੀ ਲੋੜ ਉਨ੍ਹਾਂ ਕਿਹਾ ਕਿ ਸਾਨੂੰ ਹੁਣ ਗਿਣਤੀ ਦੇ ਰੋਣੇ ਰੋਣ ਦੀ ਬਜਾਏ ਗੁਰੂ ਸਾਹਿਬ ਦੇ ਨਿਆਰਾ ਰਹਿਣ ਦੇ ਸਿਧਾਂਤ ਅਨੁਸਾਰ ਆਪਣੀ ਬੌਧਿਕ ਤੇ ਨੈਤਿਕ ਗੁਣਵੱਤਾ ਨੂੰ ਇੰਨਾ ਉੱਚਾ ਚੁੱਕਣਾ ਪਵੇਗਾ ਕਿ ਦੁਨੀਆ ਸਾਡੀ ਲੀਡਰਸ਼ਿਪ ਨੂੰ ਸਵੀਕਾਰ ਕਰੇ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਹੋਰ ਸੰਸਥਾਵਾਂ ਨੂੰ ਰਵਾਇਤੀ ਢਾਂਚੇ ਤੋਂ ਉੱਪਰ ਉੱਠ ਕੇ ਇੱਕ ਦੂਰਅੰਦੇਸ਼ੀ ਨੀਤੀ ਤਿਆਰ ਕਰਨ ਦੀ ਅਪੀਲ ਕੀਤੀ। ਖ਼ਾਲਸਾ ਨੇ ਗੁਰਬਾਣੀ ਤੇ ਕੀਰਤਨ ਸਿੱਖ ਰਹੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਡਭਾਗੀ ਦੱਸਦਿਆਂ ਬੱਚਿਆਂ ਨੂੰ ਮੁਢਲੇ ਤੌਰ ਤੇ ਸਿੱਖ ਇਤਿਹਾਸ ਤੇ ਸਿੰਘਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਲਈ ਪ੍ਰੇਰਿਤ ਕੀਤਾ।