- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਹਕੋਟ ਦੇ ਸਿਆਸੀ ਸੰਸਾਰ ‘ਚ ਹਲਚਲ ਤੇਜ਼

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਵਿਧਾਨ ਸਭਾ ਦੀਆਂ ਚੋਣਾਂ ਤੈਅ ਸਮੇਂ ਤੋਂ ਪਹਿਲਾਂ ਹੋਣ ਦੇ ਚਰਚਿਆਂ ਵਿਚਾਲੇ ਵਿਧਾਨ ਸਭਾ ਹਲਕਾ ਸ਼ਾਹਕੋਟ ’ਚ ਸਰਗਰਮ ਵੱਖ-ਵੱਖ ਸਿਆਸੀ ਆਗੂਆਂ ਨੇ ਸਿਆਸੀ ਪਰਵਾਜ਼ ਭਰਨ ਲਈ ‘ਪਰ ਤੋਲਣੇ’ ਸ਼ੁਰੂ ਕਰ ਦਿੱਤੇ ਹਨ। ਇਸ ਹਲਕੇ ਦਾ ਵਿਧਾਇਕ ਕਿਉਂਕਿ ਵਿਰੋਧੀ ਧਿਰ ਵੱਲੋਂ ਹੈ, ਇਸ ਲਈ ਸੱਤਾਧਾਰੀ ਧਿਰ ਵੱਲੋਂ ਕੋਸ਼ਿਸ਼ ਹੋ ਰਹੀ ਹੈ ਕਿ ‘ਆਪ’ ਦੇ ਹਲਕਾ ਇੰਚਾਰਜ ਦੀ ਸਿਆਸੀ ਦਿੱਖ ‘ਵਿਧਾਇਕ’ ਵਰਗੀ ਨਜ਼ਰ ਆਵੇ। ਇਸ ਦੌਰਾਨ ‘ਆਪ’ ਦੇ ਸਿਆਸੀ ਗਲਿਆਰਿਆਂ ’ਚ ਕਈ ਵਾਰ ਸਵਾਲ ਸਾਹਮਣੇ ਆਉਂਦਾ ਹੈ ਕਿ ਸ਼ਾਹਕੋਟ ਹਲਕੇ ਤੋਂ ‘ਆਪ’ ਦੇ ਕਿਹੜੇ ਆਗੂ ਦਾ ਟਿਕਟ ਲਈ ਗੁਣਾ ਪੈਂਦਾ ਹੈ। ਇਹ ਚਰਚਾ ਓਦੋਂ ਵੀ ਸਿਆਸੀ ਖੁੰਢਾਂ ‘ਤੇ ਸੁਣੀ ਗਈ ਸੀ ਜਦੋਂ ਬੀਬੀ ਰਣਜੀਤ ਕੌਰ ਕਾਕੜ ਕਲਾਂ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਸਨ। ਬੀਬੀ ਰਣਜੀਤ ਕੌਰ ਕਾਕੜ ਕਲਾਂ ਇੱਥੋਂ ਆਪ ਦੇ ਹਲਕਾ ਇੰਚਾਰਜ ਰਹੇ ਰਤਨ ਸਿੰਘ ਕਾਕੜ ਕਲਾਂ ਦੀ ਵਿਧਵਾ ਹਨ। ਰਤਨ ਸਿੰਘ ਦੀ ਇੱਕ ਭਲੇ ਆਗੂ ਵਜੋਂ ਪਛਾਣ ਬਣੀ ਹੋਈ ਸੀ ਪਰ ਉਹ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। ਬੀਬੀ ਰਣਜੀਤ ਕੌਰ ਪੜ੍ਹੇ ਲਿਖੇ ਹਨ ਤੇ ਗੁਫਤਾਰ ਦੇ ਵੀ ਗਾਜ਼ੀ ਹਨ। ਇਹ ਚਰਚਾ ਉਸ ਵੇਲੇ ਫਿਰ ਉੱਭਰੀ ਜਦੋਂ ਹਲਕੇ ਦੇ ਇੱਕ ਵੱਡੇ ਕਬੱਡੀ ਦੇ ਸਟਾਰ ਪਾਲਾ ਜਲਾਲਪੁਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ’ਚ ਆਪ ਵਿੱਚ ਸ਼ਾਮਲ ਹੋਏ। ਕਈ ਲੋਕਾਂ ਦਾ ਵਿਚਾਰ ਸੀ ਕਿ ਉਹ ਟਿਕਟ ਦਾ ਇਕਰਾਰ ਕਰਕੇ ਹੀ ਆਪ ਦਾ ਹਿੱਸਾ ਬਣੇ ਹਨ। ਇਨ੍ਹਾਂ ਚਰਚਾਵਾਂ ਦੇ ਬਾਵਜੂਦ ਆਪ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਇਨ੍ਹੀਂ ਦਿਨੀਂ ਸਿਆਸੀ ਸਰਗਰਮੀ ਹੋਰ ਤੇਜ਼ ਕਰ ਦਿੱਤੀ ਹੈ। ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ, ਉਸ ਦੀ ਟਿਕਟ ਦੇ ਦਾਅਵੇਦਾਰ ਇਕਲੌਤੇ ਆਗੂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਨ। ਉਨ੍ਹਾਂ ਨੇ ਜਿੱਤਣ ਵਾਲੇ ਦਿਨ ਤੋਂ ਲੈ ਕੇ ਅੱਜ ਤੱਕ ਸਿਆਸੀ ਸਰਗਰਮੀ ਵਿੱਚ ਲਗਾਤਾਰਤਾ ਕਾਇਮ ਰੱਖੀ ਹੋਈ ਹੈ। ਭਾਜਪਾ ਵੱਲੋਂ ਵਿਧਾਨ ਸਭਾ ਹਲਕੇ ਲਈ ਤਿੰਨ ਵਾਰ ਆਗੂਆਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਪਰ ਨਜ਼ਰ ਆਮ ਤੌਰ ‘ਤੇ ਰਾਣਾ ਹਰਦੀਪ ਸਿੰਘ ਹੀ ਆਉਂਦੇ ਹਨ। ਹਲਕੇ ਵਿੱਚ ਵਿਚਰਦੇ ਰਹੇ ਇੱਕ ਸੀਨੀਅਰ ਆਗੂ ਅੱਜ ਕੱਲ੍ਹ ਚੰਡੀਗੜ੍ਹ ਰਹਿ ਰਹੇ ਹਨ। ਅੱਜ ਕੱਲ੍ਹ ਉਨ੍ਹਾਂ ਨੇ ਤਿਰਛੀ ਨਜ਼ਰ ਸ਼ਾਹਕੋਟ ਦੀ ਸਿਆਸਤ ਦੇ ਬਦਲਦੇ ਸਮੀਕਰਨਾਂ ਵੱਲ ਟਿਕਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ’ਚ ਟਿਕਟਾਂ ਦੇ ਦਾਅਵੇਦਾਰਾਂ ਦਾ ‘ਘੜਮੱਸ’ ਨਹੀਂ ਹੈ। ਇਸ ਦੇ ਮੁੱਖ ਆਗੂ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਸਿਆਸੀ ਸਰਗਰਮੀ ਦੀ ਤੇਜ਼ੀ ਨੂੰ ਲੋਕ ਉਡੀਕ ਰਹੇ ਹਨ। ਉਂਜ ਇੱਥੋਂ ਦੇ ਅਕਾਲੀ ਵਰਕਰਾਂ ਦੀ ਸਿਆਸੀ ‘ਹਲਚਲ’ ਧਿਆਨ ਖਿੱਚ ਰਹੀ ਹੈ।