ਉਜਾੜ ਪਈ ਹੈ ਕਦੇ ਖਚਾਖਚ ਭਰੀ ਰਹਿਣ ਵਾਲੀ ਪੁਰਾਣੀ ਕਚਹਿਰੀ ਉਜਾੜ ਪਈ ਹੈ ਕਦੇ ਖਚਾਖਚ ਭਰੀ ਰਹਿਣ ਵਾਲੀ ਪੁਰਾਣੀ ਕਚਹਿਰੀ
Publish Date: Thu, 02 Jul 2026 11:07 PM (IST)
Updated Date: Thu, 02 Jul 2026 11:08 PM (IST)
-ਸ਼ਹਿਰ ਦੇ ਸਾਰੇ ਵੱਡੇ ਅਧਿਕਾਰੀਆਂ ਦੇ ਦਫ਼ਤਰ ਹੁੰਦੇ ਸਨ ਇਸੇ ਕਚਹਿਰੀ ਅੰਦਰ ਕਰੋੜਾਂ ਰੁਪਏ ਦੀ ਥਾਂ ਅੱਜ ਪਈ ਹੈ ਵੀਰਾਨ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਜਿੱਥੇ ਕਿਸੇ ਸਮੇਂ ਇਸ ਪੁਰਾਣੀ ਕਚਹਿਰੀ ’ਚ ਡੀਸੀ, ਐੱਸਐੱਸਪੀ, ਡੀਐੱਸਪੀ, ਡੀਟੀਓ, ਤਹਿਸੀਲਦਾਰਾਂ, ਅਸ਼ਟਾਮ ਫਰੋਸ਼ਾਂ, ਅਰਜ਼ੀ ਨਵੀਸਾਂ ਤੇ ਹੋਰ ਸਾਰੇ ਵੱਡੇ ਅਧਿਕਾਰੀਆਂ ਦੇ ਦਫ਼ਤਰ ਹੋਇਆ ਕਰਦੇ ਸਨ ਅੱਜ ਉਹੀ ਜੀਟੀ ਰੋਡ, ਪਲਾਜ਼ਾ ਚੌਕ ਨੇੜੇ ਸਥਿਤ ਪੁਰਾਣੀ ਕਚਹਿਰੀ ਜੋ ਕਿ ਪੁੱਡਾ ਦੀ ਕਰੋੜਾਂ ਰੁਪਏ ਦੀ ਥਾਂ ਹੈ ਪੂਰੀ ਤਰ੍ਹਾਂ ਵੀਰਾਨ ਪਈ ਹੈ ਤੇ ਥਾਂ-ਥਾਂ ’ਤੇ ਉੱਥੇ ਸਿਰਫ਼ ਕੂੜਾ ਪਿਆ ਤੇ ਜੰਗਲੀ ਬੂਟੀ ਉੱਗੀ ਹੋਈ ਵੇਖੀ ਜਾ ਸਕਦੀ ਹੈ। ਪੁੱਡਾ ਕੋਲ ਹੋਣ ਕਰਕੇ ਇਹ ਇਸ ਥਾਂ ’ਤੇ ਪਹਿਲਾਂ ਪੁੱਡਾ ਦੀ ਹੀ ਗਾਰਦ ਰਹਿਣ ਲੱਗ ਪਈ ਸੀ ਪਰ ਜਿਵੇਂ ਜਿਵੇਂ ਪਾਏ ਹੋਏ ਪੁਰਾਣੇ ਕਮਰੇ ਖ਼ਰਾਬ ਹੁੰਦੇ ਰਹੇ ਫਿਰ ਉਹ ਵੀ ਇੱਥੋਂ ਚਲੇ ਗਏ ਤੇ ਹੁਣ ਸਿਰਫ਼ ਜੰਗਲੀ ਬੂਟੀ,ਮਲਬੇ, ਕੂੜੇ ਤੋਂ ਇਲਾਵਾ ਕੁੱਝ ਨਹੀਂ ਰਿਹਾ ਤੇ ਆਲੇ-ਦੁਆਲੇ ਰਹਿਣ ਵਾਲੇ ਅਤੇ ਦੁਕਾਨਦਾਰਾਂ ਦੇ ਮੰਨ ’ਚ ਇਸ ਦੀਆਂ ਯਾਦਾਂ ਹੀ ਬਾਕੀ ਰਹਿ ਗਈਆਂ ਹਨ। ਆਲੇ-ਦੁਆਲੇ ਦੇ ਦੁਕਾਨਦਾਰ ਜੋ ਕਿ ਪਿਛਲੇ ਕਈ ਸਾਲਾਂ ਤੋਂ ਇੱਥੇ ਦੁਕਾਨਾਂ ਚਲਾ ਰਹੇ ਹਨ ਦਾ ਕਹਿਣਾ ਹੈ ਕਿ ਕਿਸੇ ਵੇਲੇ ਖਚਾਖਚ ਭਰੇ ਰਹਿਣ ਵਾਲੀ ਇਸ ਪੁਰਾਣੀ ਕਚਹਿਰੀ ਦੇ ਬਾਹਰ ਅੱਜ ਵੀ ਕੁੱਝ ਟਾਈਪਿਸਟ ਬੈਠ ਕੇ ਕੰਮ ਕਰਦੇ ਹਨ ਤੇ ਜਿਨ੍ਹਾਂ ਕਰਕੇ ਇਸ ਪੁਰਾਣੀ ਕਚਹਿਰੀ ਦੀ ਯਾਦ ਥੋੜ੍ਹੀ ਬਹੁਤੀ ਤਾਜ਼ਾ ਹੋ ਜਾਂਦੀ ਹੈ। ਇਨ੍ਹਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਟਾਈਪਿਸਟ ਪਿਛਲੇ 30-35 ਸਾਲਾਂ ਤੋਂ ਇਸੇ ਤਰ੍ਹਾਂ ਹੀ ਬੈਠ ਕੇ ਆਪਣਾ ਰੁਜ਼ਗਾਰ ਚਲਾ ਰਹੇ ਹਨ ਤੇ ਆਪਣੇ ਪਰਿਵਾਰ ਪਾਲ ਰਹੇ ਹਨ। ਅੱਜ ਤੋਂ 30-35 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਸੇ ਪੁਰਾਣੀ ਕਚਹਿਰੀ ’ਚ ਇੰਨੀ ਚਹਿਲ ਪਹਿਲ ਹੁੰਦੀ ਸੀ ਜਿੰਨ੍ਹੀ ਅੱਜ ਤਹਿਸੀਲ (ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ) ’ਚ ਹੁੰਦੀ ਹੈ। ਇੱਥੇ ਕੰਮ ਲਈ ਆਏ ਲੋਕਾਂ ਦੀ ਇਨ੍ਹੀਂ ਭੀੜ ਹੁੰਦੀ ਸੀ ਕਿ ਪੈਰ ਰੱਖਣ ਦੀ ਵੀ ਥਾਂ ਨਹੀਂ ਹੁੰਦੀ ਤੇ ਸਾਰਾ ਦਿਨ ਵੀ.ਆਈ.ਪੀ. ਗੱਡੀਆਂ ਦੀ ਆਵਾਜਾਈ ਲੱਗੀ ਰਹਿੰਦੀ ਸੀ। ਇਸ ਦਾ ਇੱਕ ਗੇਟ ਫਰੈਂਡ ਸਿਨੇਮਾ ਵਲ, ਇੱਕ ਗੇਟ ਜੀ.ਟੀ.ਰੋਡ ਅਤੇ ਇੱਕ ਗੇਟ ਭਗਵਾਨ ਵਾਲਮੀਕਿ ਚੌਕ ਜਿਸ ਨੂੰ ਪਹਿਲਾਂ ਜੋਤੀ ਚੌਕ ਕਹਿੰਦੇ ਸੀ, ਵਾਲੇ ਪਾਸੇ ਹੁੰਦਾ ਸੀ। ਇਸ ਤੋਂ ਇਲਾਵਾ ਇਸ ਪੁਰਾਣੀ ਕਚਹਿਰੀ ਦੇ ਗੇਟਾਂ ਵੱਲ ਕੰਟੀਨਾਂ ਵੀ ਹੁੰਦੀਆਂ ਜਿੱਥੇ ਕੰਮ ਲਈ ਆਉਣ ਵਾਲੇ ਲੋਕ ਬੈਠ ਕੇ ਚਾਹ ਪਾਣੀ ਪੀਂਦੇ ਸਨ ਤੇ ਅਧਿਕਾਰੀ ਦੀ ਚਾਅ ਵੀ ਇੱਥੋਂ ਹੀ ਜਾਂਦੀ ਸੀ। ਰਜਿਸਟਰੀਆਂ ਲਿਖਣੀਆਂ, ਅਸ਼ਟਾਮ ਲੈਣੇ, ਲਾਇਸੰਸ ਸਮੇਤ ਹੋਰ ਸਾਰੇ ਦਫ਼ਤਰੀ ਕੰਮ ਜੋ ਅੱਜ ਸੇਵਾ ਕੇਂਦਰਾਂ, ਸਬ-ਰਜਿਸਟਰਾਰ ਦਫ਼ਤਰਾਂ, ਤਹਿਸੀਲ ਕੰਪਲੈਕਸ ਅਤੇ ਕਮਿਸ਼ਨਰ ਦਫ਼ਤਰ ’ਚ ਹੁੰਦੇ ਹਨ ਇੱਥੇ ਇੱਕੋ ਕਚਹਿਰੀ ’ਚ ਹੁੰਦੇ ਸੀ ਇੱਥੋਂ ਤੱਕ ਕੀ ਅਦਾਲਤਾਂ ਵੀ ਲਗਦੀਆਂ ਸਨ। ਲੋਕਾਂ ਦਾ ਕਹਿਣਾ ਹੈ ਕਿ ਹੌਲੀ ਹੌਲੀ ਸਾਰੇ ਦਫ਼ਤਰ ਨਵੇਂ ਬਣੇ ਪ੍ਰਸ਼ਾਸਕੀ ਕੰਪਲੈਕਸ ਵੱਲ ਚਲੇ ਗਏ ਹਨ ਤੇ ਇਹ ਪੁਰਾਣੀਆਂ ਯਾਦਾਂ ਸਮੇਟ ਕੇ ਬੈਠੀ ਪੁਰਾਣੀ ਕਚਹਿਰੀ ਉਜਾੜ ਹੁੰਦੀ ਗਈ। ਅੱਜ ਇੱਕ ਪਾਸੇ ਕੂੜੇ ਦਾ ਡੰਪ ਬਣ ਚੁੱਕਾ ਹੈ ਤੇ ਇਕ ਪਾਸੇ ਰੈੱਡ ਕਰਾਸ ਮਾਰਕੀਟ ਬਣ ਚੁੱਕੀ ਹੈ। ਜੇ ਅੱਜ ਵੀ ਕੋਈ ਇਸ ਪਾਸੀਓ ਲੰਘਦਾ ਹੈ ਤੇ ਇਸ ਨੂੰ ਵੇਖ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਇਸ ਕਚਹਿਰੀ ਦੇ ਬਾਹਰ ਬੈਠ ਕੇ ਕੰਮਕਾਜ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਪੁੱਡਾ ਜਾਂ ਸਰਕਾਰ ਇਸ ਪਾਸੇ ਧਿਆਨ ਦੇਵੇ ਤਾਂ ਇਸ ਦੀ ਸਾਫ਼ ਸਫ਼ਾਈ ਜਾਂ ਨਵੀਂ ਉਸਾਰੀ ਕਰਕੇ ਇਕ ਵਾਰ ਫਿਰ ਇੱਥੇ ਦਫ਼ਤਰਾਂ ਲਈ ਥਾਂ ਜਾਂ ਫਿਰ ਵੱਡੀ ਮਾਰਕੀਟ ਬਣ ਸਕਦੀ ਹੈ, ਜਿਸ ਤੋਂ ਪੁੱਡਾ ਨੂੰ ਕਾਫ਼ੀ ਕਮਾਈ ਵੀ ਹੋ ਸਕਦੀ ਹੈ ਤੇ ਦੁਬਾਰਾ ਪਹਿਲਾਂ ਦੀ ਤਰ੍ਹਾਂ ਹੀ ਚਹਿਲ ਪਹਿਲ ਵੀ ਵਾਪਸ ਆ ਸਕਦੀ ਹੈ।