30 ਨੂੰ ਸ਼ੁਰੂ ਹੋਵੇਗਾ ਸਾਉਣ ਦਾ ਮਹੀਨਾ, ਇਸ ਵਾਰ ਹੋਣਗੇ ਚਾਰ ਸੋਮਵਾਰ 30 ਜੂਲਾਈ ਨੂੰ ਸ਼ੁਰੂ ਹੋਵੇਗਾ ਸਾਉਣ ਦਾ ਮਹੀਨਾ
Publish Date: Tue, 07 Jul 2026 08:33 PM (IST)
Updated Date: Tue, 07 Jul 2026 08:36 PM (IST)
ਮੰਦਰਾਂ ’ਚ ਹੋਵੇਗੀ ਭਗਵਾਨ ਸ਼ਿਵ ਦੀ ਪੂਜਾ, ਸ਼ਰਧਾਲੂ ਰੱਖਣਗੇ ਵਰਤ ਸ਼ੈਲੀ, ਪੰਜਾਬੀ ਜਾਗਰਣ, ਜਲੰਧਰ ਇਸ ਸਾਲ ਸਾਉਣ ਮਹੀਨਾ 30 ਜੁਲਾਈ ਤੋ ਸ਼ੁਰੂ ਹੋ ਰਿਹਾ ਹੈ। ਇਹ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੁੰਦਾ ਹੈ। ਇਸ ਵਾਰ ਇਹ ਮਹੀਨਾ 30 ਜੁਲਾਈ ਤੋਂ 28 ਅਗਸਤ ਤਕ ਚਲੇਗਾ। ਇਸ ਮਹੀਨੇ ਵਿਚ ਸ਼ਿਵ ਭਗਤ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ ਤੇ ਵਰਤ ਰੱਖਦੇ ਹਨ। ਜਾਣਕਾਰੀ ਅਨੁਸਾਰ ਇਸ ਵਾਰ ਇਸ ਮਹੀਨੇ ਵਿਚ ਚਾਰ ਸੋਮਵਾਰ ਆ ਰਹੇ ਹਨ। ਇਸ ਦੌਰਾਨ ਸ਼ਹਿਰ ਦੇ ਭਗਵਾਨ ਸ਼ਿਵ ਮੰਦਰਾਂ ’ਚ ਭਗਵਾਨ ਸ਼ਿਵ ਦੀ ਪੂਜਾ ਹੁੰਦੀ ਹੈ ਤੇ ਸ਼ਰਧਾਲੂ ਦੁੱਧ, ਕੱਚੀ ਲੱਸੀ ਤੇ ਜਲ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕਰਦੇ ਹਨ। ਇਸ ਦੌਰਾਨ ਚਾਰ ਸੋਮਵਾਰ ਤੇ ਚਾਰ ਮੰਗਲਾਗੌਰੀ ਵਰਤ ਹੋਣ ਨਾਲ ਇਸ ਮਹੀਨੇ ਲਈ ਇੱਕ ਸ਼ੁਭ ਸੰਯੋਗ ਮੰਨਿਆ ਜਾ ਰਿਹਾ ਹੈ। ਸ਼ਿਵ ਸ਼ਕਤੀ ਮਾਂ ਬਗਲਾਮੁਖੀ ਧਾਮ ਦੇ ਪੰਡਿਤ ਵਿਜੇ ਸ਼ਾਸਤਰੀ ਅਨੁਸਾਰ ਸਾਉਣ ਮਹੀਨੇ ਦੌਰਾਨ ਨਕਸ਼ਤਰਾਂ ਦਾ ਸ਼ੁਭ ਸੁਮੇਲ ਅਤੇ ਗ੍ਰਹਿਆਂ ਦਾ ਵਿਸ਼ੇਸ਼ ਸਮਰਥਨ ਆਮ ਨਾਲੋਂ ਕਿਤੇ ਜ਼ਿਆਦਾ ਸ਼ੁਭ ਨਤੀਜੇ ਲਿਆਵੇਗਾ। ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਅਨੁਸਾਰ, ਭਗਵਾਨ ਸ਼ਿਵ ਨੇ ਇਸ ਮਹੀਨੇ ਦੌਰਾਨ ਦੇਵੀ ਪਾਰਵਤੀ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕੀਤਾ ਸੀ। ਦੇਵੀ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਵਜੋਂ ਪ੍ਰਾਪਤ ਕਰਨ ਲਈ ਸਾਲਾਂ ਦੀ ਤਪੱਸਿਆ ਕੀਤੀ, ਜਿਸ ਤੋਂ ਬਾਅਦ ਇਸ ਮਹੀਨੇ ਦੌਰਾਨ ਉਨ੍ਹਾਂ ਦੀ ਇੱਛਾ ਪੂਰੀ ਹੋਈ। ਇਸੇ ਕਰਕੇ ਸਾਉਣ ਦੇ ਮਹੀਨੇ ਨੂੰ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦੇ ਪਵਿੱਤਰ ਮਿਲਾਪ ਅਤੇ ਭਗਤੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਸ ਮਹੀਨੇ ਦੇ ਸੋਮਵਾਰ ਨੂੰ ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ ਤੇ ਅਣਵਿਆਹੀਆਂ ਔਰਤਾਂ ਆਪਣੇ ਮਨਚਾਹੇ ਪਤੀਆਂ ਦੀ ਪ੍ਰਾਪਤੀ ਲਈ ਵਰਤ ਰੱਖਦੀਆਂ ਹਨ। --- ਧਾਰਮਿਕ, ਸੱਭਿਆਚਾਰਕ ਤੇ ਅਧਿਆਤਮਿਕ ਮਹੱਤਵ ਰੱਖਦਾ ਹੈ ਸਾਉਣ ਮਹੀਨਾ ਸ਼੍ਰੀ ਮੇਲਾ ਰਾਮ ਮੰਦਰ, ਮੁਹੱਲਾ ਖੋਡੀਆਂ ਦੇ ਮੁੱਖ ਪੁਜਾਰੀ ਪੰਡਿਤ ਭੋਲਾ ਨਾਥ ਤ੍ਰਿਵੇਦੀ ਦੱਸਦੇ ਹਨ ਕਿ ਸਾਉਣ ਦਾ ਮਹੀਨਾ 3 ਜੁਲਾਈ ਤੋਂ 28 ਅਗਸਤ ਤਕ ਹੈ। ਭਾਰਤੀ ਸੱਭਿਆਚਾਰ ਵਿਚ ਸਾਉਣ ਨਾ ਸਿਰਫ਼ ਇੱਕ ਧਾਰਮਿਕ ਮਹੀਨਾ ਹੈ, ਸਗੋਂ ਸਮਾਜਿਕ, ਸੱਭਿਆਚਾਰਕ ਅਤੇ ਅਧਿਆਤਮਿਕ ਚੇਤਨਾ ਦਾ ਸਮਾਗਮ ਵੀ ਹੈ। ਇਸ ਵਾਰ ਸਾਉਣ ਮਹੀਨੇ ਵਿੱਚ ਚਾਰ ਸੋਮਵਾਰ ਆ ਰਹੇ ਹਨ। ਪਹਿਲਾ ਸੋਮਵਾਰ 3 ਅਗਸਤ, ਦੂਜਾ ਸੋਮਵਾਰ 10 ਅਗਸਤ, ਤੀਜਾ ਸੋਮਵਾਰ 17 ਅਗਸਤ ਅਤੇ ਆਖਰੀ ਸੋਮਵਾਰ 24 ਅਗਸਤ ਨੂੰ ਹੋਵੇਗਾ।