- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੱਲ੍ਹੀਆਂ ਕਲਾਂ ਤੋਂ ਤਲਵੰਡੀ ਭਰੋ ਲਿੰਕ ਸੜਕ 18 ਫੁੱਟ ਬਣ ਕੇ ਹੋਵੇਗੀ ਤਿਆਰ -ਵਿਧਾਇਕਾ ਮਾਨ

-ਕੰਗ ਸਾਹਿਬ ਰਾਏ ’ਚ ਲੋਕ ਮਿਲਣੀ ਲਈ ਪੁੱਜੇ ਵਿਧਾਇਕਾ ਮਾਨ ਨੇ ਕਿਹਾ, ਰਾਜ ਨਹੀਂ ਸੇਵਾ
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਕੰਗ ਸਾਹਿਬ ਰਾਏ ਵਿਖੇ ਸੂਬੇ ਦੀ ਆਪ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਲੋਕ ਮਿਲਣੀ ਤਹਿਤ ਹਲਕੇ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਆਮ ਲੋਕਾਂ ਦੇ ਰੂਬਰੂ ਹੋਏ। ਲੋਕ ਮਿਲਣੀ ਦੌਰਾਨ ਨਗਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਨਗਰ ਵਾਸੀਆਂ ਦੀ ਚਰੋਕਣੀ ਮੰਗ ਨੂੰ ਸਵੀਕਾਰ ਕਰਦਿਆਂ ਮੱਲ੍ਹੀਆਂ ਕਲਾਂ ਤੋਂ ਤਲਵੰਡੀ ਭਰੋ ਵਾਇਆ ਕੰਗ ਸਾਹਿਬ ਰਾਏ ਕਰੀਬ ਪੌਣੇ ਚਾਰ ਕਿੱਲੋਮੀਟਰ ਦੀ 10 ਫੁੱਟੀ ਸੜਕ ਨੂੰ 18 ਫੁੱਟੀ ਸੜਕ ਬਣਾਉਣ ਦਾ ਐਲਾਨ ਕੀਤਾ, ਜਿਸ ਨੂੰ ਜਲਦੀ ਹੀ ਬਣਾਇਆ ਜਾਵੇਗਾ। ਇਸ ਸੜਕ ਉੱਪਰ ਚਾਰ ਕਰੋੜ 76 ਲੱਖ ਰੁਪਏ ਦਾ ਖਰਚਾ ਆਵੇਗਾ। ਨਗਰ ਵਾਸੀਆਂ ਨੇ ਇਸ ਮੰਗ ਦਾ ਤਾੜੀਆਂ ਦੀ ਗਰਗੜਾਹਟ ’ਚ ਸਵਾਗਤ ਕੀਤਾ। ਇਸ ਤੋਂ ਇਲਾਵਾ ਵਿਧਾਇਕਾਂ ਮਾਨ ਨੇ ਪਿੰਡ ਦੀ ਪੰਚਾਇਤ ਕੋਲ ਪਏ ਕਰੀਬ 40 ਲੱਖ ਰੁਪਏ ਨੂੰ ਨਗਰ ਵਿੱਚ ਕਿਸੇ ਵੀ ਕੰਮ ਤੇ ਵਰਤਣ ਲਈ ਨਗਰ ਪੰਚਾਇਤ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਨਾਲ ਪਿੰਡ ਦੇ ਰੁਕੇ ਹੋਏ ਵਿਕਾਸ ਕਾਰਜ ਪੂਰੇ ਹੋਣਗੇ। ਪਿੰਡ ਵਿੱਚ ਆਂਗਨਵਾੜੀ ਵਰਕਰਾਂ ਜਸਪ੍ਰੀਤ ਕੌਰ ਤੇ ਦਵਿੰਦਰ ਕੌਰ ਵੱਲੋਂ ਆਂਗਨਵਾੜੀ ਸੈਂਟਰਾ ਲਈ ਦੋ ਕਮਰੇ ਬਣਾਉਣ ਤੇ ਆਂਗਨਵਾੜੀ ਸੈਂਟਰ ਵਿੱਚ ਇਨਵਰਟਰ ਤੇ ਇੰਟਰਨੈੱਟ ਲਵਾਉਣ ਦੀ ਮੰਗ ਵਿਧਾਇਕਾ ਨੂੰ ਕੀਤੀ। ਇਸ ’ਤੇ ਵਿਧਾਇਕਾਂ ਨੇ ਇਸ ਨੂੰ ਸਵੀਕਾਰਦਿਆਂ ਤੁਰੰਤ ਬੀਡੀਪੀਓ ਤੇ ਨਗਰ ਪੰਚਾਇਤ ਨੂੰ ਇਸ ਨੂੰ ਪੂਰਾ ਕਰਨ ਲਈ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਪਿੰਡ ਦੇ ਖੇਡ ਸਟੇਡੀਅਮ ਲਈ ਨੌਜਵਾਨਾਂ ਦੀ ਮੰਗ ਨੂੰ ਪੂਰਾ ਕਰਨ ਦਾ ਵੀ ਵਾਅਦਾ ਕੀਤਾ। ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦਾ ਮਕਸਦ ਰਾਜ ਕਰਨਾ ਨਹੀਂ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਨੇ ਇੱਕ ਹੋਰ ਐਲਾਨ ਇਹ ਵੀ ਕੀਤਾ ਕਿ ਤਲਵੰਡੀ ਸਲੇਮ, ਕੋਟਲਾ ਸੂਦਾ ਤੋਂ ਪਿੰਡ ਕੰਗ ਸਾਹਿਬ ਰਾਏ ਦੇ ਇਕ ਕਿਲੋਮੀਟਰ ਦੇ ਕੱਚੇ ਰਸਤੇ ’ਤੇ ਵੀ ਸੜਕ ਬਣਾਈ ਜਾਵੇਗੀ। ਇਸ ਮੌਕੇ ਆਪ ਆਗੂ ਹਰਜਿੰਦਰ ਸਿੰਘ ਤੇ ਨੌਜਵਾਨਾਂ ਵੱਲੋਂ ਪਿੰਡਾਂ ਵਿੱਚ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰਨ ਵਾਲੀਆਂ ਸਖੀਆਂ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਪੰਚਾਇਤ ਵੱਲੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੂੰ ‘ਜੀ ਆਇਆਂ’ ਆਖਦਿਆਂ ਧੰਨਵਾਦ ਕੀਤਾ ਗਿਆ। ਇਸ ਮੌਕੇ ਬੀਡੀਪੀਓ ਅਭੇ ਚੰਦਰ, ਐੱਸਐੱਚ ਓ ਪਲਵਿੰਦਰ ਸਿੰਘ, ਚੇਅਰਮੈਨ ਚਰਨਜੀਤ ਸਿੰਘ, ਪਾਵਰਕਾਮ ਦੇ ਜੇ ਈ ਰਾਜੀਵ ਪ੍ਰਭਾਕਰ, ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਮੋਨਿਕਾ, ਸੰਮਤੀ ਮੈਂਬਰ ਸੋਨੀ ਗਿੱਲ, ਸਰਪੰਚ ਕਮਲੇਸ਼, ਸਾਬਕਾ ਸਰਪੰਚ ਦਲਵੀਰ ਸਿੰਘ ਕੰਗ, ਚਰਨ ਸਿੰਘ ਕੰਗ ,ਅਵਤਾਰ ਕੰਗ, ਠੇਕੇਦਾਰ ਕੁਲਦੀਪ ਸਿੰਘ, ਨੰਬਰਦਾਰ ਬਿਕਰਮ ਸਿੰਘ, ਆਪ ਆਗੂ ਹਰਜਿੰਦਰ ਸਿੰਘ ,ਸ਼ੀਤਲ ਸਿੰਘ , ਪਰਮਜੀਤ ਸਿੰਘ, ਸੁਰਜੀਤ ਸਿੰਘ, ਬਲਵੀਰ ਸਿੰਘ, ਲੈਂਬਰ ਸਿੰਘ, ਆਸ਼ੂ ਕਾਲੜਾ, ਸਤਪਾਲ ਪਾਲੀ ਤੇ ਨਛੱਤਰ ਸਿੰਘ ਆਦਿ ਹਾਜ਼ਰ ਸਨ।