- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਕਹਾਣੀਕਾਰ ‘ਪ੍ਰੇਮ ਪ੍ਰਕਾਸ਼ ਸਿਮਰਤੀ ਸਮਾਗਮ’

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ :
ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਜਲੰਧਰ ਵੱਲੋਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸੈਮੀਨਾਰ ਹਾਲ ਵਿਖੇ ਕਹਾਣੀਕਾਰ ‘ਪ੍ਰੇਮ ਪ੍ਰਕਾਸ਼ ਸਿਮਰਤੀ ਸਮਾਗਮ’ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਦੀ ਕਹਾਣੀ ਕਲਾ ਤੇ ਸ਼ਖ਼ਸੀਅਤ ਬਾਰੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੌਰਾਨ ਡਾ. ਗੁਰਇਕਬਾਲ ਸਿੰਘ ਮੁੱਖ ਬੁਲਾਰੇ ਵਜੋਂ ਚਰਚਾ ਦੀ ਸ਼ੁਰੂਆਤ ਕੀਤੀ। ਡਾ. ਲਖਵਿੰਦਰ ਜੌਹਲ, ਭਗਵੰਤ ਰਸੂਲਪੁਰੀ ਤੇ ਅਜਮੇਰ ਸਿੱਧੂ ਨੇ ਵਿਚਾਰ ਚਰਚਾ ਨੂੰ ਅੱਗੇ ਵਧਾਇਆ ਅਤੇ ਵਿਸ਼ੇਸ਼ ਮਹਿਮਾਨ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਚਰਚਾ ਨੂੰ ਸਿਖ਼ਰ ’ਤੇ ਪਹੁੰਚਾਇਆ।
ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਜਲੰਧਰ ਪੰਜਾਬੀ ਕਹਾਣੀ ਦਾ ਗੜ੍ਹ ਰਿਹਾ ਹੈ। ਜਿੱਥੇ ਬਹੁਤ ਸਾਰੇ ਨਾਮਵਰ ਕਹਾਣੀਕਾਰ ਹੋਏ ਹਨ ਤੇ ਇਨ੍ਹਾਂ ਵਿੱਚ ਸ਼ਾਮਲ ਉੱਘੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਜੀ ਨੂੰ ਜਲੰਧਰ ਆ ਕੇ ਯਾਦ ਕਰਨਾ ਬਿਹਤਰ ਸਮਝਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਭਾਸ਼ਾ ਵਿਭਾਗ ਵੱਲੋਂ ਜਲੰਧਰ ਦੇ ਹੋਰਨਾਂ ਅਦੀਬਾਂ ਨੂੰ ਵੀ ਇਸੇ ਤਰ੍ਹਾਂ ਯਾਦ ਕੀਤਾ ਜਾਵੇਗਾ। ਜ਼ਫ਼ਰ ਨੇ ਕਿਹਾ ਕਿ ਪ੍ਰੇਮ ਪ੍ਰਕਾਸ਼ ਵਿਸ਼ੇਸ਼ ਹੁਨਰ ਅਤੇ ਹੌਸਲੇ ਵਾਲਾ ਕਹਾਣੀਕਾਰ ਸਨ। ਉਨ੍ਹਾਂ ਨੇ ਲੀਕ ਤੋਂ ਹਟ ਕੇ ਕੁਝ ਅਜਿਹੀਆਂ ਕਹਾਣੀਆਂ ਰਚੀਆਂ। ਜ਼ਿਲ੍ਹਾ ਭਾਸ਼ਾ ਅਫ਼ਸਰ ਜਲੰਧਰ ਡਾ. ਅਜੀਤਪਾਲ ਸਿੰਘ ਜਟਾਣਾ ਨੇ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ। ਸਮਾਗਮ ਦੇ ਮੁੱਖ ਬੁਲਾਰੇ ਡਾ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪ੍ਰੇਮ ਪ੍ਰਕਾਸ਼ ਨੇ ਆਪਣੀਆਂ ਕਹਾਣੀਆਂ ਰਾਹੀਂ ਸਮਾਜਿਕ ਸੱਚ ਨੂੰ ਬਿਆਨ ਕੀਤਾ। ਕਹਾਣੀਕਾਰ ਭਗਵੰਤ ਰੂਸਲਪੁਰੀ ਨੇ ਆਪਣੀਆਂ ਪ੍ਰੇਮ ਪ੍ਰਕਾਸ਼ ਨਾਲ ਜੁੜੀਆਂ ਯਾਦਾਂ ਬਾਰੇ ਬੋਲਦਿਆਂ ਕਿਹਾ ਕਿ ਸਾਡੀ ਪੀੜ੍ਹੀ ਦੇ ਕਈ ਕਹਾਣੀਕਾਰਾਂ ਨੂੰ ਪ੍ਰੇਮ ਪ੍ਰਕਾਸ਼ ਨੇ ਚੰਗਾ ਸਾਹਿਤ ਪੜ੍ਹਨ ਤੇ ਲਿਖਣ ਲਈ ਬਹੁਤ ਉਤਸ਼ਾਹਿਤ ਕੀਤਾ। ਪ੍ਰੇਮ ਪ੍ਰਕਾਸ਼ ਸਮਕਾਲੀ ਲੇਖਕਾਂ ਨੂੰ ਬਹੁਤ ਪੜ੍ਹਦੇ ਸਨ ਤੇ ਲੇਖਕਾਂ ਨੂੰ ਚਿੱਠੀਆਂ ਰਾਹੀਂ ਟਿੱਪਣੀਆਂ ਵੀ ਭੇਜਦੇ ਸਨ, ਜੋ ਉਨ੍ਹਾਂ ਦਾ ਬਹੁਤ ਵੱਡਾ ਗੁਣ ਸੀ।
ਅਜਮੇਰ ਸਿੱਧੂ ਨੇ ਕਿਹਾ ਕਿ ਪ੍ਰੇਮ ਪ੍ਰਕਾਸ਼ ਹੁਰਾਂ ਨੇ ਸਾਨੂੰ ਕਹਾਣੀਆਂ ਲਿਖਣ ਦੀਆਂ ਨਵੀਆਂ-ਨਵੀਆਂ ਤਕਨੀਕਾਂ ਦੱਸੀਆਂ। ਉਨ੍ਹਾਂ ਨਵੇਂ ਕਹਾਣੀਕਾਰਾਂ ਨੂੰ ਵੀ ਕਹਾਣੀ ਕਲਾ ਦੇ ਗੁਰ ਦੱਸਣ ਤੋਂ ਕਦੇ ਗੁਰੇਜ਼ ਨਹੀਂ ਕੀਤਾ। ਡਾ. ਲਖਵਿੰਦਰ ਜੌਹਲ ਨੇ ਆਪਣੇ ਭਾਵਪੂਰਤ ਭਾਸ਼ਣ ਰਾਹੀਂ ਦੱਸਿਆ ਕਿ ਪ੍ਰੇਮ ਪ੍ਰਕਾਸ਼ ਇੱਕ ਬਹੁਪਰਤੀ ਇਨਸਾਨ ਤੇ ਰਚਨਾਕਾਰ ਸਨ। ਉਨ੍ਹਾਂ ਨੂੰ ਜਦੋਂ ਵੀ ਮਿਲਦੇ ਸਾਂ ਤਾਂ ਇੱਕ ਨਵੀਂ ਪਰਤ ਦੇਖਣ ਨੂੰ ਮਿਲਦੀ ਸੀ। ਡਾ. ਜੌਹਲ ਨੇ ਕਿਹਾ ਕਿ ਉਹ ਪੰਜਾਬੀ ਸਾਹਿਤ ਸੰਵਾਦ ਦਾ ਹੱਸਮੁੱਖ ਚਿਹਰਾ ਸਨ। ਉਨ੍ਹਾਂ ਦੀਆਂ ਕਹਾਣੀਆਂ ਨੇ ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਸਮਝਿਆ ਅਤੇ ਬਿਆਨਿਆ। ਵਿਸ਼ੇਸ਼ ਮਹਿਮਾਨ ਡਾ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਪ੍ਰੇਮ ਪ੍ਰਕਾਸ਼ ਪੰਜਾਬੀ ਸਾਹਿਤ ਦੇ ਸੁਲੱਖਣੇ ਲੋਕਾਂ ’ਚ ਸ਼ਾਮਲ ਸਨ । ਭਾਸ਼ਾ ਵਿਭਾਗ ਪੰਜਾਬ ਵੱਲੋਂ ਕਿਸੇ ਵੱਡੇ ਸਾਹਿਤਕਾਰ ਨੂੰ ਉਸ ਦੇ ਸ਼ਹਿਰ ’ਚ ਆ ਕੇ ਯਾਦ ਕਰਨਾ ਬਹੁਤ ਸ਼ਲਾਘਾਯੋਗ ਕਾਰਜ ਹੈ। ਸਮਾਗਮ ਦੀ ਸਹਿਯੋਗੀ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਾਰੇ ਬੁਲਾਰਿਆਂ ਨੂੰ ਸੁਣ ਕੇ ਇਸ ਤਰ੍ਹਾਂ ਲੱਗਿਆ ਜਿਵੇਂ ਪ੍ਰੇਮ ਪ੍ਰਕਾਸ਼ ਜੀ ਦੇ ਜੀਵਨ ਦੀ ਫਿਲਮ ਅੱਖਾਂ ਸਾਹਮਣੇ ਚੱਲ ਰਹੀ ਹੋਵੇ।
ਅਖੀਰ 'ਚ ਕਾਲਜ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਸਭ ਦਾ ਧੰਨਵਾਦ ਕੀਤਾ। ਭਾਸ਼ਾ ਵਿਭਾਗ ਵੱਲੋਂ ਵਿਦਵਾਨਾਂ ਦਾ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਸੰਦੀਪ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰੋ. ਰਵਿੰਦਰ ਭੱਠਲ ਰਜਿੰਦਰ ਬਿਮਲ, ਜ਼ਿਲ੍ਹਾ ਭਾਸ਼ਾ ਖੋਜ ਅਫ਼ਸਰ ਨਵਨੀਤ ਕੌਰ ਰਾਏ, ਅੰਕੁਸ਼ ਕੁਮਾਰ, ਕਾਲਜ ਦੇ ਅਧਿਆਪਕ ਤੇ ਵਿਦਿਆਰਥੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।