- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਕੋਦਰ ਦੇ ਆਰੀਆ ਸਕੂਲ ਦੀ ਗਰਾਉਂਡ ਦਾ ਮੁੱਦਾ ਭੱਖਿਆ, ਪ੍ਰਸ਼ਾਸਨ ਤੇ ਸਰਕਾਰ ਲਈ ਬਣਿਆ ਗਲੇ ਦੀ ਹੱਡੀ

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ ਸ਼ਹਿਰ ਦੀ ਇਕੱਲੀ ਖੇਡ ਤੇ ਸੈਰਗਾਹ ਗਰਾਊਂਡ ਮੰਨੀ ਜਾਣ ਵਾਲੀ ਏਐੱਸ ਹਾਇਰ ਸੈਕੰਡਰੀ ਸਕੂਲ (ਆਰੀਆ ਸਕੂਲ) ਦੀ ਗਰਾਊਂਡ ’ਚ ਕਥਿਤ ਨਾਜਾਇਜ਼ ਉਸਾਰੀ ਦੇ ਸ਼ੁਰੂ ਹੋਣ ਨਾਲ ਸ਼ਹਿਰ ’ਚ ਤਣਾਅ ਦਾ ਮਾਹੌਲ ਬਣ ਗਿਆ ਹੈ। ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਇਸ ਕਾਰਵਾਈ ਨੂੰ ਰੋਕਣ ਲਈ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਜਦਕਿ ਸਥਾਨਕ ਲੋਕਾਂ ਨੇ ਵੀ ਗਰਾਊਂਡ ਨੂੰ ਬਚਾਉਣ ਦੀ ਮੰਗ ਕਰਦਿਆਂ ਤੁਰੰਤ ਕਾਰਵਾਈ ਦੀ ਅਪੀਲ ਕੀਤੀ ਹੈ। ਇਸ ਮਾਮਲੇ ਨੇ ਸ਼ਹਿਰ ਵਾਸੀਆਂ ’ਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ ਤੇ ਪ੍ਰਸ਼ਾਸਨ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਮੈਨੇਜਮੈਂਟ ਕਮੇਟੀ ਦੇ ਮੈਂਬਰ ਪਿ੍ਰੰਸੀਪਲ ਡਾ. ਸਲੀਲ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਹਾਇਰ ਸੈਕੰਡਰੀ ਸਕੂਲ ਨਕੋਦਰ 1912 ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ। ਉਪਰੋਕਤ ਸਕੂਲ ਦੀ ਗਰਾਉਂਡ ਬਹੁਤ ਪੁਰਾਣੀ ਹੈ। ਇਸ ਗਰਾਉਂਡ ਦਾ ਪ੍ਰਬੰਧਨ ਅਤੇ ਦੇਖ-ਰੇਖ ਸਕੂਲ ਦੀ ਮੈਨੇਜਮੈਂਟ ਕਮੇਟੀ ਕਰਦੀ ਹੈ। ਇਸ ਗਰਾਉਂਡ ਵਿੱਚ ਸਵੇਰੇ ਸ਼ਾਮ ਭਾਰੀ ਗਿਣਤੀ ’ਚ ਨੌਜਵਾਨ, ਬੱਚੇ, ਬਜ਼ੁਰਗ, ਔਰਤਾਂ ਸੈਰ ਕਰਨ ਆਉਂਦੇ ਹਨ ਤੇ ਇਸ ਗਰਾਊਂਡ ’ਚ ਨੌਜਵਾਨ ਵਰਗ ਖੇਡਣ ਵੀ ਆਉਂਦਾ ਹੈ ਪਰ ਹੁਣ ਇਸ ਗਰਾਊਂਡ ਤੇ ਭੈੜੇ ਅਨਸਰਾਂ ਦੀ ਨਜ਼ਰ ਪੈ ਗਈ ਹੈ ਤੇ ਇਸ ਗਰਾਉਂਡ ’ਚ ਨਾਜਾਇਜ਼ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਮਾਲ ਵਿਭਾਗ ਦੇ ਰਿਕਾਰਡ ’ਚ ਖਾਨਾ ਨੰਬਰ 4 ਵਿੱਚ ਸਕੂਲ ਦੇ ਨਾਮ ’ਤੇ ਇੰਦਰਾਜ ਹੋਇਆ ਹੈ। ਉਪਰੋਕਤ ਸ਼ਰਾਰਤੀ ਅਨਸਰਾਂ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਹਿਮਤੀ ਨਹੀਂ ਲਈ ਗਈ। ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਉਸਾਰੀ ਨੂੰ ਰੋਕਣ ਸਬੰਧੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਐੱਸਡੀਐੱਮ ਨਕੋਦਰ, ਈ.ਓ. ਨਗਰ ਕੌਂਸਲ ਨਕੋਦਰ, ਡਿਪਟੀ ਕਮਿਸ਼ਨਰ ਜਲੰਧਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਬੇਨਤੀ ਪੱਤਰ ਭੇਜੇ ਗਏ ਹਨ। ਸ਼ਹਿਰ ਵਾਸੀਆਂ ਨੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ, ਐੱਸ.ਡੀ.ਐੱਮ. ਨਕੋਦਰ, ਈ.ਓ. ਨਕੋਦਰ ਨੂੰ ਪੁਰਜ਼ੋਰ ਮੰਗ ਹੈ ਕਿ ਕੀਤੀ ਜਾ ਰਹੀ ਨਾਜਾਇਜ਼ ਉਸਾਰੀ ਨੂੰ ਤੁਰੰਤ ਰੋਕਿਆ ਜਾਵੇ।
ਜਦੋਂ ਇਸ ਸਬੰਧੀ ਈਓ ਰਣਧੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਆਰੀਆ ਸਕੂਲ ਦੀ ਗਰਾਉਂਡ ’ਚ ਜੋ ਉਸਾਰੀ ਹੋ ਰਹੀ ਹੈ, ਉਹ ਸਰਕਾਰੀ ਨਹੀਂ ਹੈ ਤੇ ਨਾ ਹੀ ਉਸ ਉਸਾਰੀ ਸਬੰਧੀ ਨਗਰ ਕੌਂਸਲ ਵੱਲੋਂ ਕੋਈ ਨਕਸ਼ਾ ਪਾਸ ਕੀਤਾ ਗਿਆ ਹੈ।