- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬਸਤੀ ਸ਼ੇਖ ’ਚ ਸੰਗਤਾਂ ਦੀਆਂ ਹੁੰਦੀਆਂ ਨੇ ਆਸਾਂ ਪੂਰੀਆਂ

--ਗੁਰੂ ਜੀ ਦੀਆਂ ਖੜਾਵਾਂ ਤੇ ਛੋਟਾ ਗੁਟਕਾ ਹੁੰਦਾ ਸੀ ਮੌਜੂਦ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਨਾਲ ਨਤਮਸਤਕ ਹੁੰਦੀਆਂ ਸੰਗਤਾਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਹਨ। ਇਤਿਹਾਸਕ ਅਸਥਾਨ ਤੇ ਗੁਰਦੁਆਰਾ ਸਾਹਿਬ ਦੀ ਉੱਚੀ ਇਮਾਰਤ ਦਾ ਨੀਂਹ ਪੱਥਰ 1959 ਨੂੰ ਰੱਖਿਆ ਗਿਆ ਸੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਤੇ ਬੇਅੰਤ ਸਿੰਘ ਸਰਹੱਦੀ ਨੇ ਦੱਸਿਆ ਕਿ ਸੰਨ 1930 ’ਚ ਭਾਈ ਕਾਹਨ ਸਿੰਘ ਨਾਭਾ ਵੱਲੋਂ ਛਾਪੇ ਗਏ ‘ਕਰਤਾ ਮਹਾਨ ਕੋਸ਼´ ’ਚ ਲਿਖਿਆ ਹੈ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆ ਕੇ ਤਿੰਨ ਦਿਨ ਠਹਿਰੇ। ਜਿੱਥੇ ਹੁਣ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਮੋਜੂਦ ਹੈ, ਜਿੱਥੇ ਪਹਿਲਾਂ ਬਾਬੇ ਮਾਖੋ ਦੀ ਔਲਾਦ ਰਿਹਾ ਕਰਦੀ ਸੀ।
ਇਸ ਤੋਂ ਇਲਾਵਾ ਸੰਨ 1931 ਵਿਚ ਵੀ ਧੰਨਾ ਸਿੰਘ ਜੋ ਪਟਿਆਲਾ ਤੋਂ ਸਾਈਕਲ ´’ਤੇ ਗੁਰਧਾਮਾਂ ਦੀ ਯਾਤਰਾ ਕਰਦੇ ਹੋਏ ਇਸ ਅਸਥਾਨ ’ਤੇ ਆਏ ਸਨ, ਜਿਨ੍ਹਾਂ ਨੇ ਆਪਣੀ ਡਾਇਰੀ ਵਿੱਚ ਜ਼ਿਕਰ ਕੀਤਾ ਹੋਇਆ ਹੈ ਕਿ ਛੇਵੇਂ ਪਾਤਿਸ਼ਾਹ ਬਾਬਾ ਮਾਖੋ ਦੀ ਔਲਾਦ ਕੋਲ ਇੱਥੇ ਮਕਾਨ ’ਤੇ ਠਹਿਰੇ ਸਨ। ਉਨ੍ਹਾਂ ਦੱਸਿਆ ਕਿ ਸੰਨ 1947 ਈਸਵੀ ਨੂੰ ਪਾਕਿਸਤਾਨ ਜੋ ਸ਼ਰਨਾਰਥੀ ਪਾਕਿਸਤਾਨ ਤੋਂ ਇਸ ਤੰਗ ਗਲੀਆਂ ਦੀ ਬਸਤੀ ’ਚ ਆ ਕੇ ਆਬਾਦ ਹੋਏ ਸਨ, ਤਾਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ 1691 ਬਿਕਰਮੀ ਸੰਮਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਇੱਥੇ ਆ ਕੇ ਬਿਰਾਜੇ ਸਨ, ਤਾਂ ਜਿਸ ਸਥਾਨ ’ਤੇ ਗੁਰੂ ਸਾਹਿਬ ਆ ਕੇ ਬਿਰਾਜੇ ਸਨ ਉਸ ਸਥਾਨ ’ਤੇ ਗੁਰਦੁਆਰਾ ਸਥਾਪਤ ਕਰਨ ਲਈ ਸੰਗਤ ਵੱਲੋਂ ਸੰਘਰਸ਼ ਕਰਨਾ ਸ਼ੁਰੂ ਕੀਤਾ। ਹੌਲੀ ਹੌਲੀ ਸੰਗਤਾਂ ਇੱਥੇ ਸ਼ਬਦ ਚੌਕੀ ਆਰੰਭ ਕੀਤੀ। ਸੰਗਤ ਦੇ ਸਹਿਯੋਗ ਨਾਲ ਇੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਆਰੰਭ ਹੋਈ।
ਉਨ੍ਹਾਂ ਦੱਸਿਆ ਕਿ ਗੁਰੂ ਜੀ ਕਰਤਾਰਪੁਰ ਤੋਂ ਅਨੰਦਪੁਰ ਸਾਹਿਬ ਜਾਂਦਿਆਂ ਹੋਇਆਂ ਇੱਥੇ ਤਿੰਨ ਦਿਨ ਰੁਕਣ ਉਪਰੰਤ ਆਪਣੀਆਂ ਖੜ੍ਹਾਵਾਂ ਤੇ ਛੋਟਾ ਗੁਟਕਾ ਦੇ ਗਏ ਸਨ, ਜੋ ਖੜ੍ਹਾਵਾਂ ਦੀ ਸਾਂਭ-ਸੰਭਾਲ ਨਾ ਹੋ ਸਕਣ ਕਾਰਣ ਖੜ੍ਹਾਵਾਂ ਗੁਆਚ ਗਈਆਂ ਤੇ ਛੋਟਾ ਗੁਟਕਾ ਧੀਰ ਮੱਲੀਏ ਲੈ ਗਏ। ਜਿਸ ਦੇ ਦਰਸ਼ਨ ਹੁਣ ਕਰਤਾਰਪੁਰ ਵਿਖੇ ਦਰਸ਼ਨ ਹੁੰਦੇ ਹਨ। ਗੁਰੂ ਸਾਹਿਬ ਇੱਥੇ ਤਿੰਨ ਦਿਨ ਰੁਕਣ ਉਪਰੰਤ ਨੇੜੇ ਲੱਗਦੇ ਪਿੰਡ ਕੁਹਾਲਾ ਵਿਖੇ ਜਾ ਕੇ ਰੁਕੇ ਸਨ। ਇਸ ਵਕਤ ਗੁਰਦਆਰਾ ਸਾਹਿਬ ਦੀ ਪਿਛਲੀ ਇਮਾਰਤ ਦੀ ਡਿਉਢੀ ਤੇ ਦਰਬਾਰ ਹਾਲ ਦੇ ਸੁੰਦਰੀਕਰਨ ਦੀ ਨਵੀਂ ਉਸਾਰੀ ਮੁਕੰਮਲ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇੱਥੇ ਉਸਰ ਰਹੀ ਛੇ ਮੰਜ਼ਿਲਾ ਇਮਾਰਤ ਲਈ ਲਿਫਟ ਦਾ ਵੀ ਪ੍ਰਬੰਧ ਵੀ ਹੋ ਚੁੱਕਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘਰ ਘਰ ਜਾ ਕੇ ਕੋਈ ਵੀ ਉਗਰਾਹੀ ਨਹੀਂ ਕੀਤੀ ਜਾਂਦੀ।
-ਗੁਰਮਤਿ ਨਾਲ ਬੱਚਿਆਂ ਨੂੰ ਜੋੜਨ ਲਈ ਕੀਤੇ ਜਾਂਦ ਨੇ ਵਿਸ਼ੇਸ਼ ਉਪਰਾਲੇ
ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਸਿਧਾਂਤਾਂ ਨਾਲ ਬੱਚਿਆਂ ਨੂੰ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ।ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਗੁਰਮਤਿ ਕਲਾਸਾਂ, ਗੱਤਕੇ ਦੀ ਸਿੱਖਿਆ, ਗੁਰਬਾਣੀ ਕੰਠ ਮੁਕਾਬਲੇ ਅਤੇ ਗੁਰਬਾਣੀ ਕੀਰਤਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਮੁੱਖ ਸੇਵਾਦਾਰ ਗੁਰਕਿ੍ਪਾਲ ਸਿੰਘ ਦਾ ਕਹਿਣਾ ਹੈ ਕਿ ਸਿੱਖੀ ਸਿਧਾਂਤਾਂ ਤੋਂ ਵਿਸਰ ਰਹੇ ਨੌਜਵਾਨਾਂ ਲਈ ਅਜਿਹੇ ਉਪਰਾਲੇ ਕਰਨੇ ਅੱਤ ਜ਼ਰੂਰੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਆਪਾਂ ਆਪਣੀ ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਵਿਚਾਰਾਂ ਨਾਲ ਜੋੜ ਲਈਏ ਤਾਂ ਹੀ ਸਾਡਾ ਜੀਵਨ ਸਫਲਾ ਹੈ।
-ਬੱਚਿਆਂ ਲਈ ਪੜ੍ਹਾਈ ਦਾ ਪ੍ਰਬੰਧ
ਬੱਚਿਆਂ ਦੀ ਪੜ੍ਹਾਈ ਲਈ ਪ੍ਰਾਇਮਰੀ ਪੱਧਰ ਤੱਕ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੀ ਦੇਖ-ਰੇਖ ਹੇਠ ਇੱਕ ਵੱਖਰੀ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਸਥਾਪਤ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਕਮੇਟੀ ਦੇ ਮੁੱਖ ਸੇਵਾਦਾਰ ਗੁਰਕਿ੍ਪਾਲ ਸਿੰਘ ਨੇ ਦੱਸਿਆ ਕਿ ਮੁੱਢਲੀ ਨੀਂਹ ਮਜ਼ਬੂਤ ਕਰਨ ਦੇ ਇਰਾਦੇ ਨਾਲ ਬੱਚਿਆਂ ਨੂੰ ਸਮਾਜਿਕ ਪੱਧਰ ’ਤੇ ਵਿਕਸਿਤ ਕਰਨ ਲਈ ਵੱਖਰਾ ਸੀਬੀਐੱਸਈ ਪੈਟਰਨ ਸਕੂਲ ਬਣਾਇਆ ਹੈ, ਜਿਸ ਵਿੱਚ ਯੋਗ ਅਤੇ ਮਿਹਨਤੀ ਅਧਿਆਪਕ ਸੇਵਾਵਾਂ ਦੇ ਕੇ ਬੱਚਿਆਂ ਦਾ ਭਵਿੱਖ ਸੁਆਰਨ ਦਾ ਕਿਰਦਾਰ ਨਿਭਾਉਂਦੇ ਹਨ। ਇਸ ਸਕੂਲ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਦੇ ਵਾਰਸਾਂ ਕੋਲੋਂ ਬਹੁਤ ਹੀ ਘੱਟ ਫੀਸ ਲਈ ਜਾਂਦੀ ਹੈ।
ਮਨੁੱਖਤਾ ਦੀ ਸੇਵਾ ਤੇ ਤੰਦਰੁਸਤੀ ਲਈ ਚੈਰੀਟੇਬਲ ਹਸਪਤਾਲ ਮਨੁੱਖਤਾ ਦੀ ਸੇਵਾ ਤੇ ਤੰਦਰੁਸਤੀ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੈਰੀਟੇਬਲ ਹਸਪਤਾਲ ਬਣਾਇਆ ਗਿਆ ਹੈ। ਜੋ ਕਿ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਸੇਵਾ ਲਈ ਵਿਚਾਰ ਅਧੀਨ ਸੀ। ਪ੍ਰਧਾਨ ਗੁਰਕਿ੍ਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਮਾਹਿਰ ਡਾਕਟਰ ਸੇਵਾਵਾਂ ਨਿਭਾਉਂਦੇ ਹਨ ਤੇ ਹਸਪਤਾਲ ਵਿੱਚ ਅਤਿ ਆਧੁਨਿਕ ਤਕਨੀਕ ਦੀਆਂ ਮਸ਼ੀਨਾਂ ਵੀ ਉਪਲੱਬਧ ਹਨ। ਇਸ ਹਸਪਤਾਲ ’ਚ ਬਹੁਤ ਹੀ ਘੱਟ ਪਰਚੀ ਫ਼ੀਸ ’ਤੇ ਇਲਾਜ ਕੀਤਾ ਜਾਂਦਾ ਹੈ। ਆਮ ਤੌਰ ’ਤੇ ਲੋੜਵੰਦਾਂ ਦੀ ਮਦਦ ਲਈ ਮੁਫ਼ਤ ਮੈਡੀਕਲ ਕੈਂਪ ਲਾ ਕੇ ਵੀ ਮੁਫ਼ਤ ਦਵਾਈਆਂ ਤੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਂਦੇ ਹਨ।