ਸਰਕਾਰ ਕਿਤਾਬਾਂ ਸਬੰਧੀ ਨੀਤੀ ਵਾਪਸ ਲਵੇ : ਬੁੱਕ ਡਿਸਟ੍ਰੀਬਿਊਸ਼ਨ ਐਸੋਸੀਏਸ਼ਨ ਸਰਕਾਰ ਜਲਦ ਹੀ ਪਾਲਿਸੀ ਵਾਪਿਸ ਲਵੇ ਤਾਂ ਜੋ ਕਿਤਾਬ ਵਿਕਰੇਤਾਂਵਾਂ ਦੀ ਰੋਜ਼ੀ ਰੋਟੀ ਚਲ ਸਕੇ -ਬੁਕ ਡਿਸਟ੍ਰੀਬਿਉਸ਼ਨ ਐਸੋਸੀਏਸ਼ਨ
Publish Date: Tue, 07 Jul 2026 09:22 PM (IST)
Updated Date: Tue, 07 Jul 2026 09:24 PM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ ਪੰਜਾਬ ਬੁੱਕ ਡਿਸਟ੍ਰੀਬਿਊਸ਼ਨਜ਼ ਐਸੋਸੀਏਸ਼ਨ ਪੰਜਾਬ ਦੀ ਜਲੰਧਰ ਇਕਾਈ ਵੱਲੋਂ ਕਿਤਾਬ ਕਾਰੋਬਾਰੀਆਂ ਨੂੰ ਪੰਜਾਬ ਸਿਖਿਆ ਬੋਰਡ ਦਫਤਰਾਂ ਵਿੱਚੋਂ ਕਿਤਾਬਾਂ ਨਾ ਮਿਲਣ ’ਤੇ ਰੋਸ ਪ੍ਰਗਟਾਇਆ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਐਸੋਸੀਏਸ਼ਨ ਦੇ ਜਲੰਧਰ ਇਕਾਈ ਦੇ ਪ੍ਰਧਾਨ ਦੀਪਕ ਜੋਸ਼ੀ, ਉਪ ਪ੍ਰਧਾਨ ਰਾਜੇਸ਼ ਆਨੰਦ, ਭੁਪਿੰਦਰ ਤਲਵਾਰ ਨੇ ਕਿਹਾ ਕਿ ਉਹ ਪਿਛਲੇ ਕਈ ਵਰਿਆਂ ਤੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਵੇਚਦੇ ਹਨ ਪਰ ਹੁਣ ਉਨ੍ਹਾਂ ਨੂੰ ਉਹ ਕਿਤਾਬਾਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਜਦੋਂ ਉਨ੍ਹਾਂ ਦੇ ਐਸੋਸੀਏਸ਼ਨਾਂ ਦੇ ਮੈਂਬਰ ਆਪੋ-ਆਪਣੇ ਜ਼ਿਲ੍ਹੇ ਵਿਚ ਕਿਤਾਬਾਂ ਦੀ ਸਪਲਾਈ ਲੈਣ ਲਈ ਸਿਖਿਆ ਬੋਰਡ ਦੇ ਦਫਤਰਾਂ ਵਿਚ ਗਏ ਤਾਂ ਉਨ੍ਹਾਂ ਨੇ ਕਿਤਾਬਾਂ ਦੀ ਸਪਲਾਈ ਦੇਣ ਤੋ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਮਾਰਫਤ ਪੰਜਾਬ ਇਕ ਸਰਕਾਰੀ ਸਰਕੂਲਰ ਅਗਲੇ ਹੁਕਮਾਂ ਤੱਕ ਦੁਕਾਨਦਾਰਾਂ ਨੂੰ ਕਿਤਾਬਾਂ ਵੇਚਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਕਾਰਨ ਉਨ੍ਹਾਂ ਨੂੰ ਡਿਪੂਆਂ ਤੋਂ ਕਿਤਾਬਾਂ ਦੀ ਸਪਲਾਈ ਬੰਦ ਹੋ ਗਈ। ਪ੍ਰੈੱਸ ਕਾਨਫਰੰਸ ਦੌਰਾਨ ਮੌਜੂਦ ਸਾਰੇ ਹੀ ਦੁਕਾਨਦਾਰਾਂ ਨੇ ਇਸ ਖ਼ਿਲਾਫ਼ ਰੋਸ ਜਤਾਉੰਦੇ ਹੋਏ ਕਿਹਾ ਕਿ ਜਦੋਂ ਇਸ ਗੱਲ ਦੀ ਤਹਿ ਤਕ ਜਾਣ ਲੱਗੇ ਤਾਂ ਕੁਝ ਨਿੱਜੀ ਸੂਤਰਾਂ ਤੇ ਸਿਖਿਆ ਮੰਤਰੀ ਵੱਲੋਂ ਮੀਡੀਆ ਵਿਚ ਬਿਆਨ ਨਾਲ ਸਪੱਸ਼ਟ ਹੋਇਆ ਕਿ ਸਰਕਾਰ ਨੇ ਹੁਣ ਪਾਲਿਸੀ ਬਦਲ ਦਿੱਤੀ ਹੈ ਅਤੇ ਹੁਣ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਛਪੀਆਂ ਕਿਤਾਬਾਂ ਸਿਧੇ ਸਕੂਲਾਂ ’ਚ ਹੀ ਜਾਣਗੀਆਂ। ਦੁਕਾਨਦਾਰਾਂ ਨੇ ਕਿਹਾ ਕਿ ਉਕਤ ਪਾਲਿਸੀ ਵਿਚ ਬਦਲਾਅ ਕਾਰਣ ਜੋ ਦੁਕਾਨਦਾਰ ਪਿਛਲੇ ਕਈ ਅਰਸਿਆਂ ਤੋਂ ਬਾਜ਼ਾਰ ਵਿਚ ਪੰਜਾਬ ਸਿਖਿਆ ਬੋਰਡ ਦੀਆਂ ਕਿਤਾਬਾਂ ਵੇਚਦੇ ਹਨ ਸਰਕਾਰ ਦੇ ਇਕੋ ਹੁਕਮ ਨਾਲ ਉਨ੍ਹਾਂ ਦੇ ਹਾਲਾਤ ਬੁਰੇ ਹੋ ਗਏ ਹਨ। ਰੋਜ਼ੀ ਰੋਟੀ ਕਮਾਉਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਪਾਲਿਸੀ ਨੂੰ ਜਲਦ ਵਾਪਿਸ ਲਿਆ ਜਾਵੇ ਤਾਂ ਜੋ ਪੰਜਾਬ ਬੁੱਕ ਡਿਸਟ੍ਰੀਬਿਊਸ਼ਨ ਐਸੋਸੀਏਸ਼ਨ ਦੇ ਮੈਂਬਰਾਂ ਦੀ ਰੋਜ਼ੀ ਰੋਟੀ ਅਤੇ ਸਿਖਿਆ ਦਾ ਮੌਜੂਦਾ ਮਿਆਰ ਬਣਿਆ ਰਹੇ। ਇਸ ਮੌਕੇ ਪੁਨੀਤ ਮਹਾਜਨ, ਅੰਕੂਰ ਚੋਪੜਾ, ਮੁਕੇਸ਼ ਭੱਟੀ, ਗੌਰਵ ਮਲਹੋਤਰਾ ਤੇ ਸੰਸਥਾ ਦੇ ਹੋਰ ਵੀ ਮੈਬਰ ਹਾਜ਼ਰ ਸਨ।