ਦੋਵੇਂ ਆਰਓਬੀ ਦਾ ਨੀਂਹ ਪੱਥਰ ਅੱਜ, ਟ੍ਰੈਫਿਕ ਡਾਇਵਰਸ਼ਨ ਬਣੇਗੀ ਵੱਡੀ ਚੁਣੌਤੀ
ਗੁਰੂ ਨਾਨਕ ਪੁਰਾ ਆਰਓਬੀ ਦਾ ਨੀਂਹ ਪੱਥਰ ਸ਼ਾਮ 4 ਵਜੇ ਤੇ ਗੜ੍ਹਾ ਆਰਓਬੀ ਦਾ 5 ਵਜੇ ਰੱਖਿਆ ਜਾਵੇਗਾ
Publish Date: Tue, 23 Jun 2026 10:35 PM (IST)
Updated Date: Tue, 23 Jun 2026 10:37 PM (IST)

-ਗੜ੍ਹਾ ਦਾ ਟ੍ਰੈਫਿਕ ਡਿਫੈਂਸ ਕਾਲੋਨੀ, ਛੋਟੀ ਬਾਰਾਦਰੀ ਫਾਟਕ, ਮੋਤਾ ਸਿੰਘ ਨਗਰ ਤੇ ਕੂਲ ਰੋਡ ਰਾਹੀਂ ਕੀਤਾ ਜਾਵੇਗਾ ਡਾਇਵਰਟ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੇਲ ਰਾਜ ਮੰਤਰੀ ਬੁੱਧਵਾਰ ਨੂੰ 112.93 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਗੁਰੂ ਨਾਨਕਪੁਰਾ ਫਾਟਕ ਬੀ-67 ਅਤੇ ਗੜ੍ਹਾ ਫਾਟਕ ਐੱਸ-4 ਉੱਤੇ ਰੇਲਵੇ ਓਵਰ ਬ੍ਰਿਜ (ਆਰਓਬੀ) ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਣਗੇ। ਗੁਰੂ ਨਾਨਕਪੁਰਾ ਫਾਟਕ ‘ਤੇ ਸ਼ਾਮ 4 ਵਜੇ ਰੇਲਵੇ ਦੇ ਚੀਫ ਐਡਮਿਨਿਸਟ੍ਰੇਟਿਵ ਅਫਸਰ (ਕੰਸਟ੍ਰਕਸ਼ਨ ਤੇ ਰੋਡ ਸੇਫਟੀ ਪ੍ਰੋਜੈਕਟ) ਸੰਜੀਵ ਕੁਮਾਰ ਸ਼੍ਰੀਵਾਸਤਵ, ਡੀਆਰਐੱਮ ਸੰਜੀਵ ਕੁਮਾਰ ਅਤੇ ਭਾਜਪਾ ਆਗੂਆਂ ਦੀ ਹਾਜ਼ਰੀ ’ਚ ਸਮਾਗਮ ਹੋਵੇਗਾ, ਜਦਕਿ ਗੜ੍ਹਾ ਫਾਟਕ ‘ਤੇ ਸ਼ਾਮ 5 ਵਜੇ ਨੀਂਹ ਪੱਥਰ ਰੱਖਿਆ ਜਾਵੇਗਾ। ਫਿਲਹਾਲ ਨਿਰਮਾਣ ਕਾਰਜ ਤੁਰੰਤ ਸ਼ੁਰੂ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਮਸ਼ੀਨਰੀ ਦੀ ਤਿਆਰੀ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਯੂਟਿਲਿਟੀ ਸ਼ਿਫਟਿੰਗ ਦਾ ਕੰਮ ਕੀਤਾ ਜਾਵੇਗਾ। ਸਮਾਗਮ ਫਾਟਕ ਦੇ ਗੇਟਮੈਨ ਕੈਬਿਨ ਕੋਲ, ਲਾਡੋਵਾਲੀ ਰੋਡ ਵੱਲ ਜਾਣ ਵਾਲੀ ਸੜਕ ‘ਤੇ ਹੋਵੇਗਾ। ਇਸ ਕਾਰਨ ਗੁਰੂ ਨਾਨਕਪੁਰਾ ਫਾਟਕ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰੱਖਿਆ ਜਾਵੇਗਾ। ਟ੍ਰੈਫਿਕ ਪੁਲਿਸ ਵੱਲੋਂ ਵਾਹਨਾਂ ਨੂੰ ਲਾਡੋਵਾਲੀ ਰੋਡ ਸਥਿਤ ਕ੍ਰਿਸ਼ਨਾ ਫੈਕਟਰੀ ਕੋਲੋਂ ਡਾਇਵਰਟ ਕਰਕੇ ਬੀਐੱਸਐੱਫ ਚੌਕ ਰਾਹੀਂ ਪੀਏਪੀ ਵੱਲ ਭੇਜਿਆ ਜਾਵੇਗਾ। ਇਸੇ ਤਰ੍ਹਾਂ ਚੁਗਿੱਟੀ ਚੌਕ ਤੋਂ ਵੀ ਟ੍ਰੈਫਿਕ ਨੂੰ ਪੀਏਪੀ ਚੌਕ ਵੱਲ ਮੋੜਿਆ ਜਾਵੇਗਾ। ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਸੁਵਿਧਾ ਤੋਂ ਬਚਣ ਲਈ ਬਦਲਵੇਂ ਰਸਤੇ ਵਰਤਣ। ਦੋਵਾਂ ਫਾਟਕਾਂ ‘ਤੇ ਬਣਨ ਵਾਲੇ ਆਰਓਬੀ ਲਈ 112.93 ਕਰੋੜ ਰੁਪਏ ਖਰਚੇ ਜਾਣਗੇ, ਜਿਨ੍ਹਾਂ ਵਿੱਚੋਂ 48.95 ਕਰੋੜ ਰੁਪਏ ਗੁਰੂ ਨਾਨਕਪੁਰਾ ਤੇ 63.98 ਕਰੋੜ ਰੁਪਏ ਗੜ੍ਹਾ ਆਰਓਬੀ ਲਈ ਰੇਲਵੇ ਵੱਲੋਂ ਖਰਚੇ ਜਾਣਗੇ। --------------------------------------- ਪੀਏਪੀ ਫਲਾਈਓਵਰ ਦੀ ਸਰਵਿਸ ਰੋਡ ਦਾ ਕੰਮ ਲਟਕਣ ਨਾਲ ਵਧੇਗੀ ਸਮੱਸਿਆ ਜਲੰਧਰ ਅਤੇ ਜਲੰਧਰ ਕੈਂਟ ਵਿਚਾਲੇ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਲਾਈਨ ’ਤੇ ਸਥਿਤ ਗੁਰੂ ਨਾਨਕਪੁਰਾ ਫਾਟਕ ਸਭ ਤੋਂ ਵੱਧ ਰੁੱਝਿਆ ਹੋਇਆ ਫਾਟਕ ਹੈ। ਇੱਥੋਂ ਹਰ ਰੋਜ਼ ਲਗਭਗ 110 ਰੇਲਗੱਡੀਆਂ ਲੰਘਦੀਆਂ ਹਨ, ਜਿਸ ਕਾਰਨ ਹਰ ਪੰਜ ਮਿੰਟ ਬਾਅਦ ਫਾਟਕ ਬੰਦ ਹੋ ਜਾਂਦਾ ਹੈ। ਆਰਓਬੀ ਨਿਰਮਾਣ ਦੌਰਾਨ ਇੱਥੋਂ ਲੰਘਣ ਵਾਲੇ ਟ੍ਰੈਫਿਕ ਨੂੰ ਡਾਇਵਰਟ ਕਰਨਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਪੀਏਪੀ ਸਰਵਿਸ ਲੇਨ ਬੰਦ ਹੋਣ ਕਾਰਨ ਪਹਿਲਾਂ ਹੀ 95 ਫੀਸਦੀ ਟ੍ਰੈਫਿਕ ਇਸ ਫਾਟਕ ਰਾਹੀਂ ਲੰਘਦਾ ਹੈ, ਜਦਕਿ ਸਿਰਫ਼ 5 ਫੀਸਦੀ ਟ੍ਰੈਫਿਕ ਰਾਮਾ ਮੰਡੀ ਵਾਲੇ ਰਸਤੇ ਦੀ ਵਰਤੋਂ ਕਰਦਾ ਹੈ। ਬਸ਼ੀਰਪੁਰਾ ਫਾਟਕ ਇਕ ਬਦਲਵਾਂ ਰਸਤਾ ਹੈ ਪਰ ਉੱਥੇ ਦੀਆਂ ਗਲੀਆਂ ਤੰਗ ਹਨ ਤੇ ਵਧੇਰੇ ਟ੍ਰੈਫਿਕ ਨਾਲ ਹਾਲਾਤ ਖਰਾਬ ਹੋ ਸਕਦੇ ਹਨ। ਜੇ ਸਾਰਾ ਟ੍ਰੈਫਿਕ ਰਾਮਾ ਮੰਡੀ ਵੱਲ ਮੋੜਿਆ ਗਿਆ ਤਾਂ ਉੱਥੇ ਵੀ ਜਾਮ ਦੀ ਸਥਿਤੀ ਬਣ ਸਕਦੀ ਹੈ। ਇਸ ਲਈ ਸਭ ਤੋਂ ਵਧੀਆ ਹੱਲ ਇਹ ਹੈ ਕਿ ਪੀਏਪੀ ਸਰਵਿਸ ਰੋਡ ’ਤੇ ਰੈਂਪ ਬਣਾਉਣ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ। ਕੰਪਨੀ ਦਾ ਦਾਅਵਾ ਹੈ ਕਿ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਕੰਮ ਤੇਜ਼ੀ ਨਾਲ ਸ਼ੁਰੂ ਕਰ ਕੇ ਅਕਤੂਬਰ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ। ------------------------------- ਗੜ੍ਹਾ ਤੋਂ ਆਉਣ-ਜਾਣ ਵਾਲੇ ਯਾਤਰੀਆਂ ਲਈ ਇਹ ਹੋਣਗੇ ਬਦਲਵੇਂ ਰਸਤੇ ਗੜ੍ਹਾ ਫਾਟਕ ‘ਤੇ ਟ੍ਰੈਫਿਕ ਡਾਇਵਰਸ਼ਨ ਦੀ ਸਮੱਸਿਆ ਗੁਰੂ ਨਾਨਕਪੁਰਾ ਨਾਲੋਂ ਘੱਟ ਰਹੇਗੀ। ਨਿਰਮਾਣ ਦੌਰਾਨ ਬੱਸ ਸਟੈਂਡ ਟ੍ਰੈਫਿਕ ਸਿਗਨਲ ਤੋਂ ਟ੍ਰੈਫਿਕ ਡਾਇਵਰਟ ਕੀਤਾ ਜਾਵੇਗਾ। ਲਾਡੋਵਾਲੀ ਰੋਡ ਅਤੇ ਬੀਐੱਸਐੱਫ ਚੌਕ ਵੱਲ ਜਾਣ ਵਾਲਾ ਟ੍ਰੈਫਿਕ ਬੱਸ ਸਟੈਂਡ, ਬਾਰ ਮੈਮੋਰੀਅਲ ਅਤੇ ਇੰਡੋ-ਕੈਨੇਡੀਅਨ ਬਿਲਡਿੰਗ ਵਾਲੇ ਰਸਤੇ ਤੋਂ ਲੰਘੇਗਾ ਜਾਂ ਬੀਐੱਮਸੀ ਚੌਕ ਰਾਹੀਂ ਜਾਵੇਗਾ। ਗੜ੍ਹਾ, ਅਰਬਨ ਅਸਟੇਟ, ਡਿਫੈਂਸ ਕਾਲੋਨੀ, ਜਲੰਧਰ ਕੈਂਟ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਟ੍ਰੈਫਿਕ ਮੋਤਾ ਸਿੰਘ ਨਗਰ, ਕੂਲ ਰੋਡ, ਬਾਰਾਦਰੀ ਫਾਟਕ (ਕੈਂਬ੍ਰਿਜ ਸਕੂਲ), ਅਰਬਨ ਅਸਟੇਟ ਫੇਜ਼-1 ਫਾਟਕ ਅਤੇ ਸੁਭਾਨਾ ਅੰਡਰਪਾਸ ਰਾਹੀਂ ਚਲਾਇਆ ਜਾਵੇਗਾ। ਨਿਰਮਾਣ ਕਾਰਜ ਦੌਰਾਨ ਦੁਕਾਨਦਾਰਾਂ, ਸ਼ੋਰੂਮ ਮਾਲਕਾਂ ਤੇ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। --------------------------- ਗੁਰੂ ਨਾਨਕਪੁਰਾ ’ਤੇ ਬਣੇਗਾ ਦੂਜਾ ਬੋ-ਸਟਰਿੰਗ ਬ੍ਰਿਜ ਜਲੰਧਰ-ਦਿੱਲੀ ਰੇਲ ਮਾਰਗ ’ਤੇ ਸਥਿਤ ਗੁਰੂ ਨਾਨਕਪੁਰਾ ਰੇਲਵੇ ਕ੍ਰਾਸਿੰਗ ਉੱਪਰ ਵੀ ਸਟੀਲ ਦਾ ਬੋ-ਸਟਰਿੰਗ ਬ੍ਰਿਜ ਬਣਾਇਆ ਜਾਵੇਗਾ। ਇਸ ਆਰਓਬੀ ਦੇ ਨਿਰਮਾਣ ‘ਤੇ ਆਉਣ ਵਾਲਾ 100 ਫੀਸਦੀ ਖਰਚਾ ਰੇਲਵੇ ਵੱਲੋਂ ਹੀ ਕੀਤਾ ਜਾਵੇਗਾ। ਲੱਧੇਵਾਲੀ ਵਿੱਚ ਪਹਿਲਾਂ ਬਣੇ ਬੋ-ਸਟਰਿੰਗ ਬ੍ਰਿਜ ਦੌਰਾਨ ਜਿਹੜੀਆਂ ਚੁਣੌਤੀਆਂ ਸਾਹਮਣੇ ਆਈਆਂ ਸਨ, ਉਹੀ ਗੁਰੂ ਨਾਨਕਪੁਰਾ ’ਚ ਵੀ ਆ ਸਕਦੀਆਂ ਹਨ। ਇੱਥੇ ਵੀ ਸੀਵਰੇਜ ਲਾਈਨਾਂ, ਪਾਣੀ ਦੀਆਂ ਪਾਈਪਾਂ ਤੇ ਹੋਰ ਯੂਟੀਲਿਟੀਆਂ ਦੀ ਸ਼ਿਫਟਿੰਗ ਕਰਨੀ ਪਵੇਗੀ। ਹਾਲਾਂਕਿ ਲੱਧੇਵਾਲੀ ਪ੍ਰੋਜੈਕਟ ਦੇ ਤਜਰਬੇ ਕਾਰਨ ਇਸ ਵਾਰ ਇਹ ਕੰਮ ਮੁਕਾਬਲੇ ’ਚ ਆਸਾਨ ਰਹੇਗਾ। ਇੱਥੇ ਸੀਵਰੇਜ ਪਾਈਪਾਂ ਸੜਕ ਦੇ ਪੱਧਰ ਤੋਂ ਲਗਭਗ ਸਾਢੇ 10 ਮੀਟਰ ਹੇਠਾਂ ਹਨ।