
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇੱਟਾਂ ਦੀ ਵਧਦੀ ਕੀਮਤ ਦਰਮਿਆਨ ਮਸ਼ੀਨ ਨਾਲ ਬਣੀਆਂ ਕੰਕਰੀਟ ਅਤੇ ਸੀਮੈਂਟ ਦੀਆਂ ਇੱਟਾਂ ਤੇ ਬਲਾਕ ਬਦਲ ਵਜੋਂ ਸਾਹਮਣੇ ਆ ਰਹੇ ਹਨ। ਜਲੰਧਰ ਦੇ ਬੁਢਿਆਣਾ ਨੇੜੇ ਕੰਕਰੀਟ ਇੱਟਾਂ ਬਣਾਉਣ ਵਾਲੇ ਪ੍ਰਾਜੈਕਟ ਦੇ ਮਾਲਕ ਜਗਜੀਤ ਸਿੰਘ ਮੁਤਾਬਕ ਪੰਜਾਬ ਵਿੱਚ ਅਜਿਹੇ 7-8 ਵੱਡੇ ਪਲਾਂਟ ਹੀ ਚੱਲ ਰਹੇ ਹਨ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ: ਮਹਿੰਗਾਈ ਦੇ ਦੌਰ ਵਿੱਚ ਆਮ ਆਦਮੀ ਲਈ ਆਪਣਾ ਘਰ ਬਣਾਉਣਾ ਲਗਾਤਾਰ ਔਖਾ ਹੁੰਦਾ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਦੌਰਾਨ ਇੱਟਾਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੇ ਨਾ ਸਿਰਫ਼ ਮਕਾਨ ਬਣਾਉਣ ਵਾਲਿਆਂ ਦਾ ਬਜਟ ਵਿਗਾੜ ਦਿੱਤਾ ਹੈ, ਸਗੋਂ ਇਮਾਰਤ ਉਸਾਰੀ ਨਾਲ ਜੁੜੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ ਹਨ। ਭੱਠਾ ਉਦਯੋਗ ਨਾਲ ਜੁੜੇ ਲੋਕਾਂ ਮੁਤਾਬਕ ਮਿੱਟੀ ਦੀ ਘਾਟ, ਕੋਲੇ ਦੀਆਂ ਵਧੀਆਂ ਕੀਮਤਾਂ ਅਤੇ ਲੇਬਰ ਦੀ ਕਮੀ ਇਸ ਸੰਕਟ ਦੇ ਮੁੱਖ ਕਾਰਨ ਹਨ।
ਮਿੱਟੀ ਦੀ ਘਾਟ ਨੇ ਵਧਾਈ ਮੁਸ਼ਕਲ
ਲਾਲ ਇੱਟਾਂ ਬਣਾਉਣ ਲਈ ਢੁੱਕਵੀਂ ਮਿੱਟੀ ਦੀ ਲੋੜ ਹੁੰਦੀ ਹੈ, ਪਰ ਹੁਣ ਇਸ ਦੀ ਉਪਲਬਧਤਾ ਘਟਦੀ ਜਾ ਰਹੀ ਹੈ। ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਲੋਕ ਉੱਚੀਆਂ ਥਾਵਾਂ ’ਤੇ ਘਰ ਅਤੇ ਹੋਰ ਇਮਾਰਤਾਂ ਬਣਾਉਣ ਨੂੰ ਤਰਜੀਹ ਦੇ ਰਹੇ ਹਨ। ਦੂਜੇ ਪਾਸੇ ਭਾਰਤਮਾਲਾ ਸਮੇਤ ਕਈ ਕੌਮੀ ਮਾਰਗ ਪ੍ਰਾਜੈਕਟਾਂ ਲਈ ਸੜਕਾਂ ਉੱਚੀਆਂ ਕਰਨ ਵਾਸਤੇ ਵੱਡੀ ਮਾਤਰਾ ਵਿੱਚ ਮਿੱਟੀ ਦੀ ਲੋੜ ਪੈ ਰਹੀ ਹੈ। ਜਲੰਧਰ ਨੇੜੇ ਕਾਲਾ ਸੰਘਿਆਂ ਇਲਾਕੇ ਵਿੱਚ ਡੇਢ-ਦੋ ਸਾਲ ਪਹਿਲਾਂ ਇੱਕ ਏਕੜ ਦੀ ਇੱਕ ਫੁੱਟ ਡੂੰਘੀ ਮਿੱਟੀ 1.5 ਤੋਂ 2 ਲੱਖ ਰੁਪਏ ਵਿੱਚ ਮਿਲ ਜਾਂਦੀ ਸੀ, ਜੋ ਹੁਣ ਕਰੀਬ 3.5 ਲੱਖ ਰੁਪਏ ਤੱਕ ਪਹੁੰਚ ਗਈ ਹੈ। ਕਿਸਾਨਾਂ ਵੱਲੋਂ ਵੀ ਖੇਤਾਂ ਦੀ ਉਪਜਾਊ ਉਪਰਲੀ ਤਹਿ ਖ਼ਰਾਬ ਹੋਣ ਕਾਰਨ ਮਿੱਟੀ ਪੁਟਵਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।
ਕੋਲਾ ਤੇ ਲੇਬਰ ਵੀ ਬਣੇ ਵੱਡੀ ਚੁਣੌਤੀ
ਅੰਤਰਰਾਸ਼ਟਰੀ ਹਾਲਾਤਾਂ, ਯੁੱਧ ਅਤੇ ਸਮੁੰਦਰੀ ਢੋਆ-ਢੁਆਈ ਦੇ ਵਧੇ ਖਰਚੇ ਦਾ ਅਸਰ ਕੋਲੇ ਦੀਆਂ ਕੀਮਤਾਂ ’ਤੇ ਪਿਆ ਹੈ। ਭੱਠਿਆਂ ਲਈ ਕੋਲਾ ਮਹਿੰਗਾ ਹੋਣ ਨਾਲ ਉਤਪਾਦਨ ਲਾਗਤ ਵਧੀ ਹੈ। ਇਸ ਦੇ ਨਾਲ ਹੀ ਮਜ਼ਦੂਰਾਂ ਦੀ ਘਾਟ ਨੇ ਭੱਠਾ ਮਾਲਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਪਹਿਲਾਂ 1000 ਇੱਟਾਂ ਦੀ ਲੋਡਿੰਗ-ਅਨਲੋਡਿੰਗ ਲਈ 200-250 ਰੁਪਏ ਲੈਣ ਵਾਲੀ ਲੇਬਰ ਹੁਣ 400-500 ਰੁਪਏ ਮੰਗ ਰਹੀ ਹੈ, ਫਿਰ ਵੀ ਲੋੜ ਮੁਤਾਬਕ ਮਜ਼ਦੂਰ ਨਹੀਂ ਮਿਲ ਰਹੇ।
ਮਾਝੇ ਦੇ ਭੱਠੇ ਸੰਕਟ ’ਚ
ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਿੱਚ ਰੁਜ਼ਗਾਰ ਦੇ ਵਧੇ ਮੌਕਿਆਂ ਕਾਰਨ ਪੰਜਾਬ ਆਉਣ ਵਾਲੀ ਲੇਬਰ ਘਟੀ ਹੈ। ਇਸ ਦਾ ਸਭ ਤੋਂ ਵੱਧ ਅਸਰ ਮਾਝੇ ਦੇ ਭੱਠਾ ਉਦਯੋਗ ’ਤੇ ਪਿਆ ਹੈ। ਦੂਜੇ ਪਾਸੇ ਮੋਗਾ ਅਤੇ ਜਲਾਲਾਬਾਦ ਇਲਾਕੇ ਇੱਟਾਂ ਦੀ ਸਪਲਾਈ ਦੇ ਮੁੱਖ ਕੇਂਦਰ ਬਣੇ ਹੋਏ ਹਨ। ਜਲਾਲਾਬਾਦ ਤੋਂ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਹਿਮਾਚਲ ਪ੍ਰਦੇਸ਼ ਤੱਕ ਇੱਟਾਂ ਭੇਜੀਆਂ ਜਾ ਰਹੀਆਂ ਹਨ, ਜਿਸ ਨਾਲ ਢੋਆ-ਢੁਆਈ ਦਾ ਖਰਚਾ ਵੀ ਵਧ ਰਿਹਾ ਹੈ।
ਤਿੰਨ ਮਹੀਨਿਆਂ ’ਚ 3500 ਰੁਪਏ ਦਾ ਵਾਧਾ
ਇਸ ਸਮੇਂ ਜਲੰਧਰ, ਮੋਹਾਲੀ ਅਤੇ ਚੰਡੀਗੜ੍ਹ ਵਿੱਚ ਲਾਲ ਇੱਟ ਦਾ ਭਾਅ 11,000 ਤੋਂ 11,500 ਰੁਪਏ ਪ੍ਰਤੀ ਹਜ਼ਾਰ ਚੱਲ ਰਿਹਾ ਹੈ। ਤਿੰਨ ਮਹੀਨੇ ਪਹਿਲਾਂ ਇਹ ਭਾਅ 7000 ਤੋਂ 7500 ਰੁਪਏ ਸੀ। ਰਾਜਸਥਾਨ ਤੋਂ ਆਉਣ ਵਾਲੀ ਇੱਟ ਕਰੀਬ 20 ਫ਼ੀਸਦੀ ਸਸਤੀ ਹੈ, ਪਰ ਗੁਣਵੱਤਾ ਅਤੇ ਮਜ਼ਬੂਤੀ ਪੱਖੋਂ ਲੋਕ ਇਸ ਨੂੰ ਘੱਟ ਤਰਜੀਹ ਦਿੰਦੇ ਹਨ।
ਕੰਕਰੀਟ ਬਲਾਕ ਬਣ ਰਹੇ ਬਦਲ
ਇੱਟਾਂ ਦੀ ਵਧਦੀ ਕੀਮਤ ਦਰਮਿਆਨ ਮਸ਼ੀਨ ਨਾਲ ਬਣੀਆਂ ਕੰਕਰੀਟ ਅਤੇ ਸੀਮੈਂਟ ਦੀਆਂ ਇੱਟਾਂ ਤੇ ਬਲਾਕ ਬਦਲ ਵਜੋਂ ਸਾਹਮਣੇ ਆ ਰਹੇ ਹਨ। ਜਲੰਧਰ ਦੇ ਬੁਢਿਆਣਾ ਨੇੜੇ ਕੰਕਰੀਟ ਇੱਟਾਂ ਬਣਾਉਣ ਵਾਲੇ ਪ੍ਰਾਜੈਕਟ ਦੇ ਮਾਲਕ ਜਗਜੀਤ ਸਿੰਘ ਮੁਤਾਬਕ ਪੰਜਾਬ ਵਿੱਚ ਅਜਿਹੇ 7-8 ਵੱਡੇ ਪਲਾਂਟ ਹੀ ਚੱਲ ਰਹੇ ਹਨ। ਉਨ੍ਹਾਂ ਅਨੁਸਾਰ ਲਾਲ ਇੱਟ ਕਰੀਬ 11 ਹਜ਼ਾਰ ਰੁਪਏ ਪ੍ਰਤੀ ਹਜ਼ਾਰ ਦੇ ਮੁਕਾਬਲੇ ਕੰਕਰੀਟ ਇੱਟ ਕਰੀਬ 9500 ਰੁਪਏ ਵਿੱਚ ਮਿਲ ਜਾਂਦੀ ਹੈ। ਇਨ੍ਹਾਂ ਦਾ ਆਕਾਰ ਮਿਆਰੀ ਹੋਣ ਕਾਰਨ ਚਿਣਾਈ ਵਿੱਚ ਵੀ ਘੱਟ ਇੱਟਾਂ ਲੱਗਦੀਆਂ ਹਨ ਅਤੇ ਪਲੱਸਤਰ ਲਈ ਰੇਤਾ, ਸੀਮੈਂਟ ਤੇ ਲੇਬਰ ਦੀ ਬੱਚਤ ਹੁੰਦੀ ਹੈ।
ਆਮ ਆਦਮੀ ਦਾ ਬਜਟ ਵਿਗੜਿਆ
ਜ਼ਮੀਨਾਂ ਦੀਆਂ ਵਧੀਆਂ ਕੀਮਤਾਂ, ਨਵੀਆਂ ਕਲੋਨੀਆਂ ਦੀਆਂ ਫੀਸਾਂ ਅਤੇ ਈਡੀਸੀ ਚਾਰਜਿਜ਼ ਤੋਂ ਬਾਅਦ ਇੱਟ, ਸੀਮੈਂਟ ਅਤੇ ਲੇਬਰ ਮਹਿੰਗੀ ਹੋਣ ਨਾਲ ਮਕਾਨ ਦੀ ਉਸਾਰੀ ਦਾ ਖਰਚਾ ਹੋਰ ਵਧ ਗਿਆ ਹੈ। ਮਾਹਿਰਾਂ ਮੁਤਾਬਕ ਜੇਕਰ ਆਧੁਨਿਕ ਤਕਨਾਲੋਜੀ ਅਤੇ ਕੰਕਰੀਟ ਬਲਾਕਾਂ ਨੂੰ ਵੱਡੇ ਪੱਧਰ ’ਤੇ ਨਹੀਂ ਅਪਣਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਆਪਣਾ ਘਰ ਬਣਾਉਣਾ ਆਮ ਨਾਗਰਿਕ ਦੀ ਪਹੁੰਚ ਤੋਂ ਹੋਰ ਦੂਰ ਹੋ ਸਕਦਾ ਹੈ।