ਫੋਕਲ ਪੁਆਇੰਟ-ਟਰਾਂਸਪੋਰਟ ਨਗਰ ’ਚੋਂ ਸਵੇਰੇ ਹਟਾਏ ਸ਼ਾਮ ਨੂੰ ਮੁੜ ਹੋਏ ਕਬਜ਼ੇ
ਫੋਕਲ ਪੁਆਇੰਟ-ਟਰਾਂਸਪੋਰਟ ਨਗਰ ਤੋਂ ਨਿਗਮ ਨੇ ਹਟਾਏ ਕਬਜ਼ੇ, ਕੁਝ ਘੰਟਿਆਂ ’ਚ ਮੁੜ ਸਜ ਗਈਆਂ ਰੇਹੜੀਆਂ-ਫੜੀਆਂ
Publish Date: Wed, 17 Jun 2026 10:15 PM (IST)
Updated Date: Wed, 17 Jun 2026 10:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਨੇ ਬੁੱਧਵਾਰ ਨੂੰ ਫੋਕਲ ਪੁਆਇੰਟ ਨੇੜੇ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ਤੇ ਟਰਾਂਸਪੋਰਟ ਨਗਰ ਫਲਾਈਓਵਰ ਹੇਠੋਂ ਕਬਜ਼ੇ ਹਟਾਏ ਪਰ ਸ਼ਾਮ ਤੱਕ ਉੱਥੇ ਮੁੜ ਕਬਜ਼ੇ ਹੋ ਗਏ। ਕਬਜ਼ਾਧਾਰੀ ਲਗਾਤਾਰ ਨਗਰ ਨਿਗਮ ਦੀ ਕਾਰਵਾਈ ਨੂੰ ਚੁਣੌਤੀ ਦੇ ਰਹੇ ਹਨ। ਨਗਰ ਨਿਗਮ ਨੇ ਕਾਰਵਾਈ ਦੌਰਾਨ ਕਰੀਬ 30 ਰੇਹੜੀਆਂ-ਫੜ੍ਹੀਆਂ ਹਟਾਈਆਂ ਤੇ ਕੁਝ ਦਾ ਸਾਮਾਨ ਵੀ ਜ਼ਬਤ ਕੀਤਾ ਸੀ ਪਰ ਟੀਮ ਦੇ ਵਾਪਸ ਜਾਂਦਿਆਂ ਹੀ ਸਰਵਿਸ ਲੇਨ ਤੇ ਫਲਾਈਓਵਰ ਹੇਠਾਂ ਦੁਬਾਰਾ ਰੇਹੜੀਆਂ-ਫੜ੍ਹੀਆਂ ਲੱਗ ਗਈਆਂ। ਇਨ੍ਹਾਂ ਕਬਜ਼ਿਆਂ ਕਾਰਨ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ ਤੇ ਸ਼ਾਮ ਵੇਲੇ ਸਰਵਿਸ ਰੋਡ ਤੇ ਅਕਸਰ ਜਾਮ ਦੀ ਸਥਿਤੀ ਬਣ ਜਾਂਦੀ ਹੈ। ਨਿਗਮ ਨੇ ਕੁਝ ਰੇਹੜੀ ਚਾਲਕਾਂ ਦਾ ਸਮਾਨ ਵੀ ਜ਼ਬਤ ਕੀਤਾ ਪਰ ਇਸ ਦਾ ਵੀ ਕਬਜ਼ਿਆਂ ਤੇ ਕੋਈ ਖਾਸ ਅਸਰ ਨਹੀਂ ਪਿਆ। ਨਿਗਮ ਟੀਮ ਦੇ ਇੰਸਪੈਕਟਰ ਬਲਜਿੰਦਰ ਸਿੰਘ ਨੇ ਕਿਹਾ ਕਿ ਹਾਈਵੇ ਦੀ ਸਰਵਿਸ ਰੋਡ ਤੇ ਲਗਾਤਾਰ ਕਾਰਵਾਈ ਜਾਰੀ ਰਹੇਗੀ ਤੇ ਸੜਕ ਨੂੰ ਕਬਜ਼ਾ ਮੁਕਤ ਕਰਵਾਇਆ ਜਾਵੇਗਾ। ਇਹ ਕਾਰਵਾਈ ਮੇਅਰ ਵਨੀਤ ਧੀਰ ਦੇ ਦੌਰੇ ਤੋਂ ਬਾਅਦ ਕੀਤੀ ਗਈ ਹੈ। ਤਿੰਨ ਦਿਨ ਪਹਿਲਾਂ ਮੇਅਰ ਨੇ ਸਰਵਿਸ ਰੋਡ ਦੇ ਮਾੜੇ ਹਾਲਾਤ ਦਾ ਜਾਇਜ਼ਾ ਲਿਆ ਸੀ ਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਦੇਖਭਾਲ ਨਾ ਕਰਨ ਕਾਰਨ ਨਿਗਮ ਪੱਧਰ ਤੇ ਕੰਮ ਕਰਵਾਉਣ ਦਾ ਫੈਸਲਾ ਕੀਤਾ ਸੀ। ਮੌਨਸੂਨ ਤੋਂ ਪਹਿਲਾਂ ਸਰਵਿਸ ਰੋਡ ਤੇ ਫਲਾਈਓਵਰ ਹੇਠਲੇ ਕਬਜ਼ੇ ਹਟਾਉਣ ਦਾ ਮਕਸਦ ਪਾਣੀ ਭਰਨ ਦੇ ਹਾਲਾਤ ’ਚ ਲੋਕਾਂ ਨੂੰ ਆਵਾਜਾਈ ਵਿਚ ਰਾਹਤ ਦੇਣਾ ਹੈ। ਮੇਅਰ ਨੇ ਵੀ ਸਪੱਸ਼ਟ ਕੀਤਾ ਹੈ ਕਿ ਕਬਜ਼ੇ ਹਟਾਉਣ ’ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਤਹਿ-ਬਾਜ਼ਾਰੀ ਟੀਮ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਇਹ ਮੁਹਿੰਮ ਕਮਿਸ਼ਨਰ ਸੰਦੀਪ ਰਿਸ਼ੀ ਤੇ ਜੁਆਇੰਟ ਕਮਿਸ਼ਨਰ ਡਾ. ਮਨਦੀਪ ਕੌਰ ਦੇ ਨਿਰਦੇਸ਼ਾਂ ਤੇ ਚਲਾਈ ਜਾ ਰਹੀ ਹੈ। ਸੁਪਰਡੈਂਟ ਕੁਲਵਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ ਟਰਾਂਸਪੋਰਟ ਨਗਰ ਨੇੜੇ ਸਬਜ਼ੀ ਮੰਡੀ ਲਈ ਵੱਖਰੀ ਥਾਂ ਤੈਅ ਕੀਤੀ ਹੈ। ਜ਼ਿਆਦਾਤਰ ਲੋਕ ਉੱਥੇ ਕੰਮ ਕਰ ਰਹੇ ਹਨ ਤੇ ਸਰਵਿਸ ਰੋਡ ਜਾਂ ਫਲਾਈਓਵਰ ਹੇਠਾਂ ਬੈਠਣ ਵਾਲਿਆਂ ਨੂੰ ਵੀ ਮੰਡੀ ਅੰਦਰ ਸ਼ਿਫਟ ਹੋਣ ਲਈ ਕਿਹਾ ਗਿਆ ਹੈ। ਆਉਣ ਵਾਲੇ ਦੋ-ਤਿੰਨ ਦਿਨਾਂ ’ਚ ਸਾਰਿਆਂ ਨੂੰ ਮੰਡੀ ’ਚ ਸ਼ਿਫਟ ਕਰ ਦਿੱਤਾ ਜਾਵੇਗਾ ਤੇ ਉਦੋਂ ਤੱਕ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਰੇਹੜੀਆਂ ਤੇ ਹੋਰ ਸਾਮਾਨ ਜ਼ਬਤ ਕੀਤਾ ਗਿਆ ਹੈ। ਕਬਜ਼ਿਆਂ ਕਾਰਨ ਮੁੱਖ ਸੜਕਾਂ ਤੇ ਅੰਡਰਪਾਸ ਨੇੜੇ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਤੇ ਰੋਜ਼ਾਨਾ ਟਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਰਹੀ ਸੀ। --------------------- ਨੈਸ਼ਨਲ ਹਾਈਵੇ ਤੇ ਨਿਗਮ ਨੇ ਖ਼ੁਦ ਸੰਭਾਲਿਆ ਮੋਰਚਾ ਜਲੰਧਰ: ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਲਾਪਰਵਾਹੀ ਮਗਰੋਂ ਹੁਣ ਨਗਰ ਨਿਗਮ ਨੇ ਖ਼ੁਦ ਹਾਈਵੇ ਤੇ ਮੋਰਚਾ ਸੰਭਾਲ ਲਿਆ ਹੈ। ਨਿਗਮ ਹਾਈਵੇ ਦੀ ਸਰਵਿਸ ਰੋਡ ਤੇ ਟ੍ਰੈਫਿਕ ਸੁਚਾਰੂ ਕਰਨ ਲਈ ਰਾਮਾ ਮੰਡੀ ਤੋਂ ਵੇਰਕਾ ਮਿਲਕ ਪਲਾਂਟ ਤੱਕ ਸਰਵਿਸ ਰੋਡ ਦੀ ਮੁਰੰਮਤ ਕਰੇਗਾ। ਜਿੱਥੇ-ਜਿੱਥੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪਲਾਈਨ ਵਿਛਾਉਣ ਲਈ ਸੜਕ ਤੋੜੀ ਗਈ ਹੈ, ਉਥੇ ਮਲਬਾ ਪਾ ਕੇ ਸੜਕ ਨੂੰ ਪੱਧਰਾ ਕੀਤਾ ਜਾਵੇਗਾ। ਫੋਕਲ ਪੁਆਇੰਟ ਤੋਂ ਪਠਾਨਕੋਟ ਚੌਕ ਤੱਕ ਦਾ ਹਿੱਸਾ ਮੁੱਖ ਤਰਜੀਹ ਹੈ। ਟ੍ਰੈਫਿਕ ਨੂੰ ਸੁਚਾਰੂ ਕਰਨ ਲਈ ਹੀ ਕਬਜ਼ੇ ਹਟਾਏ ਜਾਣਗੇ। ਸਰਵਿਸ ਰੋਡ ਤੇ ਫਲਾਈਓਵਰ ਦੇ ਹੇਠਾਂ ਕਬਜ਼ਿਆਂ ਕਾਰਨ ਟ੍ਰੈਫਿਕ ’ਚ ਮੁਸ਼ਕਲ ਆ ਰਹੀ ਸੀ ਅਤੇ ਜਦੋਂ ਮੀਂਹ ਦੇ ਦਿਨਾਂ ’ਚ ਪਾਣੀ ਭਰਦਾ ਹੁੰਦਾ ਹੈ ਤਾਂ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਮੇਅਰ ਵਨੀਤ ਧੀਰ ਨੇ ਹੁਕਮ ਦਿੱਤਾ ਹੈ ਕਿ ਦੋ-ਤਿੰਨ ਦਿਨਾਂ ’ਚ ਸੜਕ ਤੋਂ ਮਿੱਟੀ ਚੁੱਕਣ ਦਾ ਕੰਮ ਸ਼ੁਰੂ ਹੋਵੇਗਾ। ਟੋਏ ਭਰੇ ਜਾਣਗੇ ਤੇ ਜੋ ਜਿੱਥੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪਲਾਈਨ ਲਈ ਸੜਕ ਤੋੜੀ ਗਈ ਹੈ, ਉਥੇ ਮਲਬਾ ਪਾ ਕੇ ਸੜਕ ਨੂੰ ਪੱਧਰਾ ਕੀਤਾ ਜਾਣਾ ਹੈ। ਮੇਅਰ ਨੇ ਦੱਸਿਆ ਕਿ ਬੀ ਐਂਡ ਆਰ ਬ੍ਰਾਂਚ ਨੂੰ ਹੁਕਮ ਦਿੱਤਾ ਗਿਆ ਹੈ ਕਿ ਇਸ ਲਈ ਸੀਐਂਡਡੀ ਵੇਸਟ ਪਲਾਂਟ ਤੋਂ ਮਲਬਾ ਲਿਆ ਜਾਵੇ। ਇਸ ਦੇ ਨਾਲ ਹੀ ਗੌਰਵ ਗੁਪਤਾ ਕੰਟ੍ਰੈਕਟਰ ਨੂੰ ਸਰਵਿਸ ਲੇਨ ਤੋਂ ਮਿੱਟੀ, ਝਾੜੀਆਂ ਵੱਢਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਰੂਰਤ ਮੁਤਾਬਕ ਬੂਟੇ ਲਾਏ ਜਾਣਗੇ। ਮੌਨਸੂਨ ਨੂੰ ਦੇਖਦਿਆਂ ਪਾਣੀ ਭਰਨ ਰੋਕਣ ਲਈ ਸੜਕਾਂ ਦੀ ਸਫਾਈ ਕੀਤੀ ਜਾਵੇਗੀ ਅਤੇ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਕੀਤਾ ਜਾਵੇਗਾ। ਉਹ ਹਰ ਦੋ-ਤਿੰਨ ਦਿਨਾਂ ਬਾਅਦ ਖ਼ੁਦ ਨੈਸ਼ਨਲ ਹਾਈਵੇ ਦਾ ਦੌਰਾ ਕਰਨਗੇ ਤੇ ਜਿੱਥੇ ਵੀ ਕਮੀ ਦਿਸੇਗੀ, ਉਸ ਨੂੰ ਤੁਰੰਤ ਠੀਕ ਕਰਵਾਉਣਗੇ। ਪਿਛਲੇ ਸਾਲ ਮੌਨਸੂਨ ’ਚ ਪਾਣੀ ਭਰਨ ਤੇ ਟੁੱਟੀਆਂ ਸੜਕਾਂ ਕਾਰਨ ਸਰਵਿਸ ਲੇਨ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਨਿਗਮ ਦਾ ਦੋਸ਼ ਹੈ ਕਿ ਇਕ ਸਾਲ ਵਿਚ ਕਈ ਵਾਰੀ ਨੈਸ਼ਨਲ ਹਾਈਵੇ ਅਥਾਰਟੀ ਨੂੰ ਚਿੱਠੀਆਂ ਪਾਈਆਂ, ਮੀਟਿੰਗਾਂ ਕੀਤੀਆਂ ਗਈਆਂ ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਪਰ ਐੱਨਐੱਚਆਈਏ ਨੇ ਕੰਮ ਸ਼ੁਰੂ ਨਹੀਂ ਕੀਤਾ। ਹਾਈਵੇ ਅਥਾਰਟੀ ਦੀ ਲਾਪਰਵਾਹੀ ਕਾਰਨ ਸ਼ਹਿਰ ਦਾ ਅਕਸ ਖਰਾਬ ਹੋ ਰਿਹਾ ਹੈ। ਨੈਸ਼ਨਲ ਹਾਈਵੇ ਤੇ ਸਰਵਿਸ ਰੋਡ ਦੀ ਹਾਲਤ ਬਹੁਤ ਖਰਾਬ ਹੋਣ ਕਾਰਨ ਕਈ ਵਾਰੀ ਹਾਦਸੇ ਹੋ ਚੁੱਕੇ ਹਨ। ਪਾਣੀ ਭਰਨ ਕਾਰਨ ਆਸ-ਪਾਸ ਦੀਆਂ ਕਾਲੋਨੀਆਂ ’ਚ ਵੀ ਲੋਕ ਪਰੇਸ਼ਾਨ ਹਨ।