- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਗਮ ਨੇ ਛੋਟੇ ਟੈਂਡਰ ਰੱਦ ਕਰਕੇ ਐੱਲਈਡੀ ਲਾਈਟਾਂ ਲਈ ਵੱਡੇ ਟੈਂਡਰ ਲਗਾਏ, ਵਿੱਤੀ ਨੁਕਸਾਨ ਦਾ ਖਤਰਾ, ਠੇਕੇਦਾਰ ਵੀ ਨਾਰਾਜ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਵੱਲੋਂ ਸ਼ਹਿਰ ’ਚ ਨਵੀਆਂ ਐੱਲਈਡੀ ਸਟ੍ਰੀਟ ਲਾਈਟਾਂ ਲਗਾਉਣ ਲਈ ਪੰਜ ਟੈਂਡਰ ਜਾਰੀ ਕੀਤੇ ਗਏ ਹਨ। ਪਹਿਲਾਂ ਇਹੀ ਕੰਮ 26 ਹਿੱਸਿਆਂ ’ਚ ਵੰਡ ਕੇ ਛੋਟੇ-ਛੋਟੇ ਟੈਂਡਰਾਂ ਰਾਹੀਂ ਕਰਵਾਇਆ ਜਾਣਾ ਸੀ ਪਰ ਨਿਗਮ ਨੇ ਅਚਾਨਕ ਉਹ ਟੈਂਡਰ ਰੱਦ ਕਰਕੇ ਹੁਣ ਸਿਰਫ਼ ਪੰਜ ਵੱਡੇ ਟੈਂਡਰ ਜਾਰੀ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਜਾਰੀ ਕੀਤੇ ਗਏ ਛੋਟੇ ਟੈਂਡਰਾਂ ’ਚ ਐੱਲਈਡੀ ਸਟ੍ਰੀਟ ਲਾਈਟਾਂ ਦੀਆਂ ਦਰਾਂ ਘੱਟ ਸਨ, ਜਦਕਿ ਹੁਣ ਜਾਰੀ ਕੀਤੇ ਗਏ ਪੰਜ ਵੱਡੇ ਟੈਂਡਰਾਂ ’ਚ ਦਰਾਂ ਵੱਧ ਹਨ। ਇਸ ਕਾਰਨ ਨਗਰ ਨਿਗਮ ਨੂੰ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਨਾਲ ਹੀ ਛੋਟੇ ਠੇਕੇਦਾਰ ਵੀ ਨਾਰਾਜ਼ ਹਨ, ਕਿਉਂਕਿ ਉਨ੍ਹਾਂ ਨੂੰ ਕੰਮ ਮਿਲਣ ਦੀ ਸੰਭਾਵਨਾ ਘੱਟ ਹੋ ਗਈ ਹੈ। 26 ਛੋਟੇ ਟੈਂਡਰ ਰੱਦ ਕਰਕੇ ਪੰਜ ਵੱਡੇ ਟੈਂਡਰ ਜਾਰੀ ਕਰਨ ਪਿੱਛੇ ਇਕ ਕਾਰਨ ਵੱਡੇ ਠੇਕੇਦਾਰਾਂ ਨੂੰ ਕੰਮ ਦੇਣਾ ਵੀ ਦੱਸਿਆ ਜਾ ਰਿਹਾ ਹੈ। ਜਾਣਕਾਰਾਂ ਮੁਤਾਬਕ ਵੱਡੇ ਠੇਕੇਦਾਰ ਆਮ ਤੌਰ ’ਤੇ ਘੱਟ ਛੋਟ ਦਿੰਦੇ ਹਨ, ਜਦਕਿ ਛੋਟੇ ਠੇਕੇਦਾਰ ਵੱਧ ਛੋਟ ਦੇ ਕੇ ਨਿਗਮ ਦੀ ਬੱਚਤ ਕਰਵਾਉਂਦੇ ਹਨ। ਨਗਰ ਨਿਗਮ ਵੱਲੋਂ ਜਾਰੀ ਕੀਤੇ ਗਏ ਪੰਜ ਟੈਂਡਰਾਂ ਦੀ ਕੁੱਲ ਅਨੁਮਾਨਿਤ ਲਾਗਤ 9 ਕਰੋੜ 32 ਲੱਖ ਰੁਪਏ ਹੈ। ਇਨ੍ਹਾਂ ’ਚ ਹਾਈ ਮਾਸਟ ਲਾਈਟਾਂ ਵੀ ਸ਼ਾਮਲ ਹਨ। ਟੈਂਡਰਾਂ ਅਨੁਸਾਰ ਵਾਰਡ ਨੰਬਰ 3, 5, 9, 18, 24, 31, 33, 37, 38, 39, 44, 46, 47 ਤੇ 60 ’ਚ ਨਵੀਆਂ ਲਾਈਟਾਂ ਲਗਾਈਆਂ ਜਾਣਗੀਆਂ। ਨਗਰ ਨਿਗਮ ਵੱਲੋਂ ਕਰੋੜਾਂ ਰੁਪਏ ਦੀਆਂ ਲਾਈਟਾਂ ਲਾਉਣ ਲਈ ਟੈਂਡਰ ਜਾਰੀ ਕੀਤੇ ਗਏ ਹਨ ਪਰ ਇਸ ਕੰਮ ’ਚ ਮੁੱਖ ਤੌਰ ’ਤੇ ਵੱਡੇ ਠੇਕੇਦਾਰਾਂ ਦੇ ਹੀ ਹਿੱਸਾ ਲੈਣ ਦੀ ਸੰਭਾਵਨਾ ਹੈ। ਛੋਟੇ ਠੇਕੇਦਾਰਾਂ ਦੇ ਬਾਹਰ ਰਹਿ ਜਾਣ ਦੀ ਸੰਭਾਵਨਾ ਕਾਰਨ ਉਨ੍ਹਾਂ ’ਚ ਨਾਰਾਜ਼ਗੀ ਪਾਈ ਜਾ ਰਹੀ ਹੈ। ਪਹਿਲਾਂ ਛੋਟੇ ਟੈਂਡਰ ਜਾਰੀ ਕੀਤੇ ਗਏ ਸਨ ਪਰ ਬਾਅਦ ’ਚ ਉਨ੍ਹਾਂ ਨੂੰ ਇਕੱਠਾ ਕਰਕੇ ਵੱਡੇ ਟੈਂਡਰਾਂ ਦਾ ਰੂਪ ਦੇ ਦਿੱਤਾ ਗਿਆ। ਨਿਗਮ ਦੇ ਇਸ ਫ਼ੈਸਲੇ ਨੂੰ ਲੈ ਕੇ ਕਈ ਛੋਟੇ ਠੇਕੇਦਾਰਾਂ ਨੇ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਵੱਡੇ ਟੈਂਡਰ ਹੀ ਜਾਰੀ ਕਰਨੇ ਸਨ ਤਾਂ ਪਹਿਲਾਂ ਛੋਟੇ ਟੈਂਡਰਾਂ ’ਚ ਮਿਲੀਆਂ ਦਰਾਂ ਤੇ ਛੋਟ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਸੀ। ਚਰਚਾ ਇਹ ਵੀ ਹੈ ਕਿ ਹੁਣ ਲਾਈਟਾਂ ਦੀਆਂ ਕੀਮਤਾਂ ਪਹਿਲਾਂ ਨਾਲੋਂ ਵੱਧ ਹਨ। ਠੇਕੇਦਾਰਾਂ ਦਾ ਕਹਿਣਾ ਹੈ ਕਿ ਛੋਟੇ ਟੈਂਡਰਾਂ ’ਚ ਉਨ੍ਹਾਂ ਵੱਲੋਂ ਕਾਫ਼ੀ ਛੋਟ ਦਿੱਤੀ ਜਾਂਦੀ ਸੀ ਪਰ ਹੁਣ ਕਰੋੜਾਂ ਰੁਪਏ ਦੇ ਵੱਡੇ ਟੈਂਡਰਾਂ ’ਚ ਜੇ ਨਿਗਮ ਨੂੰ ਉਚਿਤ ਛੋਟ ਨਹੀਂ ਮਿਲਦੀ ਤਾਂ ਇਸ ਨਾਲ ਵਿੱਤੀ ਨੁਕਸਾਨ ਹੋ ਸਕਦਾ ਹੈ। ਟੈਂਡਰਾਂ ਤਹਿਤ 35 ਤੇ 72 ਵਾਟ ਦੀਆਂ ਸਟ੍ਰੀਟ ਲਾਈਟਾਂ, 10 ਮੀਟਰ ਜੀਆਈ ਆਕਟਾਗੋਨਲ ਪੋਲ, ਅੰਡਰਗ੍ਰਾਊਂਡ ਕੇਬਲ ਨੈੱਟਵਰਕ, ਸਟ੍ਰੀਟ ਲਾਈਟ ਕੰਟਰੋਲਰ, ਅਰਥਿੰਗ ਤੇ ਹਾਈ ਮਾਸਟ ਲਾਈਟ ਸਿਸਟਮ ਲਗਾਏ ਜਾਣਗੇ।