43 ਕਰੋੜ ਨਾਲ ਬਰਸਾਤ ਮਗਰੋਂ ਨਿਗਮ ਬਣਾਏਗਾ 80 ਕਿੱਲੋਮੀਟਰ ਸੜਕਾਂ ਕਈ ਕਾਲੋਨੀਆਂ ਵਿੱਚ ਸੜਕਾਂ ਤੇ ਪਾਰਕਾਂ ਦੀ ਹਾਲਤ ਖਰਾਬ
Publish Date: Thu, 09 Jul 2026 09:39 PM (IST)
Updated Date: Thu, 09 Jul 2026 09:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਕਈ ਵਾਰਡਾਂ ਤੇ ਕਾਲੋਨੀਆਂ ’ਚ ਸੜਕਾਂ ਤੇ ਪਾਰਕਾਂ ਦੀ ਹਾਲਤ ਬਹੁਤ ਖਰਾਬ ਹੈ। ਮੌਨਸੂਨ ਦੌਰਾਨ ਹੋਰ ਵੀ ਸੜਕਾਂ ਟੁੱਟਣ ਦੀ ਸੰਭਾਵਨਾ ਹੈ। ਕਈ ਵਾਰਡਾਂ ਦੀਆਂ ਅੰਦਰੂਨੀ ਸੜਕਾਂ ਨੂੰ ਨਵੇਂ ਸਿਰਿਓਂ ਬਣਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਕਈ ਪ੍ਰਮੁੱਖ ਪਾਰਕਾਂ ਦਾ ਵਿਕਾਸ ਕੀਤਾ ਜਾਵੇਗਾ ਤੇ ਮੁੱਖ ਸੜਕਾਂ ਤੇ ਫੁੱਟਪਾਥ ਵੀ ਬਣਾਏ ਜਾਣਗੇ। ਕਈ ਕਾਲੋਨੀਆਂ ਦੀਆਂ ਸੜਕਾਂ ਬਹੁਤ ਮਾੜੀ ਹਾਲਤ ’ਚ ਹਨ, ਜਿਨ੍ਹਾਂ ਨੂੰ ਬਣਾਉਣ ਦੀ ਮੰਗ ਲਗਾਤਾਰ ਉੱਠ ਰਹੀ ਹੈ। ਨਗਰ ਨਿਗਮ ਨੇ ਸ਼ਹਿਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਲਗਭਗ 80 ਕਿੱਲੋਮੀਟਰ ਸੜਕਾਂ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਕਪੂਰਥਲਾ ਰੋਡ ਤੇ ਫੁੱਟਪਾਥ, ਵਾਧੂ ਪਾਣੀ ਦੀ ਨਿਕਾਸੀ ਤੇ ਹੋਰ ਵਿਕਾਸ ਕਾਰਜ ਵੀ ਕੀਤੇ ਜਾਣਗੇ। ਬੂਟਾਂ ਮੰਡੀ ਦੇ ਡਾ. ਅੰਬੇਡਕਰ ਪਾਰਕ ਤੇ ਨਕੋਦਰ ਰੋਡ ਦੇ ਗ੍ਰੀਨ ਪਾਰਕ ਦਾ ਵੀ ਵਿਕਾਸ ਕੀਤਾ ਜਾਵੇਗਾ। ਜ਼ਿਆਦਾਤਰ ਸੜਕਾਂ ਸੀਮੈਂਟ-ਕੰਕਰੀਟ ਦੀਆਂ ਬਣਾਈਆਂ ਜਾਣਗੀਆਂ, ਜਦਕਿ ਲਗਭਗ 14 ਕਿੱਲੋਮੀਟਰ ਸੜਕਾਂ ਲੁੱਕ-ਬਜਰੀ ਨਾਲ ਤਿਆਰ ਕੀਤੀਆਂ ਜਾਣਗੀਆਂ। ਨਗਰ ਨਿਗਮ ਨੇ ਤਿੰਨ ਵਿਧਾਨ ਸਭਾ ਹਲਕਿਆਂ ਲਈ ਵੱਖ-ਵੱਖ ਪ੍ਰੋਜੈਕਟ ਤਿਆਰ ਕੀਤੇ ਹਨ ਅਤੇ ਕੁੱਲ ਸੱਤ ਟੈਂਡਰ ਜਾਰੀ ਕੀਤੇ ਹਨ। ਇਨ੍ਹਾਂ ਟੈਂਡਰਾਂ ਦੀ ਤਕਨੀਕੀ ਬੋਲੀ (ਟੈਕਨੀਕਲ ਬਿਡ) 16 ਜੁਲਾਈ ਨੂੰ ਖੋਲੀ ਜਾਵੇਗੀ। ਕੇਂਦਰ ਸਰਕਾਰ ਨੇ ਸਪੈਸ਼ਲ ਅਸਿਸਟੈਂਸ ਟੂ ਸਟੇਟਸ ਫਾਰ ਕੈਪਿਟਲ ਇਨਵੈਸਟਮੈਂਟ (ਐੱਸਏਐੱਸਸੀਆਈ) ਤਹਿਤ 23 ਸੂਬਿਆਂ ਨੂੰ ਵਿਕਾਸ ਕਾਰਜਾਂ ਲਈ 40 ਸਾਲਾਂ ਲਈ ਬਿਨਾਂ ਵਿਆਜ ਦੇ ਕਰਜ਼ਾ ਦਿੱਤਾ ਹੈ। ਇਸ ਯੋਜਨਾ ਤਹਿਤ ਸ਼ਹਿਰਾਂ ਨੂੰ ਵੀ ਫੰਡ ਮਿਲ ਚੁੱਕੇ ਹਨ। ਇਸ ਕਰ ਕੇ ਠੇਕੇਦਾਰਾਂ ਲਈ ਇਹ ਕੰਮ ਲਾਹੇਵੰਦ ਰਹੇਗਾ, ਕਿਉਂਕਿ ਉਨ੍ਹਾਂ ਨੂੰ ਭੁਗਤਾਨ ਵੀ ਸਮੇਂ ਸਿਰ ਮਿਲੇਗਾ। ਇਸ ਪੂਰੇ ਪ੍ਰੋਜੈਕਟ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਜਿਹੜੀਆਂ ਕੰਪਨੀਆਂ ਨੂੰ ਠੇਕੇ ਮਿਲਣਗੇ, ਉਨ੍ਹਾਂ ਨੂੰ ਚਾਰ ਮਹੀਨਿਆਂ ਦੇ ਅੰਦਰ ਕੰਮ ਪੂਰਾ ਕਰਨਾ ਹੋਵੇਗਾ। ਅਗਲੇ 6 ਤੋਂ 7 ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਪਹਿਲਾਂ ਸ਼ਹਿਰ ’ਚ ਵਿਕਾਸ ਕਾਰਜਾਂ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਕੰਮਾਂ ’ਚ ਕੈਂਟ ਹਲਕੇ ਦੇ ਪ੍ਰੋਜੈਕਟ ਸ਼ਾਮਲ ਨਹੀਂ ਹਨ। ਕੈਂਟ ਹਲਕੇ ਲਈ ਵੀ ਵੱਖਰੇ ਟੈਂਡਰ ਜਾਰੀ ਕੀਤੇ ਜਾ ਰਹੇ ਹਨ। ਨਗਰ ਨਿਗਮ ਦੀ ਬੀਐਂਡਆਰ ਸ਼ਾਖਾ ਨੇ ਤਿੰਨਾਂ ਹਲਕਿਆਂ ਦਾ ਸਰਵੇ ਕੀਤਾ ਤੇ ਕੌਂਸਲਰਾਂ ਤੋਂ ਆਪੋ-ਆਪਣੇ ਇਲਾਕਿਆਂ ਦੇ ਵਿਕਾਸ ਕਾਰਜਾਂ ਦੀ ਸੂਚੀ ਵੀ ਮੰਗੀ ਸੀ। ਉਸੇ ਦੇ ਆਧਾਰ ਤੇ ਇਹ ਟੈਂਡਰ ਜਾਰੀ ਕੀਤੇ ਗਏ ਹਨ। ----------------------- ਇਹ ਕੰਮ ਕੀਤੇ ਜਾਣਗੇ 1. ਨਾਰਥ ਜ਼ੋਨ-ਵਾਰਡ 1, 2, 3, 4, 83 ’ਤੇ 85 ਵਿੱਚ 10 ਕਿੱਲੋਮੀਟਰ ਲੰਬੀਆਂ ਸੀਮੈਂਟ-ਕੰਕਰੀਟ ਸੜਕਾਂ ਦਾ ਅੱਪਗ੍ਰੇਡੇਸ਼ਨ। ਅਨੁਮਾਨਿਤ ਲਾਗਤ : 9.70 ਕਰੋੜ ਰੁਪਏ। 2. ਨਾਰਥ ਜ਼ੋਨ-ਵਾਰਡ 4, 8, 82 ਅਤੇ 83 ’ਚ 14 ਕਿੱਲੋਮੀਟਰ ਲੁੱਕ-ਬਜਰੀ ਵਾਲੀਆਂ ਸੜਕਾਂ ਦਾ ਨਿਰਮਾਣ। ਲਾਗਤ : 6.20 ਕਰੋੜ ਰੁਪਏ। 3. ਵੈਸਟ ਜ਼ੋਨ-ਕਪੂਰਥਲਾ ਰੋਡ ਤੇ ਨਹਿਰ ਤੋਂ ਜਲੰਧਰ ਕੁੰਜ ਤੱਕ 8 ਕਿੱਲੋਮੀਟਰ ਫੁੱਟਪਾਥ, ਡਰੇਨੇਜ ਸਿਸਟਮ ਤੇ ਗ੍ਰਿਲ ਵਰਕ। ਲਾਗਤ : 5.78 ਕਰੋੜ ਰੁਪਏ। 4. ਵੈਸਟ ਜ਼ੋਨ-ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਨਗਰ ਨਿਗਮ ਦੀ ਹੱਦ ਤੱਕ ਗ੍ਰਿਲ ਵਰਕ ਤੇ ਗੁਰੂ ਰਵਿਦਾਸ ਮਾਰਕੀਟ, ਨਕੋਦਰ ਰੋਡ ਤੇ 8.4 ਕਿੱਲੋਮੀਟਰ ਸੜਕ ਚੌੜੀਕਰਨ। ਲਾਗਤ : 5.08 ਕਰੋੜ ਰੁਪਏ। 5. ਵੈਸਟ ਜ਼ੋਨ-ਬੂਟਾਂ ਮੰਡੀ ਦੇ ਡਾ. ਬੀ.ਆਰ. ਅੰਬੇਡਕਰ ਪਾਰਕ ਤੇ ਨਕੋਦਰ ਰੋਡ ਦੇ ਗ੍ਰੀਨ ਪਾਰਕ ਦਾ ਵਿਕਾਸ, 120 ਫੁੱਟ ਰੋਡ ਤੇ ਲਿੰਕ ਕਾਲੋਨੀ ’ਚ ਸੀਮੈਂਟ-ਕੰਕਰੀਟ ਨਿਰਮਾਣ। ਕੁੱਲ ਲੰਬਾਈ : 3.1 ਕਿੱਲੋਮੀਟਰ। ਲਾਗਤ : 5.32 ਕਰੋੜ ਰੁਪਏ। 6. ਸੈਂਟਰਲ ਜ਼ੋਨ-ਵੱਖ-ਵੱਖ ਵਾਰਡਾਂ ਵਿੱਚ 27.88 ਕਿੱਲੋਮੀਟਰ ਸੀਮੈਂਟ-ਕੰਕਰੀਟ ਸੜਕਾਂ ਦਾ ਨਿਰਮਾਣ। ਲਾਗਤ : 5.17 ਕਰੋੜ ਰੁਪਏ। 7. ਸੈਂਟਰਲ ਜ਼ੋਨ-ਵਾਰਡ 9, 12, 19, 20, 21, 22 ਅਤੇ 25 ਵਿੱਚ 21.70 ਕਿੱਲੋਮੀਟਰ ਸੀਮੈਂਟ-ਕੰਕਰੀਟ ਸੜਕਾਂ ਦਾ ਨਿਰਮਾਣ। ਲਾਗਤ : 5.39 ਕਰੋੜ ਰੁਪਏ। ---------------------------- ਕਪੂਰਥਲਾ ਰੋਡ ਦੇ ਵਿਕਾਸ ਤੇ ਖ਼ਾਸ ਧਿਆਨ ਗ੍ਰਾਂਟ ਦੇ ਫੰਡ ਨਾਲ ਕਪੂਰਥਲਾ ਰੋਡ ਦੇ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਬਸਤੀ ਬਾਵਾ ਖੇਲ ਨਹਿਰ ਤੋਂ ਨਗਰ ਨਿਗਮ ਦੀ ਹੱਦ ਤੱਕ ਫੁੱਟਪਾਥ ਬਣਾਏ ਜਾਣਗੇ ਤਾਂ ਜੋ ਲੋਕਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣ ਸਕੇ। ਕਪੂਰਥਲਾ ਰੋਡ ਤੇ ਸਰਜੀਕਲ, ਲੈਦਰ ਅਤੇ ਵਰੀਆਣਾ ਉਦਯੋਗਿਕ ਕੰਪਲੈਕਸ ਸਥਿਤ ਹਨ, ਜਿੱਥੇ ਹਜ਼ਾਰਾਂ ਲੋਕ ਕੰਮ ਕਰਦੇ ਹਨ। ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਫੁੱਟਪਾਥ ਬਣਾਏ ਜਾਣਗੇ। ਇਸ ਤੋਂ ਇਲਾਵਾ ਇੱਥੇ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾਵੇਗਾ। ਕਪੂਰਥਲਾ ਰੋਡ ਤੇ ਮੇਅਰ ਵਨੀਤ ਧੀਰ ਦਾ ਨਿਵਾਸ ਵੀ ਹੈ। ਇਸ ਲਈ ਸ਼ਹਿਰ ਦੇ ਇਸ ਪ੍ਰਵੇਸ਼ ਮਾਰਗ ਨੂੰ ਸੁੰਦਰ ਬਣਾਉਣ ਦੇ ਉਦੇਸ਼ ਨਾਲ ਗ੍ਰੀਨ ਏਰੀਆ ਦਾ ਵਿਕਾਸ ਤੇ ਸੈਂਟਰਲ ਵਰਜ ਤੇ ਗ੍ਰਿਲਾਂ ਲਗਾਉਣ ਦਾ ਕੰਮ ਵੀ ਕੀਤਾ ਜਾਵੇਗਾ। ਇਸ ਪੂਰੇ ਪ੍ਰੋਜੈਕਟ ਲਈ 5.78 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।