- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ-ਅੰਮ੍ਰਿਤਸਰ-ਜਾਮ ਨਗਰ ਕਰਕੇ ਪਿੰਡ ਵਾਸੀਆਂ ਦਾ ਹੋਇਆ ਨੱਕ ’ਚ ਦਮ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਬਠਿੰਡਾ-ਅੰਮ੍ਰਿਤਸਰ-ਜਾਮ ਨਗਰ ਐੱਕਸਪ੍ਰੈੱਸ ਵੇ ਨੇੜਲਾ ਪਿੰਡ ਮੰਗੂਵਾਲ ਦੇ ਐਨ ਨੇੜਿਓਂ ਹੀ ਲੰਘਦਾ ਹੈ ਤੇ ਬਣਦਾ ਹੋਣ ਕਰਕੇ ਪਿੰਡ ਦੇ ਸਾਰੇ ਵਸਨੀਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਆਖ਼ਰਕਾਰ ਅੱਜ ਲੋਕਾਂ ਨੇ ਇਕੱਠੇ ਹੋ ਕੇ ਸੜਕ ’ਤੇ ਧਰਨਾ ਮਾਰ ਕੇ ਕੰਪਨੀ ਦੀਆਂ ਸਾਰੀਆਂ ਗੱਡੀਆਂ ਬੰਦ ਕਰਵਾ ਦਿੱਤੀਆਂ। ਉੱਥੇ ਮੌਜੂਦ ਕਰਮਚਾਰੀਆਂ ਵੱਲੋਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤੇ ਜਾਣ ਤੇ ਕੁੱਝ ਕਰਮੀਆਂ ਨੇ ਮੌਕੇਤੇ ਪੁੱਜ ਕੇ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਤੇ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਕਦਮ ਚੁੱਕੇ ਗਏ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੋਕਾਂ ਵੱਲੋਂ ਕਿਹਾ ਗਿਆ ਕਿ ਇਕ ਹਫ਼ਤਾ ਹੋਇਆ ਹੈ ਕਿ ਸੜਕ ਹੇਠੋਂ ਲੰਘਦੀ ਬਿਜਲੀ ਦੀ ਲਾਈਨ ਕੰਪਨੀ ਦੀ ਕਿਸੇ ਮਸ਼ੀਨ ਵੱਲੋਂ ਤੋੜ ਦਿੱਤੀ ਗਈ, ਇਸ ਕਰਕੇ ਤਿੰਨ ਟਿਊਬਵੈੱਲਾਂ ਦੀਆਂ ਮੋਟਰਾਂ ਬੰਦ ਹੋ ਗਈਆਂ। ਹੁਣ ਝੋਨਾ ਲੱਗ ਰਿਹਾ ਹੈ ਅਤੇ ਮੋਟਰਾਂ ਬੰਦ ਹੋਣ ਕਰਕੇ ਉਹ ਝੋਨਾ ਲਗਾਉਣ ਤੋਂ ਲੇਟ ਹੋ ਰਹੇ ਹਨ। ਲੱਗਾ ਝੋਨਾ ਪਾਣੀ ਨਾ ਮਿਲਣ ਕਰਕੇ ਸੁੱਕ ਰਿਹਾ ਹੈ। ਸਭ ਤੋਂ ਅਜੀਬ ਸਥਿਤੀ ਦਾ ਸਾਹਮਣਾ ਤਾਂ ਉਦੋਂ ਕਰਨਾ ਪਿਆ ਜਦੋਂ 97288-63005 ਵਾਲੇ ਫੋਨ ਨੰਬਰ ’ਤੇ ਵਿਕਾਸ ਨਾਮ ਦੇ ਵਿਅਕਤੀ ਨਾਲ ਸੰਪਰਕ ਕੀਤਾ ਗਿਆ ਤਾਂ ਗੱਲ ਕਰਨ ਤੋਂ ਬਾਅਦ ਨੰਬਰ ਹੀ ਬਲਾਕ ਕਰ ਦਿੱਤਾ। ਮਨਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵੱਲੋਂ ਕਿਹਾ ਗਿਆ ਕਿ ਕੁੱਝ ਦਿਨ ਪਹਿਲਾਂ ਸੜਕ ਤੇ ਕੰਮ ਕਰਦੀਆਂ ਮਸ਼ੀਨਾਂ ਨਾਲ ਬਿਜਲੀ ਦਾ ਖੰਭਾ ਟੁੱਟ ਗਿਆ, ਜਿਸ ਕਰਕੇ ਮੋਟਰਾਂ ਦੇ ਨਾਲ-ਨਾਲ ਘਰੇਲੂ ਲਾਈਟ ਵੀ ਬੰਦ ਹੋ ਗਈ। ਖੰਭਾ ਦੁਬਾਰਾ ਲਗਾਉਣ ਦਾ ਕਹੇ ਜਾਣ ’ਤੇ ਇਕ ਵਿਅਕਤੀ ਵੱਲੋਂ ਉਨ੍ਹਾਂ ਤੋਂ ਤਿੰਨ ਹਜ਼ਾਰ ਰੁਪਏ ਲੈ ਲਏ ਗਏ ਅਤੇ ਫਿਰ ਹੀ ਉਸਨੇ ਖੰਭਾ ਲਗਵਾਇਆ ਤਾਂ ਜਾ ਕੇ ਲਾਈਟ ਚਾਲੂ ਹੋ ਸਕੀ।
ਉਕਤ ਤੋਂ ਇਲਾਵਾ ਸੁਖਰਾਜ ਸਿੰਘ ਪੁੱਤਰ ਕਮਲ ਸਿੰਘ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਜ਼ਮੀਨ ਨੂੰ ਪਾਣੀ ਦੇਣ ਲਈ ਜ਼ਮੀਨਦੋਜ਼ ਪਲਾਸਟਿਕ ਦਾ ਪਾਈਪ ਪਾਇਆ ਹੋਇਆ ਹੈ ਜੋ ਕੰਪਨੀ ਦੀ ਕਿਸੇ ਮਸ਼ੀਨ ਵੱਲੋਂ ਤੋੜ ਦਿੱਤਾ ਗਿਆ, ਜਿਸ ਨੂੰ ਬਨਵਾਉਣ ਲਈ ਕੰਪਨੀ ਦੇ ਅਧਿਕਾਰੀਆਂ ਦੀਆਂ ਮਿੰਨਤਾਂ ਤੱਕ ਕੀਤੀਆਂ ਗਈਆਂ ਹਨ ਪਰ ਕੋਈ ਸੁਣਵਾਈ ਨਾ ਹੋਣ ਕਰਕੇ ਦੋ ਮਹੀਨੇ ਹੋ ਗਏ ਉਹ ਆਪਣੀ ਜ਼ਮੀਨ ਨੂੰ ਪਾਣੀ ਲਗਾਉਣੋਂ ਬੈਠੇ ਹਨ। ਉਕਤ ਤੋਂ ਇਲਾਵਾ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਵੱਡੀਆਂ ਮਸ਼ੀਨਾਂ ਟਿੱਪਰ ਆਦਿ ਦੇ ਚੱਲਣ ਨਾਲ ਮਿੱਟੀ-ਘੱਟਾ ਵੱਡੀ ਮਾਤਰਾ ਵਿਚ ਉੱਡਦਾ ਹੈ, ਜੋ ਸੜਕ ਦੇ ਨੇੜੇ ਪੈਂਦੀਆਂ ਫ਼ਸਲਾਂ ਤੇ ਪੈਂਦਾ ਹੈ ਤੇ ਫ਼ਸਲਾਂ ਦਾ ਬਹੁਤ ਨੁਕਸਾਨ ਕਰਦਾ ਹੈ। ਮੌਕੇ ’ਤੇ ਰਣਜੀਤ ਸਿੰਘ ਅਲੀ ਵਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਯੂਨੀਅਨ (ਕੋਟ-ਬੁੱਢਾ) ਲਖਵੀਰ ਸਿੰਘ ਕੰਗ , ਨਿਰਮਲ ਸਿੰਘ ਨਵਾਂ ਪਿੰਡ ਦੋਨੇ ਵਾਲ ਕਿਸਾਨ ਆਗੂ, ਸੁਰਿੰਦਰ ਸਿੰਘ, ਮਿਹਰ ਸਿੰਘ, ਹਰਬੰਸ ਸਿੰਘ, ਮੰਗਲ ਸਿੰਘ, ਬਲਬੀਰ ਸਿੰਘ, ਅਮਰਜੀਤ ਸਿੰਘ, ਦਲਜੀਤ ਸਿੰਘ, ਸਲਿੰਦਰ ਸਿੰਘ, ਮਨਜੀਤ ਸਿੰਘ, ਸੁਖਜਿੰਦਰ ਸਿੰਘ, ਪ੍ਰੇਮ ਸਿੰਘ, ਪਵਨਪ੍ਰੀਤ ਸਿੰਘ, ਗੁਰਮੇਜ ਸਿੰਘ, ਚਰਨ ਸਿੰਘ, ਗੁਰਨਾਮ ਸਿੰਘ, ਮਹਿੰਦਰ ਸਿੰਘ ਅਤੇ ਜਰਨੈਲ ਸਿੰਘ ਵੀ ਮੌਜੂਦ ਸਨ।