ਇਨਾਇਤ ਗੁਲਾਟੀ ਦੀ ਏਸ਼ੀਆ ਚੈਂਪੀਅਨਸ਼ਿਪ ਲਈ ਚੋਣ ਸੱਤ ਸਾਲ ਦੀ ਉਮਰ ਵਿੱਚ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ, ਏਸ਼ੀਆ ਚੈਂਪੀਅਨਸ਼ਿਪ ਲਈ ਚੁਣੀ ਗਈ ਇਨਾਇਤ ਗੁਲਾਟੀ
Publish Date: Mon, 06 Jul 2026 11:10 PM (IST)
Updated Date: Mon, 06 Jul 2026 11:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੱਤੀ ਬੈਡਮਿੰਟਨ ਅਕੈਡਮੀ ਦੀ ਖਿਡਾਰਨ ਇਨਾਇਤ ਗੁਲਾਟੀ ਨੇ ਬੈਂਗਲੁਰੂ ਵਿੱਚ ਚੱਲ ਰਹੀ ਆਲ ਇੰਡੀਆ ਸਬ-ਜੂਨੀਅਰ ਅੰਡਰ-15 ਅਤੇ ਅੰਡਰ-17 ਰੈਂਕਿੰਗ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਥਾਂ ਬਣਾਈ ਹੈ। ਫਾਈਨਲ ਵਿੱਚ ਪਹੁੰਚਣ ਦੇ ਨਾਲ ਹੀ ਉਸ ਨੇ 8 ਤੋਂ 13 ਸਤੰਬਰ ਤੱਕ ਚੀਨ ਵਿੱਚ ਹੋਣ ਵਾਲੀ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਇਨਾਇਤ ਦਾ ਇਹ ਚੋਣ ਜਲੰਧਰ ਲਈ ਮਾਣ ਵਾਲੀ ਗੱਲ ਹੈ। ਫਗਵਾੜਾ ਦੀ ਰਹਿਣ ਵਾਲੀ ਇਨਾਇਤ ਜਲੰਧਰ ਵੱਲੋਂ ਖੇਡਦੀ ਹੈ ਅਤੇ ਰੱਤੀ ਬੈਡਮਿੰਟਨ ਅਕੈਡਮੀ ਵਿੱਚ ਅਭਿਆਸ ਕਰਦੀ ਹੈ। ਸਾਲ 2021 ਤੋਂ ਉਹ ਜ਼ਿਲ੍ਹਾ ਅਤੇ ਸੂਬਾ ਚੈਂਪੀਅਨ ਬਣਨ ਦੇ ਨਾਲ-ਨਾਲ ਲਗਾਤਾਰ ਰਾਸ਼ਟਰੀ ਪੱਧਰ ਤੇ ਤਗਮੇ ਜਿੱਤ ਰਹੀ ਹੈ। ਦਿੱਲੀ ਪਬਲਿਕ ਸਕੂਲ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਇਨਾਇਤ ਨੇ ਪਿਛਲੇ ਸਾਲ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਵੀ ਤਗਮਾ ਜਿੱਤਿਆ ਸੀ। ਜਨਵਰੀ ਵਿੱਚ ਬੈਡਮਿੰਟਨ ਫੈਡਰੇਸ਼ਨ ਆਫ ਇੰਡੀਆ ਵੱਲੋਂ ਜਾਰੀ ਆਲ ਇੰਡੀਆ ਰੈਂਕਿੰਗ ਵਿੱਚ ਉਹ ਆਪਣੀ ਸ਼੍ਰੇਣੀ ਵਿੱਚ ਨੰਬਰ ਇੱਕ ਤੇ ਰਹੀ। ਅੰਡਰ-15 ਮਿਕਸਡ ਡਬਲ ਵਿੱਚ ਉਹ ਦੇਸ਼ ਦੀ ਨੰਬਰ ਇੱਕ ਖਿਡਾਰਨ ਹੈ, ਜਦਕਿ ਅੰਡਰ-15 ਲੜਕੀਆਂ ਦੇ ਸਿੰਗਲ ਵਰਗ ਵਿੱਚ ਦੇਸ਼ ਦੀ ਚੌਥੇ ਨੰਬਰ ਦੀ ਖਿਡਾਰਨ ਹੈ। ---------------------- ਸੱਤ ਸਾਲ ਦੀ ਉਮਰ ਵਿੱਚ ਬੈਡਮਿੰਟਨ ਸ਼ੁਰੂ ਕੀਤਾ ਇਨਾਇਤ ਨੇ ਸਿਰਫ਼ ਸੱਤ ਸਾਲ ਦੀ ਉਮਰ ਵਿੱਚ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਸੀ। ਉਹ ਪਰਿਵਾਰਕ ਸਮਾਗਮਾਂ ਜਾਂ ਰਿਸ਼ਤੇਦਾਰਾਂ ਦੇ ਵਿਆਹਾਂ ਵਿੱਚ ਜਾਣ ਨਾਲੋਂ ਆਪਣੇ ਖੇਡ ਨੂੰ ਵਧੇਰੇ ਤਰਜੀਹ ਦਿੰਦੀ ਹੈ। ਇੱਕ ਵਾਰ ਪਰਿਵਾਰ ਵਿੱਚ ਵਿਆਹ ਸੀ, ਪਰ ਅਗਲੇ ਦਿਨ ਟੂਰਨਾਮੈਂਟ ਹੋਣ ਕਾਰਨ ਉਹ ਵਿਆਹ ਵਿੱਚ ਨਾ ਜਾ ਕੇ ਮੁਕਾਬਲੇ ਵਿੱਚ ਸ਼ਾਮਲ ਹੋਈ। ਪਿਛਲੇ ਸਾਲ ਰਾਸ਼ਟਰੀ ਰੈਂਕਿੰਗ ਟੂਰਨਾਮੈਂਟ ਵਿੱਚ ਉਹ ਪੰਜਾਬ ਟੀਮ ਦੀ ਇਕੱਲੀ ਲੜਕੀ ਸੀ। ਉਸ ਨੇ ਅੰਡਰ-15 ਮਿਕਸਡ ਡਬਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਸਿੰਗਲ ਵਰਗ ਵਿੱਚ ਤੇਲੰਗਾਨਾ ਦੀ ਖਿਡਾਰਨ ਨੂੰ ਹਰਾ ਕੇ ਵੀ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਗਰਮੀ ਅਤੇ ਸਰਦੀ ਦੋਹਾਂ ਮੌਸਮਾਂ ਵਿੱਚ ਉਹ ਰੋਜ਼ ਤਿੰਨ ਟ੍ਰੇਨਿੰਗ ਸੈਸ਼ਨ ਕਰਦੀ ਹੈ। ਸਵੇਰੇ ਪੰਜ ਵਜੇ ਉਸ ਦਾ ਫਿਟਨੈੱਸ ਸੈਸ਼ਨ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਉਸੇ ਵੇਲੇ ਅਕੈਡਮੀ ਲਈ ਨਿਕਲ ਜਾਂਦੀ ਹੈ। ਗੱਡੀ ਵਿੱਚ ਹੀ ਕਿਤਾਬਾਂ ਰੱਖੀਆਂ ਹੁੰਦੀਆਂ ਹਨ ਅਤੇ ਟ੍ਰੇਨਿੰਗ ਤੋਂ ਬਾਅਦ ਜਾਂ ਸਫ਼ਰ ਦੌਰਾਨ ਪੜ੍ਹਾਈ ਕਰ ਲੈਂਦੀ ਹੈ। ਉਹ ਕੋਚ ਗਗਨ ਰੱਤੀ ਅਤੇ ਸਚਿਨ ਰੱਤੀ ਦੀ ਦੇਖਰੇਖ ਹੇਠ ਅਭਿਆਸ ਕਰ ਰਹੀ ਹੈ। ਇਨਾਇਤ ਦੀ ਮਾਤਾ ਸ਼ਿਵਾਨੀ ਨੇ ਦੱਸਿਆ ਕਿ ਉਸ ਨੇ ਸੱਤ ਸਾਲ ਦੀ ਉਮਰ ਵਿੱਚ ਖੇਡਣਾ ਸ਼ੁਰੂ ਕੀਤਾ ਸੀ ਅਤੇ ਅੱਜ ਬੈਡਮਿੰਟਨ ਉਸ ਦਾ ਜ਼ੁਨੂਨ ਬਣ ਚੁੱਕਾ ਹੈ। ਅੱਠ ਸਾਲ ਦੀ ਉਮਰ ਵਿੱਚ ਹੀ ਉਹ ਪਹਿਲੀ ਵਾਰ ਜ਼ਿਲ੍ਹਾ ਚੈਂਪੀਅਨ ਬਣ ਗਈ ਸੀ।