ਐੱਸਐੱਸਪੀ ਵੱਲੋਂ ਸਪੈਸ਼ਲ ਨਾਕਾਬੰਦੀ ਤੇ ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ਦਾ ਜਾਇਜ਼ਾ ਐੱਸਐੱਸਪੀ ਜਲੰਧਰ ਦਿਹਾਤੀ ਵੱਲੋਂ ਜ਼ਿਲ੍ਹਾ ਪੱਧਰੀ ਸਪੈਸ਼ਲ ਨਾਕਾਬੰਦੀ ਅਤੇ ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ਦਾ ਜਾਇਜ਼ਾ
Publish Date: Thu, 09 Jul 2026 07:40 PM (IST)
Updated Date: Thu, 09 Jul 2026 07:42 PM (IST)
-ਆਮ ਲੋਕਾਂ ਦੀ ਸੁਰੱਖਿਆ ਲਈ ਚੈਕਿੰਗ ਤੇ ਗਸ਼ਤ ਕੀਤੀ ਗਈ ਸਖ਼ਤ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦਿਹਾਤੀ ਪੁਲਿਸ ਵੱਲੋਂ ਸਿਟੀ ਸਰਵਿਲੈਂਸ ਪਲਾਨ ਤਹਿਤ ਜ਼ਿਲ੍ਹਾ ਪੱਧਰ ਤੇ ਸਪੈਸ਼ਲ ਨਾਕਾਬੰਦੀ ਤੇ ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ਚਲਾਇਆ ਗਿਆ। ਆਪ੍ਰੇਸ਼ਨ ਦੌਰਾਨ ਸਬੰਧਤ ਥਾਣਾ ਮੁਖੀਆਂ ਦੀ ਅਗਵਾਈ ਹੇਠ ਪੁਲਿਸ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਰਣਨੀਤਕ ਸਥਾਨਾਂ, ਮੁੱਖ ਸੜਕਾਂ, ਸੰਵੇਦਨਸ਼ੀਲ ਇਲਾਕਿਆਂ ਤੇ ਆਉਣ-ਜਾਣ ਵਾਲੇ ਰਸਤਿਆਂ ਤੇ ਵਿਸ਼ੇਸ਼ ਨਾਕੇ ਲਗਾਏ ਗਏ। ਇਸ ਦੌਰਾਨ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਤੇ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਗਸ਼ਤ ਹੋਰ ਤੇਜ਼ ਕੀਤੀ ਗਈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਅਧਿਕਾਰੀਆਂ ਸਮੇਤ ਵੱਖ-ਵੱਖ ਨਾਕਿਆਂ ਤੇ ਚੈਕਿੰਗ ਪੁਆਇੰਟਾਂ ਦਾ ਖੁਦ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਤੇ ਚੱਲ ਰਹੇ ਆਪ੍ਰੇਸ਼ਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਹਰ ਸਮੇਂ ਚੌਕਸ ਰਹਿਣ, ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕਰਨ, ਸੁਰੱਖਿਆ ਸਬੰਧੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਆਮ ਲੋਕਾਂ ਨਾਲ ਨਿਮਰਤਾ ਤੇ ਪੇਸ਼ੇਵਰਾਨਾ ਢੰਗ ਨਾਲ ਪੇਸ਼ ਆਉਣ ਦੇ ਨਿਰਦੇਸ਼ ਦਿੱਤੇ। ਰਾਤ ਸਮੇਂ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਜ਼ਿਲ੍ਹੇ ਭਰ ’ਚ ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ਵੀ ਹੋਰ ਤੇਜ਼ ਕੀਤੇ ਗਏ। ਪੁਲਿਸ ਟੀਮਾਂ ਵੱਲੋਂ ਸੰਵੇਦਨਸ਼ੀਲ ਇਲਾਕਿਆਂ ’ਚ ਲਗਾਤਾਰ ਗਸ਼ਤ ਤੇ ਨਿਗਰਾਨੀ ਕੀਤੀ ਗਈ ਤਾਂ ਜੋ ਅਪਰਾਧਾਂ ਨੂੰ ਰੋਕਿਆ ਜਾ ਸਕੇ ਸਮਾਜ ਵਿਰੋਧੀ ਅਨਸਰਾਂ ਤੇ ਨਕੇਲ ਕੱਸੀ ਜਾ ਸਕੇ, ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ ਤੇ ਜ਼ਿਲ੍ਹੇ ’ਚ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਿਆ ਜਾ ਸਕੇ। ਐੱਸਐੱਸਪੀ ਨੇ ਦੱਸਿਆ ਕਿ ਪੁਲਿਸਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਿਭਾਗਾਂ ਤੇ ਸਬੰਧਤ ਧਿਰਾਂ ਨਾਲ ਨਿਯਮਿਤ ਤੌਰ ਤੇ ਤਾਲਮੇਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਟ੍ਰੈਫਿਕ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤੇ ਸਪੈਸ਼ਲ ਡੀਜੀਪੀ ਟ੍ਰੈਫਿਕ ਵੱਲੋਂ ਜਾਰੀ ਹਦਾਇਤਾਂ ਨੂੰ ਸਾਰੇ ਸਬ-ਡਵੀਜ਼ਨਾਂ ’ਚ ਸਬੰਧਤ ਡੀਐੱਸਪੀਜ਼ ਤੇ ਐੱਸਐੱਚਓਜ਼ ਦੀ ਨਿਗਰਾਨੀ ਹੇਠ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਆਮ ਲੋਕਾਂ ਨੂੰ ਸੁਰੱਖਿਅਤ, ਸ਼ਾਂਤਮਈ ਤੇ ਭੈਅ-ਮੁਕਤ ਮਾਹੌਲ ਪ੍ਰਦਾਨ ਕਰਨ ਲਈ ਸਪੈਸ਼ਲ ਨਾਕਾਬੰਦੀ, ਨਾਈਟ ਡੋਮੀਨੇਸ਼ਨ ਤੇ ਵਿਸ਼ੇਸ਼ ਚੈਕਿੰਗ ਮੁਹਿੰਮਾਂ ਇੰਝ ਹੀ ਜਾਰੀ ਰਹਿਣਗੀਆਂ।