- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਖਰਾਬ ਟ੍ਰੈਫਿਕ ਲਾਈਟਾਂ ਨਾਲ

-ਖਰਾਬ ਟ੍ਰੈਫਿਕ ਲਾਈਟਾਂ ਨਾਲ ਵਧ ਰਹੇ ਜਾਮ ਤੇ ਹਾਦਸਿਆਂ ਦੇ ਖ਼ਤਰੇ, ਲੋਕ ਪੁੱਛ ਰਹੇ-ਰੁਕਣਾ ਹੈ ਜਾਂ ਨਿਕਲਣਾ?
- ਟ੍ਰੈਫਿਕ ਪੁਲਿਸ ਨੇ ਨਗਰ ਨਿਗਮ ਨੂੰ ਕਈ ਵਾਰ ਲਿਖਿਆ, ਹੁਣ ਸਮਾਰਟ ਸਿਸਟਮ ਲਾਉਣ ਦੀ ਤਿਆਰੀ
ਸੁਕਰਾਂਤ, ਜਾਗਰਣ, ਜਲੰਧਰ :
ਜਲੰਧਰ ਸ਼ਹਿਰ ’ਚ ਇਸ ਸਮੇਂ ਟ੍ਰੈਫਿਕ ਪ੍ਰਬੰਧਾਂ ਇਕ ਅਜੀਬ ਜਿਹੀ ਸਥਿਤੀ ਬਣੀ ਹੋਈ ਹੈ। ਇਕ ਪਾਸੇ ਕਰੋੜਾਂ ਰੁਪਏ ਦੀ ਲਾਗਤ ਨਾਲ ਸਥਾਪਤ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈਟੀਐੱਮਐੱਸ) ਰਾਹੀਂ ਈ-ਚਾਲਾਨ ਲਗਾਤਾਰ ਜਾਰੀ ਕੀਤੇ ਜਾ ਰਹੇ ਹਨ, ਦੂਜੇ ਪਾਸੇ ਸ਼ਹਿਰ ਦੇ ਕਈ ਮੁੱਖ ਚੌਕਾਂ 'ਤੇ ਟ੍ਰੈਫਿਕ ਸਿਗਨਲ ਜਾਂ ਤਾਂ ਪੂਰੀ ਤਰ੍ਹਾਂ ਬੰਦ ਹਨ ਜਾਂ ਫਿਰ ਅੱਧੇ-ਅੱਧੂਰੇ ਤਰੀਕੇ ਨਾਲ ਚੱਲ ਰਹੇ ਹਨ। ਇਸ ਦਾ ਸਭ ਤੋਂ ਵੱਡਾ ਨੁਕਸਾਨ ਆਮ ਵਾਹਨ ਚਾਲਕਾਂ ਨੂੰ ਹੋ ਰਿਹਾ ਹੈ, ਜੋ ਹਰ ਦਿਨ ਇਸ ਦੁਚਿੱਤੀ ਵਿਚ ਰਹਿੰਦੇ ਹਨ ਕਿ ਸਿਗਨਲ ਬੰਦ ਹੋਣ 'ਤੇ ਰੁਕਣਾ ਹੈ ਜਾਂ ਅੱਗੇ ਵਧਣਾ ਹੈ। ਬੀਐੱਮਸੀ ਚੌਕ, ਭਗਵਾਨ ਵਾਲਮੀਕਿ ਚੌਕ, ਪਠਾਨਕੋਟ ਚੌਕ, ਵਰਕਸ਼ਾਪ ਚੌਕ, ਮਕਸੂਦਾਂ ਖੇਤਰ ਤੇ ਸ਼ਹਿਰ ਦੇ ਹੋਰ ਮਸਰੂਫ ਰਸਤਿਆਂ 'ਤੇ ਕਈ ਵਾਰ ਟ੍ਰੈਫਿਕ ਲਾਈਟਾਂ ਲੱਗੀਆਂ ਹਨ, ਜੋ ਕਈ ਵਾਰ ਖਰਾਬ ਰਹਿੰਦੀਆਂ ਹਨ, ਜਿਸ ਨਾਲ ਪਰੇਸ਼ਾਨੀ ਵਧਦੀ ਹੈ। ਮੀਂਹ, ਹਨੇਰੀ ਤੇ ਤੂਫਾਨ ਮਗਰੋਂ ਸਥਿਤੀ ਹੋਰ ਵੀ ਖਰਾਬ ਹੋ ਜਾਂਦੀ ਹੈ। ਇਸ ਸਥਿਤੀ ’ਚ ਜਾਮ, ਹਾਦਸਾ ਤੇ ਸ਼ਬਦੀ ਜੰਗ-ਝਗੜੇ ਦੀਆਂ ਘਟਨਾਵਾਂ ਵਧਣ ਲੱਗਦੀਆਂ ਹਨ।
---
ਡਰ ਚਾਲਾਨ ਦਾ ਹੈ ਪਰ ਸਿਗਨਲ ਖਰਾਬ
ਮਾਡਲ ਟਾਊਨ ਦੇ ਰਹਿਣ ਵਾਲੇ ਕਾਰੋਬਾਰੀ ਰਾਜੀਵ ਸ਼ਰਮਾ ਕਹਿੰਦੇ ਹਨ ਕਿ ਈ-ਚਾਲਾਨ ਦਾ ਡਰ ਤਾਂ ਹੈ ਪਰ ਜਦੋਂ ਲਾਲ ਬੱਤੀ ਹੀ ਬੰਦ ਹੋਵੇ ਤਾਂ ਸਮਝ ਨਹੀਂ ਆਉਂਦਾ ਕਿ ਅੱਗੇ ਵਧਣਾ ਹੈ ਜਾਂ ਰੁਕਣਾ ਹੈ। ਪਿੱਛੇ ਤੋਂ ਹਾਰਨ ਵੱਜਣ ਲੱਗਦੇ ਹਨ ਤੇ ਚੌਕ 'ਤੇ ਹਫੜਾ-ਦਫੜੀ ਮਚ ਜਾਂਦੀ ਹੈ।
ਕਈ ਚੌਕਾਂ ’ਚੋਂ ਰੋਜ਼ਾਨਾ ਲੰਘਣ ਵਾਲੀ ਨਿੱਜੀ ਕੰਪਨੀ ’ਚ ਕੰਮ ਕਰਨ ਵਾਲੀ ਰਸ਼ਮੀ ਅਰੋੜਾ ਕਹਿੰਦੀ ਹਨ ਕਿ ਸਵੇਰੇ ਦਫਤਰ ਦੇ ਸਮੇਂ ਕਈ ਚੌਕਾਂ ’ਚ ਟ੍ਰੈਫਿਕ ਸਿਗਨਲ ਬੰਦ ਹੋਣ 'ਤੇ 10-15 ਮਿੰਟ ਤੱਕ ਜਾਮ ’ਚ ਫਸਣਾ ਆਮ ਗੱਲ ਬਣ ਗਈ ਹੈ।
ਆਟੋ ਚਾਲਕ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਟ੍ਰੈਫਿਕ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਹੁੰਦੇ, ਉਥੇ ਲੋਕ ਆਪਣੀ ਮਰਜ਼ੀ ਨਾਲ ਵਾਹਨ ਕੱਢਦੇ ਹਨ, ਜਿਸ ਨਾਲ ਕਈ ਵਾਰ ਹਾਦਸੇ ਹੋਣ ਤੋਂ ਬਚਦੇ ਹਨ।
---
ਈ-ਚਾਲਾਨ ਪ੍ਰਣਾਲੀ ਪੂਰੀ ਤਰ੍ਹਾਂ ਸਰਗਰਮ
ਪਿਛਲੇ ਸਾਲ ਸਤੰਬਰ ’ਚ ਜਲੰਧਰ ਵਿਚ 42 ਕਰੋੜ ਰੁਪਏ ਦੀ ਲਾਗਤ ਨਾਲ ਆਈਟੀਐੱਮਐੱਸ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਇਸ ਤਹਿਤ ਸ਼ਹਿਰ ਦੇ 13 ਮੁੱਖ ਚੌਕਾਂ ’ਚ 142 ਹਾਈ-ਰਿਜ਼ੋਲਿਊਸ਼ਨ ਕੈਮਰੇ ਲਾਏ ਗਏ ਹਨ। ਇਨ੍ਹਾਂ ਵਿਚ ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ ਕੈਮਰੇ, ਆਟੋਮੈਟਿਕ ਨੰਬਰ ਪਲੇਟ ਰਿਕਗਨਿਸ਼ਨ ਕੈਮਰੇ ਤੇ ਸਪੀਡ ਮਾਨੀਟਰਿੰਗ ਸਿਸਟਮ ਸ਼ਾਮਲ ਹਨ। ਟ੍ਰੈਫਿਕ ਪੁਲਿਸ ਦੇ ਅੰਕੜਿਆਂ ਅਨੁਸਾਰ ਸਿਸਟਮ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ 8 ਘੰਟਿਆਂ ਵਿਚ 3,768 ਟ੍ਰੈਫਿਕ ਉਲੰਘਣਾ ਦਰਜ ਕੀਤੀਆਂ ਗਈਆਂ ਸਨ। ਅਕਤੂਬਰ 2025 ਤੋਂ ਨਿਯਮਤ ਈ-ਚਾਲਾਨ ਸ਼ੁਰੂ ਹੋਣ ਮਗਰੋਂ ਪ੍ਰਤੀ ਦਿਨ ਔਸਤ ਕਰੀਬ 200 ਈ-ਚਾਲਾਨ ਜਾਰੀ ਕੀਤੇ ਜਾ ਰਹੇ ਹਨ।
---
ਟ੍ਰੈਫਿਕ ਪੁਲਿਸ ਨੇ ਕਈ ਵਾਰ ਲਿਖੀਆਂ ਚਿੱਠੀਆਂ
ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਨੂੰ ਕਈ ਵਾਰ ਲਿਖਤੀ ਰੂਪ ’ਚ ਟ੍ਰੈਫਿਕ ਸਿਗਨਲਾਂ ਦੀ ਖਰਾਬ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ 'ਤੇ ਮੀਂਹ-ਹਨੇਰੀ ਮਗਰੋਂ ਕਈ ਟ੍ਰੈਫਿਕ ਸਿਗਨਲ ਪ੍ਰਭਾਵਿਤ ਹੋ ਜਾਂਦੇ ਹਨ ਪਰ ਉਨ੍ਹਾਂ ਦੀ ਮੁਰੰਮਤ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਕਿਹਾ, "ਉਹ ਲਗਾਤਾਰ ਨਗਰ ਨਿਗਮ ਦੇ ਸੰਪਰਕ ਵਿਚ ਹਾਂ। ਟ੍ਰੈਫਿਕ ਸਿਗਨਲਾਂ ਨੂੰ ਜਲਦੀ ਦਰੁਸਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਸ ਨਾਲ ਟ੍ਰੈਫਿਕ ਮੈਨੇਜਮੈਂਟ ਪ੍ਰਭਾਵਿਤ ਹੁੰਦਾ ਹੈ।"
---
ਨਵਾਂ ਸਮਾਰਟ ਸਿਸਟਮ ਲਿਆਉਣ ਦੀ ਤਿਆਰੀ ’ਚ ਨਗਰ ਨਿਗਮ
ਨਗਰ ਨਿਗਮ ਦੇ ਏਸੀ ਜਸਪਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਟ੍ਰੈਫਿਕ ਲਾਈਟ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਅਪਗਰੇਡ ਕਰਨ ਦੀ ਤਿਆਰੀ ਚੱਲ ਰਹੀ ਹੈ। ਪੁਰਾਣੇ ਸਿਗਨਲਾਂ ਨੂੰ ਪੜਾਅਵਾਰ ਤਰੀਕੇ ਨਾਲ ਨਵੇਂ ਸਮਾਰਟ ਟ੍ਰੈਫਿਕ ਸਿਸਟਮ ਨਾਲ ਜੋੜਿਆ ਜਾਵੇਗਾ। ਇਸ ’ਚ ਰਿਮੋਟ ਮਾਨੀਟਰਿੰਗ, ਆਟੋਮੈਟਿਕ ਫਾਲਟ ਡਿਟੈਕਸ਼ਨ ਅਤੇ ਬੈਕਅਪ ਪਾਵਰ ਸਿਸਟਮ ਵਰਗੀਆਂ ਸਹੂਲਤਾਂ ਹੋਣਗੀਆਂ, ਜਿਸ ਨਾਲ ਕਿਸੇ ਵੀ ਖਰਾਬੀ ਨੂੰ ਤੁਰੰਤ ਠੀਕ ਕੀਤਾ ਜਾ ਸਕੇਗਾ।
---
ਸਿਰਫ ਈ-ਚਾਲਾਨ ਪ੍ਰਣਾਲੀ ਲਾਗੂ ਕਰਨ ਨਾਲ ਟ੍ਰੈਫਿਕ ਪ੍ਰਬੰਧਾਂ ’ਚ ਸੁਧਾਰ ਨਹੀਂ ਹੋਵੇਗਾ। ਇਸ ਲਈ ਟ੍ਰੈਫਿਕ ਸਿਗਨਲ, ਸੜਕ ਸੰਕੇਤ, ਪੁਲਿਸ ਬਲ ਤੇ ਤਕਨੀਕੀ ਸਿਸਟਮ ਦਾ ਇਕੱਠਿਆਂ ਚੰਗੇ ਤਰੀਕੇ ਨਾਲ ਕੰਮ ਕਰਨਾ ਜ਼ਰੂਰੀ ਹੈ। ਜਦੋਂ ਸ਼ਹਿਰ ਵਿਚ ਈ-ਚਾਲਾਨ ਪ੍ਰਣਾਲੀ ਪੂਰੀ ਸਮਰੱਥਾ ਨਾਲ ਕੰਮ ਕਰ ਸਕਦੀ ਹੈ ਤਾਂ ਟ੍ਰੈਫਿਕ ਸਿਗਨਲ ਪ੍ਰਬੰਧਾਂ ਨੂੰ ਸੁਚਾਰੂ ਰੱਖਣ ਵਿਚ ਇੰਨੀ ਦੇਰੀ ਕਿਉਂ ਹੋ ਰਹੀ ਹੈ? ਕਿਉਂਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਉਦੋਂ ਹੀ ਸੰਭਵ ਹੈ, ਜਦੋਂ ਟ੍ਰੈਫਿਕ ਪ੍ਰਬੰਧਾਂ ਖ਼ੁਦ ਸਹੀ ਢੰਗ ਦਾ ਕੰਮ ਕਰ ਰਹੇ ਹੋਣ। ਇਸ ਮਸਲੇ ਨੂੰ ਬੈਠਕ ’ਚ ਉਠਾਇਆ ਜਾ ਚੁੱਕਾ ਹੈ ਪਰ ਹਾਲੇ ਤੱਕ ਇਸ ਮਸਲੇ ਦਾ ਨਿਗਮ ਵੱਲੋਂ ਕੋਈ ਹੱਲ ਨਹੀਂ ਹੋਇਆ।
ਸੁਰਿੰਦਰ ਸੈਣੀ, ਰੋਡ ਸੇਫਟੀ ਕਮੇਟੀ ਦੇ ਮੈਂਬਰ