- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਆਬੇ ਵਿਚੋਂ ਦੇਸ਼ ਨੂੰ ਕੇਂਦਰ ਵਿਚ ਆਈਕੇ ਗੁਜ਼ਰਾਲ ਪ੍ਰਧਾਨ ਮੰਤਰੀ, ਸਵਰਨ ਸਿੰਘ ਰੱਖਿਆ ਅਤੇ ਵਿਦੇਸ਼ ਮੰਤਰੀ, ਬੂਟਾ ਸਿੰਘ ਗ੍ਰਹਿ ਅਤੇ ਰੇਲ ਮੰਤਰੀ, ਪੰਜਾਬ ਸਰਕਾਰ ਵਿਚ ਦਰਬਾਰਾ ਸਿੰਘ ਅਤੇ ਬੇਅੰਤ ਸਿੰਘ ਮੁੱਖ ਮੰਤਰੀ, ਦਰਬਾਰਾ ਸਿੰਘ ਗਵਰਨਰ ਅਤੇ ਇਕਬਾਲ ਸਿੰਘ ਲੈਫਟੀਨੈਂਟ ਗਵਰਨਰ ਮਿਲੇ ਹਨ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਖੇਤਰ ਦੇਸ਼ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਸ਼ੁਰੂ ਤੋਂ ਹੀ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ। ਦੋਆਬੇ ਵਿਚੋਂ ਦੇਸ਼ ਨੂੰ ਕੇਂਦਰ ਵਿਚ ਆਈਕੇ ਗੁਜ਼ਰਾਲ ਪ੍ਰਧਾਨ ਮੰਤਰੀ, ਸਵਰਨ ਸਿੰਘ ਰੱਖਿਆ ਅਤੇ ਵਿਦੇਸ਼ ਮੰਤਰੀ, ਬੂਟਾ ਸਿੰਘ ਗ੍ਰਹਿ ਅਤੇ ਰੇਲ ਮੰਤਰੀ, ਪੰਜਾਬ ਸਰਕਾਰ ਵਿਚ ਦਰਬਾਰਾ ਸਿੰਘ ਅਤੇ ਬੇਅੰਤ ਸਿੰਘ ਮੁੱਖ ਮੰਤਰੀ, ਦਰਬਾਰਾ ਸਿੰਘ ਗਵਰਨਰ ਅਤੇ ਇਕਬਾਲ ਸਿੰਘ ਲੈਫਟੀਨੈਂਟ ਗਵਰਨਰ ਮਿਲੇ ਹਨ। ਇਸ ਤੋਂ ਇਲਾਵਾ ਦੋਆਬਾ ਖਿੱਤੇ ਵਿਚੋਂ ਵੱਖੋ-ਵੱਖਰੀਆਂ ਸਰਕਾਰਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਚੁਣੇ ਹੋਏ ਨੁਮਾਇੰਦੇ, ਜਿਨ੍ਹਾਂ ਵਿਚ ਸਪੀਕਰ ਤੋਂ ਲੈ ਕੇ ਅਹਿਮ ਮਹਿਕਮਿਆਂ ਦੇ ਮੰਤਰੀਆਂ ਨੇ ਦੋਆਬੇ ਨੂੰ ਪੰਜਾਬ ਭਰ ਵਿੱਚ ਅਹਿਮੀਅਤ ਦਿਵਾਈ ਹੈ। ਕਾਂਗਰਸ ਪਾਰਟੀ ਵਿਚ ਦੋਆਬੇ ਖੇਤਰ ਦਾ ਲੰਮਾ ਸਮਾਂ ਦਬਦਬਾ ਬਣਿਆ ਰਿਹਾ ਹੈ। ਇਸ ਦੇ ਨਾਲ-ਨਾਲ ਅਕਾਲੀ ਦਲ-ਭਾਜਪਾ ਗਠਜੋੜ ਨੇ ਦੋਆਬਾ ਖੇਤਰ ਵਿੱਚ ਆਪਣੀ ਪਕੜ ਮਜਬੂਤ ਬਣਾ ਲਈ। ਇਥੋਂ ਤੱਕ ਕਿ 1992 ਵਿੱਚ ਬਹੁਜਨ ਸਮਾਜ ਪਾਰਟੀ (ਬੀਐਸਪੀ) ਨੇ ਇਸ ਖਿੱਤੇ ਵਿਚੋਂ ਵਧੇਰੇ ਸੀਟਾਂ ਜਿੱਤ ਕੇ ਪੰਜਾਬ ਦੀ ਅਸੈਂਬਲੀ ਵਿੱਚ ਵਿਰੋਧੀ ਧਿਰ ਵਜੋਂ ਆਪਣੀ ਅਹਿਮੀਅਤ ਦਰਜ ਕਰਵਾਈ। ਇਸ ਖੇਤਰ ਨਾਲ ਸਬੰਧਿਤ ਅਕਾਲੀ ਦਲ ਦੇ ਆਗੂਆਂ ਦੀ ਗੱਲ ਕਰੀਏ ਤਾਂ ਦੋਆਬੇ ਨੇ ਗਿਆਨੀ ਕਰਤਾਰ ਸਿੰਘ, ਆਤਮਾ ਸਿੰਘ, ਬਲਵੰਤ ਸਿੰਘ, ਡਾ. ਜਗਜੀਤ ਸਿੰਘ, ਅਮਰ ਸਿੰਘ ਦੋਸਾਂਝ, ਸੋਹਣ ਸਿੰਘ ਠੰਡਲ, ਵਰਿੰਦਰ ਸਿੰਘ ਬਾਜਵਾ, ਦਵਿੰਦਰ ਸਿੰਘ ਬਾਜਵਾ, ਕੁਲਦੀਪ ਸਿੰਘ ਵਡਾਲਾ, ਸੁਰਜੀਤ ਸਿੰਘ ਮਿਨਹਾਸ, ਸੁਖਜਿੰਦਰ ਸਿੰਘ, ਬੀਬੀ ਜਗੀਰ ਕੌਰ, ਜਥੇਦਾਰ ਕਾਬਲ ਸਿੰਘ, ਸਰਵਨ ਸਿੰਘ ਫਿਲੌਰ, ਅਜੀਤ ਸਿੰਘ ਕੋਹਾੜ, ਬੀਬੀ ਉਪਿੰਦਰਜੀਤ ਕੌਰ ਆਦਿ ਵਰਗੇ ਕੱਦਾਵਰ ਆਗੂ ਪੈਦਾ ਕੀਤੇ ਹਨ। ਦੋਆਬੇ ਨੂੰ ਐਸ.ਸੀ. ਭਾਈਚਾਰੇ ਦੀ ਬਹੁਗਿਣਤੀ ਆਬਾਦੀ ਵਾਲਾ ਖੇਤਰ ਮੰਨਿਆ ਜਾਂਦਾ ਹੈ। ਜੇਕਰ ਅਕਾਲੀ ਸਿਆਸਤ ਵਿਚਲੇ ਐਸ.ਸੀ. ਭਾਈਚਾਰੇ ਦੀ ਸ਼ਮੂਲੀਅਤ ਦੀ ਨਿਰਪੱਖ ਪੜਚੋਲ ਕੀਤੀ ਜਾਵੇ ਤਾਂ ਇਸ ਭਾਈਚਾਰੇ ਪ੍ਰਤੀ ਅਕਾਲੀ ਦਲ ਦਾ ਵਤੀਰਾ ਉਸਾਰੂ ਸੋਚ ਵਾਲਾ ਨਹੀਂ ਰਿਹਾ, ਜਿਸ ਦੀ ਵੱਡੀ ਮਿਸਾਲ ਬਹੁਤ ਸੀਨੀਅਰ ਵਿਧਾਨਕਾਰ ਸਰਵਨ ਸਿੰਘ ਫਿਲੌਰ ਨੂੰ ਇੱਕ ਬਹਾਨਾ ਬਣਾ ਕੇ ਮੰਤਰੀ ਮੰਡਲ ਵਿਚੋਂ ਵੱਖ ਕੀਤਾ ਅਤੇ ਬੀਬੀ ਮਹਿੰਦਰ ਕੌਰ ਜੋਸ਼ ਜੋ ਕਿ ਦੋਆਬੇ ਦੀ ਇੱਕੋ-ਇੱਕ ਐਸ.ਸੀ. ਔਰਤ ਵਿਧਾਨਕਾਰ ਹੋਣ ਦੇ ਬਾਵਜੂਦ ਉਸ ਨੂੰ ਦੂਜੀ ਵਾਰ ਮੰਤਰੀ ਮੰਡਲ ਵਿੱਚ ਸ਼ਾਮਿਲ ਨਹੀਂ ਕੀਤਾ। ਦੋਆਬੇ ਦੇ ਟਕਸਾਲੀ ਐਸ.ਸੀ. ਆਗੂ ਅਤੇ ਵਰਕਰ ਅਕਾਲੀ ਦਲ ਪ੍ਰਤੀ ਉਦੋਂ ਤੋਂ ਵਧੇਰੇ ਬੇਗਾਨਗੀ ਦੇ ਅਹਿਸਾਸ ਵਿਚ ਹਨ, ਜਦੋਂ ਦੁਆਬੇ ਦੇ ਤਿੰਨ ਹਲਕਿਆਂ ਫਿਲੌਰ, ਆਦਮਪੁਰ ਅਤੇ ਬੰਗਾ ਦੀਆਂ ਰਾਖਵੀਆਂ ਸੀਟਾਂ ਉੱਪਰ ਇਲਾਕੇ ਦੇ ਟਕਸਾਲੀ ਆਗੂਆਂ ਨੂੰ ਦਰਕਿਨਾਰ ਕਰਕੇ ਬਸਪਾ ਦੇ ਆਗੂਆਂ ਨੂੰ ਇਨ੍ਹਾਂ ਹਲਕਿਆਂ ਵਿੱਚ ਐਮ.ਐਲ.ਏ. ਵਜੋਂ ਉਤਾਰਿਆ। ਇਹ ਅਕਾਲੀ ਦਲ ਦੀ ਦੂਰ-ਅੰਦੇਸ਼ੀ ਦਾ ਮਾੜਾ ਪ੍ਰਭਾਵ ਹੀ ਸੀ ਕਿ ਇਨ੍ਹਾਂ ਵਿਚੋਂ ਬੰਗਾ ਦੇ ਮੌਜੂਦਾ ਵਿਧਾਨਕਾਰ ਡਾ. ਸੁਖਵਿੰਦਰ ਸੁਖੀ ਅਤੇ ਆਦਮਪੁਰ ਦੇ ਸਾਬਕਾ ਵਿਧਾਨਕਾਰ ਪਵਨ ਕੁਮਾਰ ਟੀਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ (ਆਪ) ਵਿਚ ਚਲੇ ਗਏ। ਹੁਣ ਜਦੋਂ 2027 ਦੀਆਂ ਅਸੈਂਬਲੀ ਚੋਣਾਂ ਇੱਕ ਤਰ੍ਹਾਂ ਬਹੁਤ ਨੇੜੇ ਹਨ ਤਾਂ ਉਦੋਂ ਇੱਕ ਪਾਸਿਓਂ ਅਕਾਲੀ ਦਲ ਦੀਆਂ ਭਾਜਪਾ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਚੱਲ ਰਹੀਆਂ ਹਨ ਪਰ ਇਸ ਗਠਜੋੜ ਦੀ ਸਥਿਤੀ 1997 ਵੇਲਿਆਂ ਵਾਲੀ ਨਹੀਂ ਜਾਪਦੀ, ਕਿਉਂਕਿ ਅਕਾਲੀ ਦਲ ਦਾ ਇੱਕ ਵੱਡਾ ਹਿੱਸਾ ਪੁਨਰ ਸੁਰਜੀਤ ਅਕਾਲੀ ਦਲ ਦੇ ਨਾਮ ਨਾਲ ਹੋਂਦ ਵਿਚ ਆ ਚੁੱਕਾ ਹੈ। ਦੁਆਬੇ ਦੇ ਕੁੱਲ ਅੱਠ ਰਿਜ਼ਰਵ ਵਿਧਾਨਸਭਾ ਹਲਕਿਆਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਤੱਕ ਚਾਰ ਹਲਕਿਆਂ ਦੇ ਹੀ ਹਲਕਾ ਇੰਚਾਰਜ ਥਾਪੇ ਹਨ, ਜਿਨ੍ਹਾਂ ਵਿਚ ਸ਼ਾਮਚੁਰਾਸੀ ਤੋਂ ਸੰਦੀਪ ਸਿੰਘ ਸੀਕਰੀ, ਚੱਬੇਵਾਲ ਤੋਂ ਹਰਮਿੰਦਰ ਸਿੰਘ ਸੰਧੂ, ਕਰਤਾਰਪੁਰ ਤੋਂ ਮਹਿੰਦਰ ਸਿੰਘ ਕੇਪੀ, ਫਿਲੌਰ ਤੋਂ ਬਲਦੇਵ ਸਿੰਘ ਖਹਿਰਾ ਹਨ। ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਆਪਣੇ ਨਿਰਧਾਰਿਤ ਉਮੀਦਵਾਰ ਪ੍ਰਤੀ ਪਹੁੰਚ ਨਾਕਾਰਾਤਮਕ ਰਹੀ। ਇਹ ਅਕਾਲੀ ਦਲ ਦੀ ਸਿਆਸੀ ਤ੍ਰਾਸਦੀ ਹੀ ਹੈ ਕਿ ਦੁਆਬੇ ਦੇ ਅਕਾਲੀ ਪ੍ਰਭਾਵ ਵਾਲੇ ਮੰਨੇ ਜਾਂਦੇ ਤਿੰਨ ਹਲਕਿਆਂ ਆਦਮਪੁਰ, ਫਗਵਾੜਾ ਅਤੇ ਬੰਗਾ ਦੇ ਹਾਲਾਂ ਤੱਕ ਹਲਕਾ ਇੰਚਾਰਜ ਹੀ ਨਹੀਂ ਲਗਾਏ ਗਏ, ਜਦੋਂ ਕਿ ਆਦਮਪੁਰ ਅਤੇ ਬੰਗਾ ਦੋਹਾਂ ਹਲਕਿਆਂ ਵਿੱਚ ਅਕਾਲੀ ਦਲ ਹੁਣ ਤੱਕ ਚਾਰ-ਚਾਰ ਵਾਰ ਚੋਣ ਜਿੱਤ ਚੁੱਕਿਆ ਹੈ ਅਤੇ ਫਗਵਾੜਾ ਹਲਕੇ ਵਿੱਚ ਅਕਾਲੀ ਦਲ ਨਾਲ ਗਠਜੋੜ ਕਾਰਨ ਚਾਰ ਵਾਰੀ ਭਾਜਪਾ ਜਿੱਤ ਚੁੱਕੀ ਹੈ।
ਬੰਗਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਰਾਹੀਂ ਦੋ ਵਾਰ ਬਣੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਆਪ ਵਿਚ ਜਾਣ ਕਰਕੇ ਇਸ ਹਲਕੇ ਵਿਚ ਅਕਾਲੀ ਦਲ ਦਾ ਕੋਈ ਵਾਲੀ ਵਾਰਿਸ ਨਹੀਂ ਹੈ। ਇਹੀ ਹਾਲਤ ਆਦਮਪੁਰ ਹਲਕੇ ਦੀ ਹੈ। ਜੇਕਰ ਅਕਾਲੀ ਦਲ ਇਨ੍ਹਾਂ ਰਿਜ਼ਰਵ ਹਲਕਿਆਂ ਪ੍ਰਤੀ ਸੰਜੀਦਾ ਹੁੰਦਾ ਤਾਂ ਇਹਨਾਂ ਹਲਕਿਆਂ ਵਿੱਚ ਅਜਿਹੇ ਅਕਾਲੀ ਪਿਛੋਕੜ ਵਾਲੇ ਵਰਕਰ ਮੌਜੂਦ ਹਨ, ਜਿਹੜੇ ਵਿਰੋਧੀਆਂ ਨੂੰ ਤਕੜੀ ਟੱਕਰ ਦੇਣ ਦੇ ਸਮਰੱਥ ਹਨ। ਮਿਸਾਲ ਵਜੋਂ ਬੰਗਾ ਹਲਕੇ ਤੋਂ ਚੌਧਰੀ ਮੋਹਨ ਲਾਲ ਵਿਧਾਨਕਾਰ ਰਹਿ ਚੁੱਕੇ ਹਨ, ਜਿਨ੍ਹਾਂ ਦਾ ਆਪਣਾ ਇੱਕ ਸਿਆਸੀ ਪਰਿਵਾਰਕ ਪਿਛੋਕੜ ਹੈ। ਉਨ੍ਹਾਂ ਦੇ ਪਿਤਾ ਚੌਧਰੀ ਸਵਰਨਾ ਰਾਮ ਫਗਵਾੜਾ ਹਲਕੇ ਤੋਂ ਵਜ਼ੀਰ ਰਹੇ ਹਨ। ਇਸ ਕਰਕੇ ਉਹ ਬੰਗਾ ਅਤੇ ਫਗਵਾੜਾ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਉਮੀਦਵਾਰਾਂ ਨੂੰ ਚੁਣੌਤੀ ਦੇ ਸਕਦੇ ਹਨ। ਪ੍ਰੋ. ਹਰਬੰਸ ਸਿੰਘ ਬੋਲੀਨਾ ਦੇ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਇਕ ਸਦੀ ਤੋਂ ਵੀ ਵੱਧ ਸਮੇਂ ਦਾ ਸੰਘਰਸ਼ੀ ਅਤੇ ਕੁਰਬਾਨੀ ਵਾਲਾ ਨਾਤਾ ਹੈ। ਪ੍ਰੋ. ਬੋਲੀਨਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵਿੱਚ ਵੱਡੀਆਂ ਜਿੰਮੇਵਾਰੀਆਂ ਵੀ ਨਿਭਾਈਆਂ ਹਨ। ਆਪਣੇ ਸਾਫ-ਸੁਥਰੇ ਅਕਸ਼ ਕਰਕੇ ਇਨ੍ਹਾਂ ਦਾ ਪੰਜਾਬ ਦੀਆਂ ਸਮੂਹ ਸੰਤ ਸੰਪਰਦਾਵਾਂ ਅਤੇ ਅਕਾਦਮਿਕ ਖੇਤਰ ਵਿਚ ਵੀ ਕਾਫੀ ਸਤਿਕਾਰ ਹੈ। ਜੇਕਰ ਅਕਾਲੀ ਦਲ ਉਨ੍ਹਾਂ ਨੂੰ ਆਦਮਪੁਰ ਜਾਂ ਬੰਗਾ ਹਲਕੇ ਤੋਂ ਹਲਕਾ ਇੰਚਾਰਜ ਲਗਾਉਂਦਾ ਹੈ ਤਾਂ ਸਿਆਸੀ ਸਮੀਕਰਨ ਬਦਲ ਸਕਦੇ ਹਨ।
ਫਗਵਾੜਾ ਹਲਕੇ ਵਿਚ ਠੇਕੇਦਾਰ ਬਲਜਿੰਦਰ ਸਿੰਘ ਕੋਲ ਪਿਤਾ ਪੁਰਖੀ ਅਕਾਲੀ ਵਿਰਾਸਤ ਹੈ। ਉਨ੍ਹਾਂ ਦੇ ਪਿਤਾ ਠੇਕੇਦਾਰ ਕਰਮ ਸਿੰਘ ਦਾ ਫਗਵਾੜੇ ਦੀ ਅਕਾਲੀ ਸਿਆਸਤ ਵਿਚ ਵੱਡਾ ਯੋਗਦਾਨ ਰਿਹਾ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਫਗਵਾੜੇ ਤੋਂ ਉਨ੍ਹਾਂ ਨੂੰ ਹਲਕਾ ਇੰਚਾਰਜ ਥਾਪਦਾ ਹੈ ਤਾਂ ਉਹ ਆਪਣੀ ਅਕਾਲੀ ਵਿਰਾਸਤ ਅਤੇ ਦੋ ਵਾਰ ਅਕਾਲੀ ਕੌਂਸਲਰ ਚੁਣੇ ਜਾਣ ਕਰਕੇ ਵਿਰੋਧੀਆਂ ਨੂੰ ਤਕੜੀ ਟੱਕਰ ਦੇ ਸਕਦੇ ਹਨ। ਫਗਵਾੜਾ ਹਲਕੇ ਲਈ ਦੂਜਾ ਵੱਡਾ ਚਰਚਿਤ ਨਾਮ ਬੀਬੀ ਸਰਬਜੀਤ ਕੌਰ ਦਾ ਹੈ, ਜਿਨ੍ਹਾਂ ਨੇ ਫਗਵਾੜਾ ਨਗਰ ਕੌਂਸਲ ਵਿਚ ਤਿੰਨ ਵਾਰ ਕੌਂਸਲਰ ਬਣ ਕੇ ਆਪਣੀ ਸਿਆਸੀ ਸੂਝ-ਬੂਝ ਨਾਲ ਆਪਣੀ ਪਕੜ ਬਣਾਈ ਹੈ। ਜੇਕਰ ਅਕਾਲੀ ਦਲ ਉਨ੍ਹਾਂ ਨੂੰ ਫਗਵਾੜੇ ਤੋਂ ਹਲਕਾ ਇੰਚਾਰਜ ਲਗਾਉਂਦਾ ਹੈ ਤਾਂ ਉਹ ਦੋਆਬੇ ਦੇ ਰਾਖਵੇਂ ਹਲਕਿਆਂ ਵਿਚ ਇਕੋ-ਇਕ ਔਰਤ ਹਲਕਾ ਇੰਚਾਰਜ ਹੋਣਗੇ, ਜਿਸ ਦਾ ਬਾਕੀ ਹਲਕਿਆਂ ਵਿਚ ਚੰਗਾ ਪ੍ਰਭਾਵ ਪੈ ਸਕਦਾ ਹੈ। ਆਪਣੀ ਸਿਆਸੀ ਸਿਆਣਪ ਅਤੇ ਆਪਣੇ ਮਿਲਾਪੜੇ ਸੁਭਾਅ ਕਰਕੇ ਉਹ ਵਿਰੋਧੀ ਪਾਰਟੀਆਂ ਲਈ ਇਕ ਚੁਣੌਤੀ ਵੀ ਬਣ ਸਕਦੀ ਹੈ। ਜ਼ਿਕਰਯੋਗ ਹੈ ਕਿ ਪੁਨਰ ਸੁਰਜੀਤ ਅਕਾਲੀ ਦਲ ਨੇ ਜਰਨੈਲ ਸਿੰਘ ਗੜਦੀਵਾਲਾ ਨੂੰ ਆਦਮਪੁਰ ਤੋਂ ਆਪਣਾ ਹਲਕਾ ਇੰਚਾਰਜ ਐਲਾਨ ਦਿੱਤਾ ਹੈ। ਹੋ ਸਕਦਾ ਹੈ ਕਿ ਉਹ ਬੰਗਾ ਅਤੇ ਫਗਵਾੜਾ ਦੇ ਹਲਕਿਆਂ ਤੋਂ ਵੀ ਆਪਣੇ ਹਲਕਾ ਇੰਚਾਰਜਾਂ ਦੇ ਨਾਵਾਂ ਦਾ ਜਲਦੀ ਐਲਾਨ ਕਰ ਦੇਵੇ। ਆਪਣੇ ਹਲਕਾ ਇੰਚਾਰਜਾਂ ਦੇ ਨਾਵਾਂ ਦੀ ਕੀਤੀ ਜਾ ਰਹੀ ਦੇਰੀ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਸਮੱਸਿਆ ਬਣ ਸਕਦੀ ਹੈ।